ਕਰਤਾਰਪੁਰ ਨਗਰ ਕੌਂਸਲ ਦੀ ਪ੍ਰਧਾਨਗੀ ਫਿਰ ਲਟਕੀ

Thursday, Jan 11, 2018 - 11:24 AM (IST)

ਕਰਤਾਰਪੁਰ ਨਗਰ ਕੌਂਸਲ ਦੀ ਪ੍ਰਧਾਨਗੀ ਫਿਰ ਲਟਕੀ

ਕਰਤਾਰਪੁਰ (ਸਾਹਨੀ)— ਨਗਰ ਕੌਂਸਲ ਕਰਤਾਰਪੁਰ ਦੀ ਕਰੀਬ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖਾਲੀ ਪਈ ਪ੍ਰਧਾਨ ਦੀ ਕੁਰਸੀ ਬੁੱਧਵਾਰ ਵੀ ਰਾਜਨੀਤੀ ਦੀ ਭੇਟ ਚੜ੍ਹ ਗਈ ਅਤੇ ਚੋਣ ਅਧਿਕਾਰੀ ਹਰਮਿੰਦਰ ਸਿੰਘ ਤਹਿਸੀਲਦਾਰ ਜਲੰਧਰ 2 ਵੱਲੋਂ ਕਾਰਜਸਾਧਕ ਅਫਸਰ ਰਾਜੀਵ ਓਬਰਾਏ ਦੇ ਵਟਸਐਪ 'ਤੇ 10.40 ਵਜੇ ਭੇਜੀ ਚਿੱਠੀ ਵਿਚ ਉਨ੍ਹਾਂ ਦੇ ਮੈਡੀਕਲ ਲੀਵ 'ਤੇ ਹੋਣ ਦੀ ਗੱਲ ਕਰਦੇ ਚੋਣ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ। 
ਬੁੱਧਵਾਰ ਦੀ ਕਾਰਵਾਈ ਪੂਰੀ ਤਰ੍ਹਾਂ ਰਾਜਨੀਤੀ ਨਾਲ ਪ੍ਰੇਰਿਤ ਦੱਸੀ ਗਈ ਹੈ, ਜਿਸ ਦਾ ਅਕਾਲੀ ਦਲ ਸਮਰਥਕ 4 ਕੌਂਸਲਰਾਂ ਨੇ ਅਕਾਲੀ ਆਗੂ ਨਾਲ ਕੌਂਸਲ ਦਫਤਰ ਅੱਗੇ ਧਰਨਾ ਦੇ ਕੇ ਵਿਰੋਧ ਕੀਤਾ ਅਤੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਕੌਂਸਲ ਦੇ ਪ੍ਰਧਾਨ ਦੀ ਚੋਣ ਵੋਟਿੰਗ ਰਾਹੀਂ ਕਰਵਾਉਣ ਦੀ ਮੰਗ ਕੀਤੀ। ਬੁੱਧਵਾਰ ਕਰੀਬ 11 ਵਜੇ ਕੌਂਸਲ ਹਾਊਸ ਨਾਲ ਸਬੰਧਤ 15 'ਚੋਂ 13 ਕੌਂਸਲਰ ਪੁੱਜੇ, ਜਿਨ੍ਹਾਂ 'ਚੋਂ ਕਾਂਗਰਸ ਵੱਲੋਂ ਦਾਅਵੇਦਾਰ 2 ਕੌਂਸਲਰ ਸੂਰਜਭਾਨ ਅਤੇ ਸੀਤਾ ਰਾਣੀ ਸ਼ਾਮਲ ਨਹੀਂ ਹੋਏ। ਮੀਟਿੰਗ ਹਾਲ ਵਿਚ ਈ. ਓ. ਵੱਲੋਂ ਜਿਵੇਂ ਹੀ ਚੋਣ ਪ੍ਰਕਿਰਿਆ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਦੀ ਗੱਲ ਕੀਤੀ ਗਈ ਤਾਂ ਮੌਕੇ 'ਤੇ ਮੌਜੂਦ 13 ਕੌਂਸਲਰਾਂ ਨੇ ਸ਼ਹਿਰ ਦੀ ਬਿਹਤਰੀ ਤੇ ਵਿਕਾਸ ਨੂੰ ਮੁੱਖ ਰੱਖਦਿਆਂ ਨਿੱਜੀ ਤੌਰ 'ਤੇ ਕੌਂਸਲਰ ਅਮਰਜੀਤ ਕੌਰ ਦੇ ਹੱਕ ਵਿਚ ਇਕਜੁੱਟ ਹੋ ਕੇ ਕੌਂਸਲ ਦਾ ਪ੍ਰਧਾਨ ਐਲਾਨ ਕਰ ਦਿੱਤਾ। 
ਇਸ ਮੌਕੇ ਅਕਾਲੀ ਕੌਂਸਲਰਾਂ ਵਿਚ ਪ੍ਰਦੀਪ ਅਗਰਵਾਲ, ਮਨਜੀਤ ਸਿੰਘ, ਸੇਵਾ ਸਿੰਘ, ਮੋਨਿਕਾ ਕਪੂਰ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਨਰੇਸ਼ ਅਗਰਵਾਲ ਦੀ ਅਗਵਾਈ ਵਿਚ ਇਸ ਚੋਣ ਨੂੰ ਰੱਦ ਕਰਨ ਪਿੱਛੇ ਕਾਂਗਰਸ ਕੋਲ ਕੌਂਸਲਰਾਂ ਦੀ ਵਧ ਰਹੀ ਧੜੇਬੰਦੀ ਅਤੇ ਸਰਬਸੰਮਤੀ ਨਾ ਹੋਣਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼ਹਿਰ ਦੇ ਵਿਕਾਸ ਕਾਰਜ ਅੱਗੇ ਵਧਣ ਤੇ ਕੌਂਸਲ ਨੂੰ ਪ੍ਰਧਾਨ ਮਿਲੇ। ਇਸ ਸਬੰਧੀ ਸਾਬਕਾ ਕੌਂਸਲ ਪ੍ਰਧਾਨ ਤੇ ਕੌਂਸਲਰ ਪਿੰ੍ਰਸ ਅਰੋੜਾ ਨੇ ਕਿਹਾ ਕਿ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਜਲਦ ਸ਼ਹਿਰ ਨੂੰ ਪ੍ਰਧਾਨ ਮਿਲੇਗਾ ਤੇ ਸ਼ਹਿਰ ਵਿਚ ਵਿਕਾਸ ਕਾਰਜਾਂ ਵਿਚ ਤੇਜ਼ੀ ਆਵੇਗੀ। ਇਸ ਸਬੰਧੀ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਕੌਂਸਲਰਾਂ ਦਾ ਪੂਰਾ ਬਹੁਮਤ ਹੈ ਅਤੇ ਚੋਣ ਅਧਿਕਾਰੀ ਦੀ ਮੈਡੀਕਲ ਲੀਵ ਕਾਰਨ ਚੋਣ ਮੁਲਤਵੀ ਹੋਈ ਹੈ ਤੇ ਹੁਣ ਨਵੀਂ ਮਿਤੀ ਤੈਅ ਹੁੰਦਿਆਂ ਹੀ ਇਨ੍ਹਾਂ ਕੌਂਸਲਰਾਂ ਵਿਚੋਂ ਸ਼ਹਿਰ ਨੂੰ ਕਾਂਗਰਸ ਨਵਾਂ ਪ੍ਰਧਾਨ ਥਾਪੇਗੀ।


Related News