ਕਰਤਾਰਪੁਰ ਲਾਂਘੇ ਲਈ ਯਾਤਰੀ ਟਰਮੀਨਲ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਪਰ ਕੰਮ ਅਜੇ ਅਧੂਰੈ
Monday, Nov 04, 2019 - 08:32 AM (IST)
![ਕਰਤਾਰਪੁਰ ਲਾਂਘੇ ਲਈ ਯਾਤਰੀ ਟਰਮੀਨਲ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਪਰ ਕੰਮ ਅਜੇ ਅਧੂਰੈ](https://static.jagbani.com/multimedia/2019_11image_08_31_041746992untitled.jpg)
ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਕੁਝ ਕੁ ਦਿਨਾਂ 'ਚ ਹੀ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪ੍ਰਧਾਨ ਮੰਤਰੀ ਵੱਲੋਂ ਰਸਮੀ ਤੌਰ 'ਤੇ ਉਦਘਾਟਨ ਕੀਤਾ ਜਾਣਾ ਹੈ ਜਦਕਿ ਲੈਂਡ ਪੋਰਟ ਤੇ ਨੈਸ਼ਨਲ ਹਾਈਵੇ ਅਥਾਰਟੀ ਸਮੇਤ ਇਸ ਲਾਂਘੇ ਦੀ ਉਸਾਰੀ 'ਚ ਲੱਗੀਆਂ ਸਾਰੀਆਂ ਹੀ ਕੰਪਨੀਆਂ ਦੇ ਅਧਿਕਾਰੀ ਵਾਰ-ਵਾਰ ਇਹ ਕਹਿ ਰਹੇ ਹਨ ਕਿ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਹੀ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰ ਅੱਜ ਵੀ ਜਦੋਂ ਕਰਤਾਰਪੁਰ ਟਰਮੀਨਲ ਦਾ ਦੌਰਾ ਕੀਤਾ ਗਿਆ ਤਾਂ ਬਾਹਰਵਾਰ ਤੋਂ ਹੀ ਦਿਖਾਈ ਦੇ ਰਿਹਾ ਸੀ ਕਿ ਅਜੇ ਟਰਮੀਨਲ ਦਾ ਬਹੁਤ ਕੰਮ ਬਾਕੀ ਪਿਆ ਹੈ ਅਤੇ ਲਾਂਘੇ ਦੇ ਕੰਮ ਨੂੰ ਮੁਕੰਮਲ ਹੋਣ ਵਿਚ ਹੋਰ ਸਮਾਂ ਲੱਗ ਸਕਦਾ ਹੈ।
ਯਾਤਰੀ ਟਰਮੀਨਲ ਦਾ ਕੰਮ ਮੁਕੰਮਲ ਕਰਨ ਲਈ ਜਿਥੇ ਵੱਡੀਆਂ ਮਸ਼ੀਨਾਂ ਕੰਮ ਨੂੰ ਫਟਾਫਟ ਨੇਪਰੇ ਚਾੜਣ ਵਿਚ ਲੱਗੀਆਂ ਹੋਈਆਂ ਹਨ, ਉਥੇ ਆਪਣੇ ਮਿੱਥੇ ਕੰਮਾਂ ਨੂੰ ਮੁਕੰਮਲ ਕਰਨ ਵਿਚ ਵੀ ਸਬੰਧਤ ਅਧਿਕਾਰੀ ਤੇਜ਼ੀ ਵਿਖਾ ਰਹੇ ਹਨ ਅਤੇ ਇਸ ਦੇ ਸਜਾਵਟੀ ਕੰਮਾਂ ਨੂੰ ਨਾਲ-ਨਾਲ ਪੂਰਾ ਕਰ ਰਹੇ ਹਨ, ਕਿਉਂਕਿ ਟਰਮੀਨਲ 'ਚ ਸੁਰੱਖਿਆ ਪੱਖੋਂ ਅਤੇ ਚੱਲ ਰਹੇ ਭਾਰੀ ਕੰਮਾਂ ਕਾਰਣ ਅੰਦਰ ਜਾਣ ਤੋਂ ਮਨਾਹੀ ਹੈ। ਇਸ ਲਈ ਦੂਰੋਂ ਹੀ ਸਾਫ ਪਤਾ ਚੱਲ ਰਿਹਾ ਹੈ ਕਿ ਅਜੇ ਬਹੁਤ ਕੰਮ ਬਾਕੀ ਹੈ ਅਤੇ ਸ਼ਨੀਵਾਰ, ਜਿਸ ਦਿਨ ਇਸ ਦਾ ਰਸਮੀ ਉਦਘਾਟਨ ਹੋਣਾ ਹੈ, ਤੱਕ ਕੰਮ ਪੂਰਾ ਹੋਣ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ। ਯਾਤਰੀ ਟਰਮੀਨਲ ਦੇ ਨਿਰਮਾਣ ਕੰਮ ਵਿਚ ਜਿੱਥੇ ਮਜ਼ਦੂਰ ਇਸ ਦੇ ਬਾਹਰਲੇ ਹਿੱਸਿਆਂ ਨੂੰ ਮੁਕੰਮਲ ਕਰ ਰਹੇ ਹਨ, ਉਥੇ ਹੀ ਇਸ ਦੇ ਬਾਹਰਵਾਰ ਸਜਾਵਟ ਲਈ ਹਰਾ ਘਹ ਲਾਇਆ ਜਾ ਰਿਹਾ ਹੈ ਅਤੇ ਨਵੇਂ ਲਾਏ ਬੂਟਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ।
ਲੈਂਡ ਪੋਰਟ ਅਥਾਰਟੀ ਦੀਆਂ ਮੀਟਿੰਗਾਂ ਵਿਚ ਕਿਹਾ ਗਿਆ ਸੀ ਕਿ ਜਿਹੜੇ ਯਾਤਰੀ ਪਾਕਿਸਤਾਨ ਨਹੀਂ ਜਾਣਗੇ। ਉਨ੍ਹਾਂ ਲਈ ਨਵੇਂ ਦਰਸ਼ਨ ਸਥੱਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਉੱਥੇ 10 ਜਾਂ ਇਸ ਤੋਂ ਜ਼ਿਆਦਾ ਦੂਰਬੀਨਾਂ ਲਾ ਕੇ ਸੰਗਤਾਂ ਨੂੰ ਸਹੂਲਤ ਦਿੱਤੀ ਜਾਵੇਗੀ ਪਰ ਅਜੇ ਤੱਕ ਕਰਤਾਪੁਰ ਦਰਸ਼ਨ ਸਥੱਲ ਦਾ ਨਿਰਮਾਣ ਨਹੀਂ ਹੋਇਆ ਅਤੇ ਅੱਜ ਵੀ ਵੱਡੀ ਗਿਣਤੀ ਵਿਚ ਸੰਗਤਾਂ ਧੱਕੇ-ਮੁੱਕੀ ਹੁੰਦਿਆਂ ਕੱਚੇ ਅਤੇ ਆਰਜ਼ੀ ਦਰਸ਼ਨ ਸਥੱਲ 'ਤੇ ਪਹੁੰਚ ਕੇ ਇਕੋ-ਇਕ ਦੂਰਬੀਨ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਦਿਖਾਈ ਦਿੱਤੀਆਂ।
ਲਾਂਘੇ ਤੋਂ ਪਹਿਲਾਂ ਸੰਗਤਾਂ ਦੀ ਵਧੀ ਆਮਦ ਤੋਂ ਅਜੇ ਵੀ ਪੁਲਸ ਨੇ ਸਬਕ ਨਹੀਂ ਸਿੱਖਿਆ ਅਤੇ ਵਾਹਨਾਂ ਨੂੰ ਡੇਰਾ ਬਾਬਾ ਨਾਨਕ ਦੇ ਬਾਹਰਵਾਰ ਬਣਾਈਆਂ ਗਈਆਂ ਪਾਰਕਿੰਗਾਂ ਵਿਚ ਖੜ੍ਹਾ ਕਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਿਸ ਕਾਰਣ ਕਰਤਾਰਪੁਰ ਰੋਡ 'ਤੇ ਜਾਮ ਵਰਗੀ ਸਥਿਤੀ ਨਜ਼ਰ ਆਈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਂਝ ਪੁਲਸ ਮੁਲਾਜ਼ਮਾ ਵੱਲੋਂ ਧੁੱਸੀ ਬੰਨ ਤੋਂ ਪਿੱਛੇ ਹੀ ਵਾਹਨਾਂ ਨੂੰ ਰੋਕ ਦਿੱਤਾ ਗਿਆ ਪਰ ਫਿਰ ਵੀ ਇੰਨੇ ਵਾਹਨਾਂ ਨਾਲ ਜਾਮ ਵਰਗੀ ਸਥਿਤੀ ਪੈਦਾ ਹੋ ਰਹੀ ਹੈ ਅਤੇ ਆਉਂਦੇ ਦਿਨਾਂ ਵਿਚ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਵੀ 9 ਤੋਂ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਉਤਸਵ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਹੈ ਅਤੇ ਉਨ੍ਹਾਂ ਦਾ ਕੰਮ ਵੀ ਅਜੇ ਬਕਾਇਆ ਪਿਆ ਹੈ ਪਰ ਡਿਪਟੀ ਕਮਿਸ਼ਨਰ ਅਨੁਸਾਰ 6 ਨਵੰਬਰ ਤੱਕ ਸਾਰੇ ਕੰਮਾਂ ਨੂੰ 100 ਫੀਸਦੀ ਮੁਕੰਮਲ ਕਰ ਲਿਆ ਜਾਵੇਗਾ ਅਤੇ 7 ਤਰੀਕ ਨੂੰ ਇਸ ਦੀ ਰੀਹਰਸਲ ਕੀਤੀ ਜਾਵੇਗੀ।