ਵਿਦੇਸ਼ੀ ਅਦਾਕਾਰਾ ਨੇ ਕਰਨ ਔਜਲਾ 'ਤੇ ਲਾਏ ਵੱਡੇ ਦੋਸ਼
Tuesday, Jan 13, 2026 - 04:03 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਕੈਨੇਡਾ ਵਿੱਚ ਜਨਮੀ ਰੈਪਰ ਅਤੇ ਅਦਾਕਾਰਾ ਮਿਸ ਗੋਰੀ ਨੇ ਕਰਨ ਔਜਲਾ 'ਤੇ ਵਿਆਹ ਤੋਂ ਬਾਅਦ ਵੀ ਕਿਸੇ ਹੋਰ ਨਾਲ ਸਬੰਧ (ਐਕਸਟਰਾ ਮੈਰੀਟਲ ਅਫੇਅਰ) ਰੱਖਣ ਦੇ ਗੰਭੀਰ ਇਲਜ਼ਾਮ ਲਗਾਏ ਹਨ।
'ਮੈਨੂੰ ਨਹੀਂ ਪਤਾ ਸੀ ਕਿ ਉਹ ਵਿਆਹਿਆ ਹੋਇਆ ਹੈ'
ਅਦਾਕਾਰਾ ਮੁਤਾਬਕ ਕਰਨ ਔਜਲਾ ਨਾਲ ਉਸ ਦਾ ਨਿੱਜੀ ਰਿਸ਼ਤਾ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਇਹ ਅਫੇਅਰ ਚੱਲ ਰਿਹਾ ਸੀ, ਉਦੋਂ ਉਸ ਨੂੰ ਗਾਇਕ ਦੇ ਵਿਆਹੁਤਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਕਰਨ ਨੇ ਆਪਣੇ ਵਿਆਹ ਦੀ ਗੱਲ ਲੁਕਾ ਕੇ ਰੱਖੀ ਸੀ। ਮਿਸ ਗੋਰੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਨੂੰ ਚੁੱਪ ਕਰਵਾਉਣ ਅਤੇ ਜਨਤਕ ਤੌਰ 'ਤੇ ਬਦਨਾਮ ਕਰਨ ਲਈ ਕਰਨ ਔਜਲਾ ਦੀ ਟੀਮ ਨੇ ਭਾਰਤੀ ਇਨਫਲੂਐਂਸਰਾਂ ਨਾਲ ਸੰਪਰਕ ਕੀਤਾ ਸੀ ਤਾਂ ਜੋ ਉਸ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਸਕਣ।

ਚੁੱਪ ਨਹੀਂ ਰਹਾਂਗੀ, ਆਪਣੀ ਕਹਾਣੀ ਸਾਂਝੀ ਕਰਾਂਗੀ: ਮਿਸ ਗੋਰੀ
ਸੋਸ਼ਲ ਮੀਡੀਆ 'ਤੇ ਮਿਸ ਗੋਰੀ ਦਾ ਇੱਕ ਸਕ੍ਰੀਨਸ਼ੌਟ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਨੂੰ ਚੁੱਪ ਕਰਵਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਹੁਣ ਆਪਣੀ ਗੱਲ ਸਾਹਮਣੇ ਰੱਖੇਗੀ। ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਕਈ ਔਰਤਾਂ ਨੂੰ ਮੈਨੀਪੁਲੇਟ ਕਰਕੇ ਸ਼ਰਮਸਾਰ ਕੀਤਾ ਗਿਆ ਹੈ, ਪਰ ਉਹ ਹੁਣ ਇਸ ਦਾ ਹਿੱਸਾ ਨਹੀਂ ਬਣੇਗੀ। ਉਸ ਦਾ ਕਹਿਣਾ ਹੈ ਕਿ ਆਪਣੀ ਇਮਾਨਦਾਰੀ ਲਈ ਖੜ੍ਹੇ ਹੋਣ ਲਈ ਉਸ ਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ।

ਪ੍ਰਸ਼ੰਸਕਾਂ ਨੂੰ ਲੱਗਿਆ ਵੱਡਾ ਝਟਕਾ
ਕਰਨ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2023 ਵਿੱਚ ਮੈਕਸੀਕੋ ਵਿੱਚ ਪਲਕ ਨਾਲ ਵਿਆਹ ਕਰਵਾਇਆ ਸੀ। ਰਿਪੋਰਟਾਂ ਮੁਤਾਬਕ ਉਹ ਦੋਵੇਂ ਬਚਪਨ ਤੋਂ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਲਗਭਗ ਇੱਕ ਦਹਾਕੇ ਤੱਕ ਨਾਲ ਰਹਿਣ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਪਲਕ ਕੈਨੇਡਾ ਵਿੱਚ ਇੱਕ ਮਸ਼ਹੂਰ ਮੇਕਅੱਪ ਆਰਟਿਸਟ ਅਤੇ ਇੱਕ ਸੈਲੂਨ ਦੀ ਸੀ.ਈ.ਓ. ਹੈ। ਕਰਨ ਔਜਲਾ ਨੂੰ ਅਕਸਰ ਪੋਡਕਾਸਟਾਂ ਵਿੱਚ ਆਪਣੀ ਪਤਨੀ ਪ੍ਰਤੀ ਪਿਆਰ ਜ਼ਾਹਰ ਕਰਦੇ ਦੇਖਿਆ ਗਿਆ ਸੀ, ਜਿਸ ਕਾਰਨ ਪ੍ਰਸ਼ੰਸਕ ਉਨ੍ਹਾਂ ਨੂੰ ਇੱਕ 'ਆਈਡਲ ਹਸਬੈਂਡ' ਮੰਨਦੇ ਸਨ, ਪਰ ਹੁਣ ਇਨ੍ਹਾਂ ਇਲਜ਼ਾਮਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਗਾਇਕ ਦੀ ਟੀਮ ਵੱਲੋਂ ਕੋਈ ਸਫਾਈ ਨਹੀਂ
ਫਿਲਹਾਲ ਜਸਕਰਨ ਸਿੰਘ ਔਜਲਾ (ਕਰਨ ਔਜਲਾ) ਜਾਂ ਉਨ੍ਹਾਂ ਦੀ ਟੀਮ ਵੱਲੋਂ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। 'ਤੌਬਾ ਤੌਬਾ' ਵਰਗੇ ਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਦੇ ਪ੍ਰਸ਼ੰਸਕ ਹੁਣ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਨ।
