ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਹੋਲੋਗ੍ਰਾਮ ਸ਼ੋਅ ਦੀ ਪਹਿਲੀ ਝਲਕ ਆਈ ਸਾਹਮਣੇ
Wednesday, Jan 14, 2026 - 12:10 PM (IST)
ਐਂਟਰਟੇਨਮੈਂਟ ਡੈਸਕ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਬਹੁਤ ਹੀ ਭਾਵੁਕ ਅਤੇ ਉਤਸ਼ਾਹਜਨਕ ਖ਼ਬਰ ਸਾਹਮਣੇ ਆਈ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਉਣ ਵਾਲੇ ਹੋਲੋਗ੍ਰਾਮ ਸ਼ੋਅ ਦੀ ਸਟੇਜ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਖੁਦ ਹੋਲੋਗ੍ਰਾਮ ਡਿਜ਼ਾਈਨ ਕਰਨ ਵਾਲੀ ਟੀਮ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਇਸੇ ਸਾਲ 3D 'ਚ ਨਜ਼ਰ ਆਉਣਗੇ ਸਿੱਧੂ
ਸਿੱਧੂ ਮੂਸੇਵਾਲਾ ਦਾ ਇਹ ਹੋਲੋਗ੍ਰਾਮ ਸ਼ੋਅ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਇਸ ਸ਼ੋਅ ਨੂੰ ਇਟਲੀ ਦੇ ਕਲਾਕਾਰਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਸਾਂਝੀ ਕੀਤੀ ਗਈ ਤਸਵੀਰ 'ਚ ਸਿੱਧੂ ਮੂਸੇਵਾਲਾ ਆਪਣੇ ਖ਼ਾਸ 'ਸਿਗਨੇਚਰ ਸਟਾਈਲ' 'ਚ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤਕਨੀਕ ਰਾਹੀਂ ਸਿੱਧੂ 3D ਚਿੱਤਰ ਦੇ ਰੂਪ 'ਚ ਸਟੇਜ 'ਤੇ ਲਾਈਵ ਪਰਫਾਰਮ ਕਰਦੇ ਨਜ਼ਰ ਆਉਣਗੇ, ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਯਾਦਗਾਰ ਪਲ ਹੋਵੇਗਾ।
2026 'ਚ ਹੋਵੇਗਾ ਵਰਲਡ ਟੂਰ
ਬਲਕੌਰ ਸਿੰਘ ਨੇ ਪਹਿਲਾਂ ਦੱਸਿਆ ਸੀ ਕਿ ਸਿੱਧੂ ਦਾ 2026 'ਚ ਇਕ ਵਰਲਡ ਟੂਰ ਵੀ ਹੋਵੇਗਾ, ਜਿਸ ਦਾ ਨਾਮ 'ਸਾਈਨ ਟੂ ਗੌਡ' (Sign to God) ਰੱਖਿਆ ਗਿਆ ਹੈ। ਹਾਲਾਂਕਿ ਇਸ ਹੋਲੋਗ੍ਰਾਮ ਸ਼ੋਅ ਦੀ ਪੱਕੀ ਤਾਰੀਖ਼ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਪੰਜਾਬ 'ਚ ਅਜਿਹਾ ਪਹਿਲਾ ਪ੍ਰਯੋਗ
ਪੰਜਾਬੀ ਸੰਗੀਤ ਜਗਤ 'ਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਯੋਗ ਹੈ। ਬਾਲੀਵੁੱਡ ਦੇ ਦਿੱਗਜ ਗਾਇਕ ਮੁਹੰਮਦ ਰਫ਼ੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੂਜੇ ਅਜਿਹੇ ਭਾਰਤੀ ਗਾਇਕ ਬਣਨਗੇ, ਜਿਨ੍ਹਾਂ ਦਾ ਹੋਲੋਗ੍ਰਾਮ ਸ਼ੋਅ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੋਨੂੰ ਨਿਗਮ ਨੇ ਮੁਹੰਮਦ ਰਫ਼ੀ ਦੇ ਹੋਲੋਗ੍ਰਾਮ ਨਾਲ ਸਟੇਜ 'ਤੇ ਜੁਗਲਬੰਦੀ ਕੀਤੀ ਸੀ। ਦੱਸਣਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ 'ਚ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਲਗਾਤਾਰ ਉਨ੍ਹਾਂ ਦੇ ਗੀਤ ਰਿਲੀਜ਼ ਕਰ ਰਹੇ ਹਨ ਅਤੇ ਹੁਣ ਹੋਲੋਗ੍ਰਾਮ ਰਾਹੀਂ ਉਨ੍ਹਾਂ ਨੂੰ ਦੁਬਾਰਾ ਸਟੇਜ 'ਤੇ ਲਿਆਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


