ਕਰਤਾਰਪੁਰ ਲਾਂਘਾ : ਸੜਕ ਦੀ ਬਜਾਏ 330 ਮੀਟਰ ਲੰਬਾ ਪੁਲ ਬਣਾਉਣਾ ਚਾਹੁੰਦੈ ਭਾਰਤ

04/18/2019 11:16:34 AM

ਗੁਰਦਾਸਪੁਰ, (ਹਰਮਨਪ੍ਰੀਤ)— ਭਾਰਤ-ਪਾਕਿਸਤਾਨ ਸਰਹੱਦ ਦੇ ਐਨ ਨੇੜੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਲਾਂਘੇ ਦੀ ਬਣਤਰ ਸਬੰਧੀ ਭਾਰਤ ਨੇ ਪਾਕਿਸਤਾਨ ਸਾਹਮਣੇ ਕੁਝ ਇਤਰਾਜ਼ ਉਠਾਉਂਦੇ ਹੋਏ ਲਾਂਘੇ ਦੀ ਬਣਤਰ ਸਬੰਧੀ ਕੁਝ ਸੁਝਾਅ ਦਿੱਤੇ ਹਨ। ਖਾਸ ਤੌਰ 'ਤੇ ਪਾਕਿਸਤਾਨ ਵਾਲੇ ਪਾਸੇ ਬਣਾਈ ਜਾ ਰਹੀ ਸੜਕ ਦੀ ਉਚਾਈ ਨੂੰ ਲੈ ਕੇ ਪੰਜਾਬ ਦੇ ਡਰੇਨੇਜ਼ ਵਿਭਾਗ ਦੇ ਇੰਜੀਨੀਅਰਾਂ ਨੇ ਇਹ ਸ਼ੱਕ ਜ਼ਾਹਿਰ ਕੀਤਾ ਹੈ ਕਿ ਜੇਕਰ ਪਾਕਿਸਤਾਨ ਨੇ ਭਾਰਤ ਦੀ ਸਰਹੱਦ ਤੱਕ ਇਸੇ ਤਰ੍ਹਾਂ ਸੜਕ ਦਾ ਨਿਰਮਾਣ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ 'ਚ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਦੀ ਸੂਰਤ 'ਚ ਨਾ ਸਿਰਫ ਦੋਵਾਂ ਦੇਸ਼ਾਂ ਅੰਦਰ ਰਾਵੀ ਨੇੜਲੇ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ, ਸਗੋਂ ਇਸ ਨਾਲ ਲਾਂਘੇ ਦੀ ਸੜਕ ਤੇ ਰਾਵੀ ਨੇੜੇ ਉਸਾਰੇ ਜਾਣ ਵਾਲੇ ਟਰਮੀਨਲਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਡਰੇਨੇਜ਼ ਵਿਭਾਗ ਵੱਲੋਂ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਸਾਹਮਣੇ ਚੁੱਕੇ ਗਏ ਇਸ ਇਤਰਾਜ਼ ਕਾਰਨ ਹੀ ਭਾਰਤ ਨੇ ਪਾਕਿਸਤਾਨ ਨਾਲ ਇਸ ਸਬੰਧੀ ਬੀਤੇ ਕੱਲ ਜ਼ੀਰੋ ਲਾਈਨ 'ਤੇ ਹੋਈ ਦੂਸਰੀ ਮੀਟਿੰਗ ਦੌਰਾਨ ਆਪਣੇ ਸੁਝਾਅ ਦਿੱਤੇ ਹਨ।

60 ਮੀਟਰ ਭਾਰਤ ਤੇ 270 ਮੀਟਰ ਪਾਕਿਸਤਾਨ ਵੱਲ ਹੈ ਧੁੱਸੀ ਵਿਚਲਾ ਹਿੱਸਾ
ਇਸ ਮਾਮਲੇ 'ਚ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ ਪਰ ਅਤਿ-ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਾਲੇ ਪਾਸੇ ਕੰਡਿਆਲੀ ਤਾਰ ਨੇੜਲੀ ਧੁੱਸੀ ਤੋਂ ਪਾਕਿਸਤਾਨ ਵਾਲੇ ਪਾਸੇ ਤੱਕ ਦੀ ਪਹਿਲੀ ਧੁੱਸੀ ਵਿਚਕਾਰ ਕਰੀਬ 330 ਮੀਟਰ ਦਾ ਫਾਸਲਾ ਹੈ। ਇਸ ਫਾਸਲੇ 'ਚ ਸਿਰਫ 60 ਮੀਟਰ ਹਿੱਸਾ ਭਾਰਤ ਅਧੀਨ ਆਉਂਦਾ ਹੈ, ਜਦਕਿ ਬਾਕੀ ਦੇ 270 ਮੀਟਰ ਵਿਚਲਾ ਫਾਸਲਾ ਪਾਕਿਸਤਾਨ ਵਾਲੇ ਪਾਸੇ ਹੈ। ਪਾਕਿਸਤਾਨ ਨੇ ਹੁਣ ਤੱਕ ਆਪਣੇ ਵਾਲੇ ਪਾਸੇ ਤੀਸਰੀ ਧੁੱਸੀ ਤੱਕ ਸੜਕ ਦਾ ਨਿਰਮਾਣ ਕਰਵਾ ਦਿੱਤਾ ਹੈ ਤੇ ਹੁਣ ਇਸ ਧੁੱਸੀ ਤੋਂ ਅੱਗੇ ਸੜਕ ਬਣਾਈ ਜਾਣੀ ਹੈ। ਪਾਕਿਸਤਾਨ ਵਾਲੇ ਪਾਸੇ ਦੀ ਇਸ ਸੜਕ ਦੀ ਉੱਚਾਈ ਕਰੀਬ 10 ਤੋਂ 12 ਫੁੱਟ ਹੋਣ ਕਾਰਨ ਭਾਰਤੀ ਪੰਜਾਬ ਦੇ ਡਰੇਨੇਜ਼ ਵਿਭਾਗ ਨੇ ਪਿਛਲੀ ਦਿਨ੍ਹੀਂ ਇਹ ਇਤਰਾਜ਼ ਕੀਤਾ ਸੀ ਕਿ ਜੇਕਰ ਸੜਕ ਦੀ ਉੱਚਾਈ ਇਸੇ ਤਰ੍ਹਾਂ ਉੱਚੀ ਰਹੀ ਤਾਂ ਰਾਵੀ ਦਰਿਆ 'ਚ ਪਾਣੀ ਜ਼ਿਆਦਾ ਆਉਣ ਦੀ ਸੂਰਤ 'ਚ ਨਾ ਸਿਰਫ ਸੜਕ ਦਾ ਨੁਕਸਾਨ ਹੋਵੇਗਾ, ਸਗੋਂ ਦੋਵਾਂ ਦੇਸ਼ਾਂ ਵੱਲੋਂ ਬਣਾਏ ਜਾ ਰਹੇ ਟਰਮੀਨਲਾਂ ਤੇ ਲਾਂਘੇ ਦੀਆਂ ਹੋਰ ਉਸਾਰੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਹੈ।

ਡਰੇਨੇਜ਼ ਵਿਭਾਗ ਨੇ ਇਹ ਇਤਰਾਜ਼ ਵੀ ਕੀਤਾ ਹੈ ਕਿ ਇਸ ਲਾਂਘੇ ਦੀ ਸੜਕ ਵੀ ਧੁੱਸੀ ਵਾਂਗ ਹੀ ਬਣਾ ਦਿੱਤੀ ਗਈ ਹੈ, ਜਿਸ 'ਚ ਪਾਣੀ ਦੇ ਨਿਕਾਸ ਲਈ ਕੋਈ ਵੀ ਪੁਲੀ ਜਾਂ ਪਾਈਪ ਵਗੈਰਾ ਨਹੀਂ ਪਾਇਆ ਗਿਆ। ਜਿਸ ਕਾਰਨ ਰਾਵੀ ਦਾ ਪਾਣੀ ਇਸ ਸਥਾਨ 'ਤੇ ਇਕੱਠਾ ਹੋ ਕੇ ਆਸਾਨੀ ਨਾਲ ਅੱਗੇ ਨਹੀਂ ਜਾ ਸਕੇਗਾ। ਇਸ ਕਾਰਨ ਭਾਰਤ ਇਹ ਮੰਗ ਕਰ ਰਿਹਾ ਹੈ ਕਿ ਭਾਰਤ ਵਾਲੇ ਪਾਸੇ ਦੀ ਧੁੱਸੀ ਤੇ ਪਾਕਿਸਤਾਨ ਦੀ ਧੁੱਸੀ ਵਿਚਕਾਰ ਸੜਕ ਬਣਾਉਣ ਦੀ ਬਜਾਏ 330 ਮੀਟਰ ਲੰਬਾ ਤੇ ਕੰਡਿਆਲੀ ਤਾਰ ਤੋਂ ਕਰੀਬ 10 ਫੁੱਟਾ ਉੱਚਾ ਪੁਲ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਰਾਵੀ ਦਾ ਪਾਣੀ ਇਸ ਪੁਲ ਦੇ ਹੇਠਾਂ ਆਸਾਨੀ ਨਾਲ ਲੰਘ ਸਕੇ।

ਪਹਿਲਾਂ ਹੀ 3 ਫੁੱਟ ਉੱਚੀ ਹੈ ਪਾਕਿਸਤਾਨ ਦੀ ਧੁੱਸੀ
ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਤਿੰਨ ਧੁੱਸੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ 'ਚ ਇਕ ਧੁੱਸੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਵੀ ਪਾਕਿਸਤਾਨ ਵਾਲੇ ਪਾਸੇ ਹੈ। ਦੂਸਰੀਆਂ 2 ਧੁੱਸੀਆਂ ਗੁਰਦੁਆਰਾ ਸਾਹਿਬ ਤੋਂ ਭਾਰਤ ਵਾਲੇ ਪਾਸੇ ਹਨ। ਜਿਨ੍ਹਾਂ 'ਚੋਂ ਭਾਰਤ ਵਾਲੇ ਪਾਸੇ ਦੀ ਧੁੱਸੀ ਦੀ ਉਚਾਈ ਪਹਿਲਾਂ ਹੀ ਭਾਰਤ ਵਾਲੀ ਧੁੱਸੀ ਤੋਂ ਕਰੀਬ 3 ਫੁੱਟ ਉੱਚੀ ਦੱਸੀ ਜਾਂਦੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਪਾਕਿਸਤਾਨ ਨੇ 3 ਧੁੱਸੀਆਂ ਬਣਾ ਕੇ ਹੜ੍ਹ ਰੋਕੂ ਪ੍ਰਬੰਧਾਂ ਦੀ ਆੜ ਹੇਠ ਸਰਹੱਦ ਦੀ ਮੋਰਚਾਬੰਦੀ ਕੀਤੀ ਹੋਈ ਹੈ, ਕਿਉਂਕਿ ਇਨ੍ਹਾਂ ਧੁੱਸੀਆ 'ਚ ਕਈ ਥਾਵਾਂ 'ਤੇ ਪਾਕਿਸਤਾਨ ਨੇ ਮੋਰਚੇ ਬਣਾਏ ਹਨ।

ਜੇ ਪਾਕਿਸਤਾਨ ਨਾ ਮੰਨਿਆ ਤਾਂ ਭਾਰਤ ਆਪਣੀ ਧੁੱਸੀ ਨੂੰ ਕਰੇਗਾ ਮਜ਼ਬੂਤ

ਲਾਂਘੇ ਦੇ ਮਾਮਲੇ 'ਚ ਇਕ ਅਹਿਮ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਭਾਰਤ ਵਾਲੇ ਪਾਸੇ ਸਿਰਫ 60 ਮੀਟਰ ਦੇ ਕਰੀਬ ਪੁਲ ਹੀ ਬਣਨਾ ਹੈ, ਜਿਸ ਬਾਰੇ ਹੁਣ ਤੱਕ ਇਹ ਤਜਵੀਜ਼ ਬਣੀ ਸੀ ਕਿ ਇਸ ਪੁਲ ਦੀ ਉਚਾਈ ਕੰਡਿਆਲੀ ਤਾਰ ਤੋਂ ਕਰੀਬ 10 ਤੋਂ 12 ਫੁੱਟ ਉੱਚੀ ਰੱਖੀ ਜਾਵੇਗੀ ਪਰ ਦੂਜੇ ਪਾਸੇ ਸਾਰਾ ਲਾਂਘਾ ਤੇ ਰਸਤਾ ਪਾਕਿਸਤਾਨ ਨੇ ਬਣਾਉਣਾ ਹੈ। ਜਿਸ ਕਾਰਨ ਇਸ ਵੱਡੇ ਪ੍ਰਾਜੈਕਟ 'ਤੇ ਪਾਕਿਸਤਾਨ ਨੂੰ ਕਾਫੀ ਖਰਚਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਭਾਰਤ ਦੇ ਸੁਝਾਅ ਤੇ ਮੰਗ ਅਨੁਸਾਰ ਜੇਕਰ ਪਾਕਿਸਤਾਨ ਧੁੱਸੀ ਤੋਂ ਭਾਰਤ ਵਾਲੇ ਪਾਸੇ ਸੜਕ ਦੀ ਬਜਾਏ ਉੱਚੇ ਪੁਲ ਦੀ ਉਸਾਰੀ ਕਰਦਾ ਹੈ, ਤਾਂ ਉਸ ਦੇ ਅਨੁਮਾਨਿਤ ਖਰਚੇ 'ਚ ਵੀ ਭਾਰੀ ਵਾਧਾ ਹੋਵੇਗਾ। ਇਸ ਲਈ ਭਾਰਤ ਸਾਰੇ ਪੱਖਾਂ ਨੂੰ ਸੋਚ-ਵਿਚਾਰ ਕੇ ਹਰ ਤਰ੍ਹਾਂ ਦੇ ਬਦਲਵੇਂ ਪ੍ਰਬੰਧ ਕਰਨ ਲਈ ਤਿਆਰ ਹੈ। ਸੂਤਰਾਂ ਅਨੁਸਾਰ ਜੇਕਰ ਪਾਕਿਸਤਾਨ ਕਿਸੇ ਹਾਲਤ 'ਚ 330 ਮੀਟਰ ਲੰਬਾ ਪੁਲ ਬਣਾਉਣ ਦੀ ਸਹਿਮਤੀ ਨਹੀਂ ਦਿੰਦਾ ਤਾਂ ਭਾਰਤੀ ਇੰਜੀਨੀਅਰਾਂ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਭਾਰਤ ਵਾਲੇ ਪਾਸੇ ਦੀ ਧੁੱਸੀ ਦਾ ਕਰੀਬ 20 ਕਿਲੋਮੀਟਰ ਹਿੱਸਾ ਪਾਕਿਸਤਾਨ ਦੀ ਧੁੱਸੀ ਦੇ ਬਰਾਬਰ ਜਾਂ ਉਸ ਤੋਂ ਉੱਚਾ ਕਰਨ ਤੋਂ ਇਲਾਵਾ ਇਸ ਨੂੰ ਪੱਕਾ ਕਰ ਕੇ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾਵੇ, ਤਾਂ ਜੋ ਰਾਵੀ ਦਾ ਪਾਣੀ ਵਧਣ ਦੀ ਸੂਰਤ 'ਚ ਇਸ ਪਾਸੇ ਕੋਈ ਨੁਕਸਾਨ ਨਾ ਹੋ ਸਕੇ।


Related News