ਕਰਵਾਚੌਥ ਦੀਆਂ ਤਿਆਰੀਆਂ ’ਚ ਜੁੱਟੀਆਂ ਔਰਤਾਂ, ਬਾਜ਼ਾਰਾਂ ’ਚ ਲੱਗੀਆਂ ਖੂਬ ਰੌਣਕਾਂ

Friday, Oct 18, 2024 - 01:38 PM (IST)

ਮਾਨਸਾ (ਮਨਜੀਤ ਕੌਰ) : ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਕਰਵਾਚੌਥ ਦਾ ਵਰਤ ਅੱਜ ਵੀ ਕਾਇਮ ਹੈ। ਇਸ ਤਿਉਹਾਰ ਨੂੰ ਲੈ ਕੇ ਨਵ ਵਿਆਹੀਆਂ ਕੁੜੀਆਂ, ਔਰਤਾਂ ’ਚ ਭਾਰੀ ਉਤਸ਼ਾਹ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਆਰੀਆਂ ਕੁੜੀਆਂ ਵੀ ਆਪਣੇ ਭਵਿੱਖ ਦੇ ਸੁੱਖ ਲਈ ਬੜੇ ਉਤਸ਼ਾਹ ਨਾਲ ਇਹ ਵਰਤ ਰੱਖਦੀਆਂ ਹਨ। ਕਰਵਾਚੌਥ ’ਤੇ ਸੁੰਦਰ ਦਿਖਣ ਲਈ ਅੱਜ-ਕੱਲ ਨਾ ਸਿਰਫ ਔਰਤਾਂ, ਸਗੋਂ ਨੌਜਵਾਨ ਕੁੜੀਆਂ ਵੀ ਖ਼ਾਸ ਅੰਦਾਜ਼ ਵਿਚ ਸਜ ਸੰਵਰ ਰਹੀਆਂ ਹਨ। ਬਿਊਟੀ ਪਾਰਲਰ ਹੋਵੇ ਜਾਂ ਫਿਰ ਬਾਜ਼ਾਰ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਸ਼ਹਿਰ ਵਿਚ ਬਿਊਟੀ ਪਾਰਲਰ ’ਤੇ ਔਰਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਉੱਧਰ ਫੇਸ਼ੀਅਲ, ਬਲੀਚ, ਕਲਰਿੰਗ, ਥਰੈਡਿੰਗ, ਵੈਕਸਿੰਗ ਅਤੇ ਹੱਥ ਵਿਚ ਮਹਿੰਦੀ ਰਚਾਉਣ ਅਤੇ ਸਾਜ ਸ਼ਿੰਗਾਰ ਲਈ ਬਿਊਟੀ ਪਾਰਲਰ ਔਰਤਾਂ, ਕੁੜੀਆਂ ਦਾ ਰੂਪ ਨਿਖਾਰਨ ਲਈ ਹਰ ਸਮੇਂ ਤਿਆਰ ਹੈ। ਸ਼ਿੰਗਾਰ ਲਈ ਸ਼ਹਿਰ ਵਿਚ ਬਿਊਟੀ ਪਾਰਲਰਾਂ ਵਿਚ ਐਡਵਾਂਸ ਬੁਕਿੰਗ ਦਾ ਦੌਰ ਚੱਲ ਰਿਹਾ ਹੈ। ਇਸ ਸਬੰਧ ਵਿਚ ਇਕ ਬਿਊਟੀ ਪਾਰਲਰ ਵਾਲੀ ਨੇ ਦੱਸਿਆ ਕਿ ਕਰਵਾਚੌਥ ਲਈ ਉਨ੍ਹਾਂ ਦੇ ਪਾਰਲਰ 'ਤੇ ਹਰ ਸਮੇਂ ਔਰਤਾਂ ਦੀ ਭੀੜ ਹੈ। ਇਸ ਲਈ ਔਰਤਾਂ ਨੇ ਐਡਵਾਂਸ ਬੁਕਿੰਗ ਕਰਵਾ ਰੱਖੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਬਹਾਨੇ ਸ਼ਹਿਰ ਦੀਆਂ ਕੁੜੀਆਂ ਆਪਣੀ ਸੁੰਦਰਤਾ ਵਿਚ ਚਾਰ ਚੰਦ ਲਗਾਉੁਣ ਲਈ ਉਤਾਵਲੀਆਂ ਹਨ।
 


Babita

Content Editor

Related News