ਨਸ਼ੇ ਦੇ ਸੌਦਾਗਰਾਂ ਨੂੰ ਕਪੂਰਥਲਾ ਦੇ SSP ਦੀ ਚਿਤਾਵਨੀ, ਨਾਜਾਇਜ਼ ਕਬਜ਼ੇ ਨਾ ਛੱਡਣ ਵਾਲਿਆਂ ''ਤੇ ਹੋਵੇਗਾ ਵੱਡਾ ਐਕਸ਼ਨ
Monday, Mar 03, 2025 - 01:48 PM (IST)

ਕਪੂਰਥਲਾ (ਭੂਸ਼ਣ, ਮਹਾਜਨ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਹੁਕਮਾਂ ’ਤੇ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਸ ਨੇ ਨਸ਼ਾ ਪ੍ਰਭਾਵਿਤ ਇਲਾਕਿਆਂ ’ਚ ਸਰਗਰਮ ਅਜਿਹੇ ਕਈ ਨਸ਼ਾ ਸਮੱਗਲਰਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਹਨ, ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਾ ਕਰਕੇ ਘਰ ਬਣਾ ਲਏ ਹਨ। ਜੇਕਰ ਅਜਿਹੇ ਨਾਜਾਇਜ਼ ਘਰਾਂ ਨੂੰ ਖਾਲੀ ਨਾ ਕਰਨ ਦੀ ਸ਼ੂਰਤ ’ਚ ਜਲਦੀ ਹੀ ਸਖ਼ਤ ਬੁਲਡੋਜ਼ਰ ਐਕਸ਼ਨ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ। ਇਹ ਕਹਿਣਾ ਸੀ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਦਾ। ਐੱਸ. ਐੱਸ. ਪੀ. ਕਪੂਰਥਲਾ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸੂਬੇ ਭਰ ’ਚੋਂ ਡਰੱਗ ਮਾਫ਼ੀਆ ਨੂੰ ਜੜ੍ਹੋਂ ਪੁੱਟਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਬੁਲਡੋਜ਼ਰ ਮੁਹਿੰਮ ਬਾਰੇ ਵਿਸ਼ੇਸ਼ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਨੇ ਡਰੱਗ ਮਾਫ਼ੀਆ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਕਈ ਦਿਸ਼ਾ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ ਮਿਲੇਗਾ ਇਹ ਲਾਭ
ਉਨ੍ਹਾਂ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਕਰਦੇ ਹੋਏ ਕਪੂਰਥਲਾ ਪੁਲਸ ਨੇ ਡਰੱਗ ਮਾਫ਼ੀਆ ਖ਼ਿਲਾਫ਼ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਾਰੇ ਨਸ਼ਾ ਪ੍ਰਭਾਵਿਤ ਇਲਾਕਿਆਂ ਅਤੇ ਪਿੰਡਾਂ ਦੀ ਪਛਾਣ ਕੀਤੀ ਗਈ ਹੈ ਅਤੇ ਉੱਥੇ ਸਰਗਰਮ ਨਸ਼ਾ ਤਸਕਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਖ਼ਿਲਾਫ਼ ਜਲਦੀ ਹੀ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਜਿਹੇ ਸ਼ੱਕੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਲੱਖਾਂ-ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਤੇ ਉਸ ’ਤੇ ਆਲੀਸ਼ਾਨ ਘਰ ਬਣਾਉਣ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਜਾਣਗੇ।
ਜੇਕਰ ਉਹ ਸਰਕਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਹਨ ਤਾਂ ਸੂਬੇ ਭਰ ’ਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਚੱਲ ਰਹੀ ਬੁਲਡੋਜ਼ਰ ਮੁਹਿੰਮ ਦਾ ਇਸਤੇਮਾਲ ਉਨ੍ਹਾਂ ਖ਼ਿਲਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੂਰੀ ਕਾਰਵਾਈ ਦਾ ਅਸਰ ਜਲਦ ਹੀ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪੂਰੀ ਮੁਹਿੰਮ ਨੂੰ ਸਫਲ ਬਣਾਉਣ ਲਈ ਇਕ ਵੱਡੀ ਕਾਰਜ ਯੋਜਨਾ ਬਣਾਈ ਜਾਵੇਗੀ, ਜਿਸ ਦੇ ਜਲਦੀ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ, ਜਿਸ ਲਈ ਜਨਤਕ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰੱਗ ਮਾਫ਼ੀਆ ਨੂੰ ਖਤਮ ਕਰਨ ’ਚ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਗੁਪਤ ਰੱਖੇ ਜਾਣਗੇ।
ਇਹ ਵੀ ਪੜ੍ਹੋ : ਆਦਮਪੁਰ ਏਅਰਪੋਰਟ ਦੀ ਵਧਾਈ ਗਈ ਸੁਰੱਖਿਆ, ਇਸ ਮਹਿਲਾ ਅਫ਼ਸਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਨਾਜਾਇਜ਼ ਜਾਇਦਾਦਾਂ ਨੂੰ ਅਧਿਕਾਰਤ ਤੌਰ ’ਤੇ ਅਟੈਚ ਕਰਨ ਦੀ ਮੁਹਿੰਮ ਹੋਵੇਗੀ ਹੋਰ ਤੇਜ਼
ਐੱਸ. ਐੱਸ. ਪੀ. ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਨਸ਼ਾ ਸਮੱਗਲਰਾਂ ਵੱਲੋਂ ਬਣਾਈਆਂ ਗਈਆਂ ਨਾਜਾਇਜ਼ ਜਾਇਦਾਦਾਂ ਨੂੰ ਅਧਿਕਾਰਤ ਤੌਰ ’ਤੇ ਅਟੈਚ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਹੇ ਹਨ। ਜਦੋਂ ਐੱਸ. ਐੱਸ. ਪੀ. ਤੋਂ ਪਿੰਡ ਬੂਟਾ, ਬਾਦਸ਼ਾਹਪੁਰ, ਤੋਤੀ ਅਤੇ ਲਾਟੀਆਂਵਾਲ ਵਰਗੇ ਨਸ਼ਾ ਪ੍ਰਭਾਵਿਤ ਪਿੰਡਾਂ ’ਚ ਪੰਚਾਇਤੀ ਜ਼ਮੀਨਾਂ ’ਤੇ ਵੱਡੇ ਪੱਧਰ ’ਤੇ ਨਾਜਾਇਜ਼ ਕਬਜ਼ੇ ਤੇ ਉਸਾਰੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਨਾਜਾਇਜ਼ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਸ ਦੇ ਨਤੀਜੇ ਜਲਦੀ ਹੀ ਵਿਖਾਈ ਦੇਣਗੇ, ਕਿਉਂਕਿ ਡਰੱਗ ਮਾਫ਼ੀਆ ਦਾ ਅਜਿਹੀਆਂ ਸਰਕਾਰੀ ਜ਼ਮੀਨਾਂ ’ਤੇ ਕੋਈ ਅਧਿਕਾਰ ਨਹੀਂ ਹੈ। ਇਹ ਸਰਕਾਰੀ ਜ਼ਮੀਨਾਂ ਜਲਦੀ ਹੀ ਡਰੱਗ ਮਾਫ਼ੀਆ ਤੋਂ ਮੁਕਤ ਕਰਵਾ ਲਈਆਂ ਜਾਣਗੀਆਂ।
ਇਹ ਵੀ ਪੜ੍ਹੋ : UK ਦਾ ਵੀਜ਼ਾ ਅਸਲੀ ਹੈ ਜਾਂ ਨਕਲੀ, ਹੁਣ WhatsApp ਜ਼ਰੀਏ ਜਾਣੋ ਸਟੇਟਸ
ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਕੀਤਾ ਜਾਵੇਗਾ ਪ੍ਰੇਰਿਆ
ਗੌਰਵ ਤੁਰਾ ਨੇ ਕਿਹਾ ਕਿ ਉਹ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਵਾ ਕੇ ਨਸ਼ੇ ਛੱਡਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ ਕਰਨਗੇ। ਇਸ ਲਈ ਜ਼ਿਲੇ ਭਰ ਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓ . ਅਤੇ ਜੀ. ਓ. ਰੈਂਕ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਜੋ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਇਸ ਤੋਂ ਮੁਕਤ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਸਕੇ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ।
ਇਹ ਵੀ ਪੜ੍ਹੋ : ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e