ਮੁੜ ਵਿਵਾਦਾਂ ''ਚ ਘਿਰੇ ਪੰਜਾਬੀ ਗਾਇਕ ਸਿੰਗਾ : ''ਅਸਲਾ 2.0'' ਗੀਤ ਨੂੰ ਲੈ ਕੇ ਪਿਆ ਰੇੜਕਾ
Saturday, Jan 24, 2026 - 11:08 AM (IST)
ਮਨੋਰੰਜਨ ਡੈਸਕ- ਪੰਜਾਬੀ ਸੰਗੀਤ ਜਗਤ 'ਚ ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਗਾਇਕ ਸਿੰਗਾ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਸਿੰਗਾ ਦੇ ਨਵੇਂ ਰਿਲੀਜ਼ ਹੋਏ ਗੀਤ 'ਅਸਲਾ 2.0' ਅਤੇ ਇਕ ਪੁਰਾਣੀ ਇੰਟਰਵਿਊ ਦੀ ਵੀਡੀਓ ਵਾਇਰਲ ਹੋਣ ਕਾਰਨ ਨਵਾਂ ਹੰਗਾਮਾ ਖੜ੍ਹਾ ਹੋ ਗਿਆ ਹੈ। ਸਿੰਗਾ 'ਤੇ ਇੰਡਸਟਰੀ ਦੇ ਹੋਰ ਕਲਾਕਾਰਾਂ ਦਾ ਅਪਮਾਨ ਕਰਨ, ਹਥਿਆਰਾਂ ਨੂੰ ਉਤਸ਼ਾਹਿਤ ਕਰਨ ਅਤੇ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਲੱਗ ਰਹੇ ਹਨ।
![]()
ਕਲਾਕਾਰਾਂ ਲਈ ਵਰਤਿਆ ਅਪਸ਼ਬਦ
ਤੁਹਾਨੂੰ ਦੱਸ ਦਈਏ ਕਿ ਸਿੰਗਾ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਦੇ ਕੁਝ ਕਲਾਕਾਰਾਂ ਨੂੰ ਬਿਨਾਂ ਨਾਂ ਲਏ 'ਛੱਕਾ' ਕਹਿ ਕੇ ਸੰਬੋਧਨ ਕੀਤਾ ਹੈ। ਹਾਲਾਂਕਿ ਇਹ ਇੰਟਰਵਿਊ ਲਗਭਗ ਇਕ ਸਾਲ ਪੁਰਾਣੀ ਦੱਸੀ ਜਾ ਰਹੀ ਹੈ, ਪਰ ਹੁਣ ਇਸ ਨੂੰ ਲੈ ਕੇ ਸਿੰਗਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਸਿੰਗਾ ਨੇ ਇਹ ਵੀ ਕਿਹਾ ਕਿ ਇੰਡਸਟਰੀ ਵਿਚ ਹੁਣ 'ਮਰਦਾਂ ਵਾਲੀ ਗੱਲ' ਨਹੀਂ ਰਹੀ।

'ਅਸਲਾ 2.0' ਵਿਚ ਗੰਨ ਕਲਚਰ ਦੀ ਨੁਮਾਇਸ਼
23 ਜਨਵਰੀ ਨੂੰ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੇ ਗਏ ਗੀਤ 'ਅਸਲਾ 2.0' ਵਿਚ ਸਿੰਗਾ ਨੇ ਇਕ ਵਾਰ ਫਿਰ ਹਥਿਆਰਾਂ ਦਾ ਖੁੱਲ੍ਹੇਆਮ ਪ੍ਰਦਰਸ਼ਨ ਕੀਤਾ ਹੈ। ਇਸ ਗੀਤ ਵਿਚ "ਚੱਕ ਲੋ ਅਸਲਾ, ਵਧ ਗਿਆ ਮਸਲਾ" ਅਤੇ "ਅੱਜ ਠੋਕਣੇ ਹੀ ਠੋਕਣੇ ਆ" ਵਰਗੀਆਂ ਉਕਸਾਉਣ ਵਾਲੀਆਂ ਲਾਈਨਾਂ ਦੇ ਨਾਲ-ਨਾਲ ਗਾਲੀ-ਗਲੋਚ ਦੀ ਵਰਤੋਂ ਵੀ ਕੀਤੀ ਗਈ ਹੈ। ਵੀਡੀਓ ਵਿਚ ਵਟਸਐਪ ਰਾਹੀਂ ਹਥਿਆਰ ਭੇਜਣ ਅਤੇ ਫਾਇਰਿੰਗ ਵਰਗੇ ਦ੍ਰਿਸ਼ ਫਿਲਮਾਏ ਗਏ ਹਨ। ਇਸ ਤੋਂ ਇਲਾਵਾ ਗੀਤ ਵਿੱਚ ਔਰਤਾਂ ਅਤੇ ਉਨ੍ਹਾਂ ਦੇ ਪਹਿਰਾਵੇ (ਸਲਵਾਰਾਂ) ਨੂੰ ਲੈ ਕੇ ਵੀ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਸਿੰਗਾ ਦਾ ਵਿਵਾਦ ਸਿਰਫ ਕਾਨੂੰਨੀ ਮਾਮਲਿਆਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ 'ਕੋਲਡ ਵਾਰ' ਅਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨਾਲ ਵੀ ਤਿੱਖਾ ਟਕਰਾਅ ਰਿਹਾ ਹੈ। ਬੱਬੂ ਮਾਨ ਦੇ ਸਮਰਥਕਾਂ ਨੇ ਸਿੰਗਾ 'ਤੇ ਆਪਣੇ ਬਿਆਨਾਂ ਰਾਹੀਂ ਗਾਇਕ ਦਾ ਅਪਮਾਨ ਕਰਨ ਦੇ ਦੋਸ਼ ਲਗਾਏ ਸਨ।
ਇਸ ਨਵੇਂ ਵਿਵਾਦ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿਚ ਇਕ ਵਾਰ ਫਿਰ ਗੰਨ ਕਲਚਰ ਅਤੇ ਅਸ਼ਲੀਲ ਗੀਤਾਂ 'ਤੇ ਰੋਕ ਲਗਾਉਣ ਦੀ ਚਰਚਾ ਛਿੜ ਗਈ ਹੈ। ਅਜੇ ਇਹ ਦੇਖਣਾ ਬਾਕੀ ਹੈ ਕਿ ਕੀ ਪੁਲਿਸ ਪ੍ਰਸ਼ਾਸਨ ਇਸ ਨਵੇਂ ਗੀਤ ਅਤੇ ਸ਼ਬਦਾਵਲੀ 'ਤੇ ਕੋਈ ਸਖ਼ਤ ਕਾਰਵਾਈ ਕਰਦਾ ਹੈ ਜਾਂ ਨਹੀਂ।
