ਪੰਜਾਬ ''ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ ਕਾਰਵਾਈ
Monday, Feb 17, 2025 - 07:23 PM (IST)

ਸੁਲਤਾਨਪੁਰ ਲੋਧੀ (ਧੀਰ)-ਵਿਦੇਸ਼ ਜਾਣ ਦਾ ਸ਼ੌਂਕ ਸਭ ਤੋਂ ਵੱਧ ਪੰਜਾਬੀਆਂ ’ਚ ਰਿਹਾ ਹੈ ਭਾਵੇਂ ਉਹ ਕਾਨੂੰਨੀ ਢੰਗ ਨਾਲ ਹੋਵੇ ਜਾਂ ਗੈਰ-ਕਾਨੂੰਨੀ ਢੰਗ ਨਾਲ। ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਮਨੁੱਖੀ ਸਮੱਗਲਿੰਗ ਦਾ ਧੰਦਾ ਕਰਨ ਵਾਲੇ ਗੈਰ-ਮਨਜ਼ੂਰਸ਼ੁਦਾ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣਾ ਸਾਰਾ ਕੁਝ ਵੇਚ ਕੇ ਦਾਅ ’ਤੇ ਲਗਾ ਦਿੰਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡੇ ਸੂਬੇ ’ਚ ਅਜਿਹੇ ਧੰਦਾ ਕਰਨ ਵਾਲੇ ਏਜੰਟਾਂ ਦੀ ਗਿਣਤੀ 90 ਫ਼ੀਸਦੀ ਤੋਂ ਉੱਪਰ ਹੈ ਕਿਉਂਕਿ ਸੂਬੇ ’ਚ ਸਿਰਫ਼ 212 ਇਮੀਗ੍ਰੇਸ਼ਨ ਏਜੰਟ ਹੀ ਰਜਿਸਟਰਡ ਹਨ ਪਰ ਇਨ੍ਹਾਂ ’ਚੋਂ ਵੀ 65 ਦੇ ਲਾਇਸੈਂਸ ਐਕਸਪਾਇਰ ਹੋ ਚੁੱਕੇ ਹਨ। ਹਾਲਾਤ ਇਹ ਹਨ ਕਿ ਅੱਠ ਜ਼ਿਲ੍ਹਿਆਂ ’ਚ ਇਕ ਵੀ ਮਨਜ਼ੂਰਸ਼ੁਦਾ ਏਜੰਟ ਜਾਂ ਇਮੀਗ੍ਰੇਸ਼ਨ ਸੈਂਟਰ ਨਹੀਂ ਹੈ। ਅਮਰੀਕਾ ਵੱਲੋਂ ਹੁਣ ਡਿਪੋਰਟ ਕਰਨ ਤੋਂ ਬਾਅਦ ਸੂਬਾ ਸਰਕਾਰ ਇਨ੍ਹਾਂ ਏਜੰਟਾਂ ਵਿਰੁੱਧ ਕਾਰਵਾਈ ਕਰਨ ਲਈ ਤਿਆਰੀ ਕਰ ਰਹੀ ਹੈ ਪਰ ਸਵਾਲ ਤਾਂ ਇਹ ਹੈ ਕਿ ਇਹ ਕਾਰਵਾਈ ਪਹਿਲਾਂ ਕਿਉਂ ਨਹੀ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਕਈ ਸਰਕਾਰੀ ਬਾਬੂਆਂ ਦੀ ਹੋ ਸਕਦੀ ਛੁੱਟੀ
2730 ਤੋਂ ਵੱਧ ਏਜੰਟ ਗੈਰ-ਕਾਨੂੰਨੀ
ਸੂਬੇ ’ਚ ਕੁੱਲ੍ਹ 2730 ਤੋਂ ਵੱਧ ਇਮੀਗ੍ਰੇਸ਼ਨ ਏਜੰਟ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ, ਜੋ ਲੋਕਾਂ ਨੂੰ ਬਾਹਰ ਭੇਜਣ ਲਈ ਮੋਟੀ ਰਕਮ ਵਸੂਲ ਰਹੇ ਹਨ। ਜਿਨ੍ਹਾਂ ਜ਼ਿਲ੍ਹਿਆਂ ’ਚ ਇਕ ਵੀ ਰਜਿਸਟਰਡ ਇਮੀਗ੍ਰੇਸ਼ਨ ਏਜੰਟ ਨਹੀਂ ਹੈ, ਉਨ੍ਹਾਂ ਵਿਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮਾਲੇਰਕੋਟਲਾ ਅਤੇ ਮਾਨਸਾ ਸ਼ਾਮਲ ਹਨ। ਸਰਕਾਰ ਇਨ੍ਹਾਂ ਜ਼ਿਲ੍ਹਿਆਂ ’ਚ ਗੈਰ-ਕਾਨੂੰਨੀ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਵੀ ਤਿਆਰੀ ਕਰ ਰਹੀ ਹੈ।
ਫਤਿਹਗੜ੍ਹ ਸਾਹਿਬ ’ਚ ਇਕ ਏਜੰਟ ਸੀ ਰਜਿਸਟਰਡ, ਲਾਇਸੈਂਸ ਸਸਪੈਂਡ
ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ’ਚ ਸਿਰਫ਼ ਇਕ ਏਜੰਟ ਰਜਿਸਟਰਡ ਸੀ, ਜਿਸ ਦਾ ਲਾਇਸੈਂਸ ਵੀ ਸਸਪੈਂਡ ਹੋ ਚੁੱਕਾ ਹੈ। ਸੰਗਰੂਰ ’ਚ ਦੋ ਰਜਿਸਟਰਡ ਹਨ, ਜਿਨ੍ਹਾਂ ’ਚੋਂ ਇਕ ਦਾ ਲਾਇਸੈਂਸ ਡੀਐਕਟੀਵੇਟ ਕਰ ਦਿੱਤਾ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ’ਚ 3 ਏਜੰਟ ਰਜਿਸਟਰਡ ਹਨ, ਜਿਨ੍ਹਾਂ ’ਚੋਂ ਇਕ ਦਾ ਲਾਇਸੈਂਸ ਐਕਸਪਾਇਰ ਹੋ ਚੁੱਕਾ ਹੈ।
ਇਨ੍ਹਾਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਿਦੇਸ਼ ਭੇਜਣ ਦੇ ਨਾਂ ’ਤੇ ਨੌਜਵਾਨਾਂ ਨਾਲ ਖੇਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ’ਚ ਦੋ ਏਜੰਟ ਰਜਿਸਟਰਡ ਹਨ, ਜਿਨ੍ਹਾਂ ’ਚ ਇਕ ਦਾ ਲਾਇਸੈਂਸ ਐਕਸਪਾਇਰ ਹੈ। ਕਪੂਰਥਲਾ ’ਚ ਸਿਰਫ਼ 3 ਤੇ ਪਟਿਆਲਾ ’ਚ ਸਿਰਫ਼ ਇਕ ਹੀ ਏਜੰਟ ਰਜਿਸਟਰਡ ਹੈ, ਜਿਨ੍ਹਾਂ ’ਚੋਂ ਇਕ ਦਾ ਲਾਇਸੈਂਸ ਬੇਨਤੀ ਕਰਨ ਮਗਰੋਂ ਰੱਦ ਕਰ ਦਿੱਤਾ ਗਿਆ। ਬਠਿੰਡਾ ’ਚ ਦੋ ਏਜੰਟ ਰਜਿਸਟਰਡ ਹਨ, ਜਦ ਕਿ ਦੋਵਾਂ ਦੇ ਲਾਇਸੈਂਸ ਹੀ ਐਕਸਪਾਇਰ ਹਨ।
ਇਹ ਵੀ ਪੜ੍ਹੋ : 40 ਲੱਖ ਤੋਂ ਵਧੇਰੇ ਖ਼ਰਚ ਕਰ ਚਾਵਾਂ ਨਾਲ ਪੁੱਤ ਭੇਜੇ ਸੀ USA, ਹੁਣ ਇਸ ਹਾਲਾਤ 'ਚ ਪਰਤੇ ਘਰ ਤਾਂ...
ਸਭ ਤੋਂ ਵੱਧ ਜਲੰਧਰ, ਮੋਹਾਲੀ ਅਤੇ ਹੁਸ਼ਿਆਰਪੁਰ ’ਚ ਰਜਿਸਟਰਡ
ਸਭ ਤੋਂ ਵੱਧ ਏਜੰਟ ਜਲੰਧਰ, ਮੋਹਾਲੀ ਅਤੇ ਹੁਸ਼ਿਆਰਪੁਰ ’ਚ ਰਜਿਸਟਰਡ ਹਨ। ਜਲੰਧਰ ’ਚ ਕੁੱਲ੍ਹ 86 ਏਜੰਟਾਂ ਕੋਲ ਲਾਇਸੈਂਸ ਹਨ। ਇਨ੍ਹਾਂ ’ਚੋਂ 16 ਦੇ ਲਾਇਸੈਂਸ ਐਕਸਪਾਇਰ ਹੋ ਚੁੱਕੇ ਹਨ, ਜਿਸ ਕਾਰਨ ਉਹ ਵੀ ਲਾਇਸੈਂਸ ਰੀਨਿਊ ਕੀਤੇ ਬਿਨਾਂ ਹੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ 4 ਲਾਇਸੈਂਸ ਵੀ ਰੱਦ ਕੀਤੇ ਗਏ ਹਨ, ਜਦਕਿ 1 ਲਾਇਸੈਂਸ ਮੁਅੱਤਲ ਕੀਤਾ ਗਿਆ ਹੈ ਅਤੇ 2 ਨੂੰ ਬੇਨਤੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਦੂਜੇ ਨੰਬਰ ’ਤੇ ਮੋਹਾਲੀ ’ਚ 31 ਏਜੰਟਾਂ ਕੋਲ ਲਾਇਸੈਂਸ ਹਨ, ਜਿਨ੍ਹਾਂ ’ਚੋਂ ਸੱਤ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਇਕ ਰੱਦ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ’ਚ 22 ਕੋਲ ਲਾਇਸੈਂਸ ਹਨ ਪਰ ਇਨ੍ਹਾਂ ’ਚੋਂ 8 ਦੇ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਹੈ। ਲੁਧਿਆਣਾ ’ਚ 20 ਏਜੰਟਾਂ ਕੋਲ ਲਾਇਸੈਂਸ ਹਨ। ਇਨ੍ਹਾਂ ’ਚੋਂ ਤਿੰਨ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਇਕ ਰੱਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ
ਗੈਰ-ਕਾਨੂੰਨੀ ਏਜੰਟਾਂ ਦੀ ਪਛਾਣ ਕਰਨ ਲਈ ਮੁਹਿੰਮ
ਗੈਰ-ਕਾਨੂੰਨੀ ਏਜੰਟਾਂ ਦੀ ਪਛਾਣ ਕਰਨ ਲਈ ਮੰਤਰਾਲੇ ਵੱਲੋਂ ਸਮੇਂ-ਸਮੇਂ ’ਤੇ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ। ਹੁਣ ਸਰਕਾਰ ਫਿਰ ਤੋਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਗੈਰ-ਕਾਨੂੰਨੀ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e