ਰੁਕ-ਰੁਕ ਕੇ ਹੋਈ ਬਾਰਿਸ਼ ਨੇ ਮੁੜ ਕਢਵਾਈਆਂ ਰਜਾਈਆਂ, ਜਾਣੋ ਕਿਸ ਫ਼ਸਲ ''ਤੇ ਕੀ ਹੋਵੇਗਾ ਮੀਂਹ ਦਾ ਅਸਰ
Thursday, Feb 20, 2025 - 08:18 PM (IST)

ਸੁਲਤਾਨਪੁਰ ਲੋਧੀ (ਧੀਰ)- ਰਾਤ ਭਰ ਰਹੀ ਬੱਦਲਵਾਹੀ ਤੋਂ ਬਾਅਦ ਤੜਕਸਾਰ ਸ਼ੁਰੂ ਹੋਈ ਬਰਸਾਤ ਹੋਣ ਨਾਲ ਜਿਥੇ ਠੰਢ ਨੇ ਮੁੜ ਆਪਣਾ ਅਹਿਸਾਸ ਕਰਵਾਇਆ, ਉੱਥੇ ਹੀ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦਿਨ ਭਰ ਰੁਕ-ਰੁਕ ਕੇ ਹੋਈ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਫਾਇਦਾ ਹੋਣ ਦੇ ਨਾਲ ਨਾਲ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆਲੂਆਂ ਦੀ ਪੁਟਾਈ ਦਾ ਕੰਮ ਰੁਕਣ ਦੇ ਆਸਾਰ ਬਣ ਗਏ ਹਨ।
ਇਸ ਬਰਸਾਤ ਨਾਲ ਜਿੱਥੇ ਗਾਜਰਾਂ ਦੀ ਫਸਲ ਦੀ ਪੁਟਾਈ ਦਾ ਕੰਮ ਵੀ ਰੁਕਿਆ, ਉਥੇ ਹੀ ਗੋਭੀ ਦੀ ਫਸਲ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਆਲੂਆਂ ਦੀ ਪੁਟਾਈ ਲੇਟ ਹੋਣ ਕਾਰਨ ਮੱਕੀ ਦੀ ਬਿਜਾਈ ਦਾ ਕੰਮ ਵੀ ਰੁਕ ਗਿਆ ਹੈ। ਬਾਰਿਸ਼ ਦੇ ਹੋਣ ਅਤੇ ਹਵਾਵਾਂ ਚੱਲਣ ਦੇ ਨਾਲ ਸਰ੍ਹੋਂ ਦੀ ਫਸਲ 'ਤੇ ਵੀ ਅਸਰ ਪਿਆ ਹੈ ਅਤੇ ਸਰ੍ਹੋਂ ਦੀ ਫਸਲ ਦੇ ਮੁੱਢ ਹਿੱਲਣ ਨਾਲ ਇਸ ਦੇ ਝਾੜ 'ਤੇ ਵੀ ਅਸਰ ਪੈਣ ਦੇ ਆਸਾਰ ਵਧ ਗਏ ਹਨ। ਸਵੇਰ ਸਾਰ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਆਪਣੇ ਥਾਵਾਂ 'ਤੇ ਪਹੁੰਚਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮਾਘ ਅਤੇ ਫੱਗਣ ਮਹੀਨੇ ਦੇ ਸ਼ੁਰੂ ਵਿੱਚ ਹੋਈ ਬਾਰਿਸ਼
ਦੋਆਬਾ ਖੇਤਰ ਵਿੱਚ ਮਾਘ ਮਹੀਨਾ ਸੁੱਕਾ ਲੰਘਣ ਤੋਂ ਬਾਅਦ ਹੁਣ ਫੱਗਣ ਦੇ ਸ਼ੁਰੂਆਤੀ ਦਿਨਾਂ ਵਿੱਚ ਬਰਸਾਤ ਹੋਣੀ ਸ਼ੁਰੂ ਹੋਈ ਹੈ। ਇੱਥੇ ਪਏ ਹਲਕੇ ਮੀਂਹ ਨੇ ਕਣਕ ਦੇ ਖੇਤਾਂ ਵਿਚ ਲਹਿਰਾਂ ਬਹਿਰਾਂ ਲਾ ਦਿੱਤੀਆਂ ਹਨ। ਡਾ. ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫ਼ਸਰ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪਈ ਬਾਰਿਸ਼ ਨਾਲ ਮੌਸਮ ਖੁਸ਼ਗਵਾਰ ਬਣ ਗਿਆ ਹੈ। ਉਥੇ ਹੀ ਨੂੰ ਕਣਕ ਦੀ ਫਸਲ ਲਈ ਇਹ ਬਰਸਾਤ ਲਾਹੇਵੰਦ ਹੋਵੇਗੀ। ਉਨ੍ਹਾਂ ਦੱਸਿਆ ਕਿ ਮੀਂਹ ਤੋਂ ਬਿਨਾਂ ਕਣਕ ਦੀ ਫਸਲ ਬਹੁਤੀ ਭਰਵੀਂ ਨਹੀਂ ਬਣਦੀ ਅਤੇ ਮੌਕੇ ਅਨੁਸਾਰ ਹੋਈ ਬਾਰਿਸ਼ ਹੀ ਹਾੜ੍ਹੀ ਦੀ ਇਸ ਮੁੱਖ ਫ਼ਸਲ ਦੇ ਭਰਵੇਂ ਝਾੜ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਜੇ ਤੱਕ ਭਰਵੀਂ ਵਰਖਾ ਨਾ ਹੋਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਰ ਚਿੰਤਿਤ ਸਨ ਕਿਉਂਕਿ ਦਿਨ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਸੀ। ਪ੍ਰੰਤੂ ਹਲਕੇ ਫੁਲਕੇ ਮੀਂਹ ਨਾਲ ਹੁਣ ਫ਼ਸਲਾਂ ਦੇ ਚੰਗਾ ਝਾੜ ਦੇਣ ਦੀ ਉਮੀਦ ਬੱਝ ਗਈ ਹੈ।
ਇਹ ਵੀ ਪੜ੍ਹੋ- ਠੱਗ ਏਜੰਟਾਂ ਦਾ ਹਾਲ ; ਵਿਦੇਸ਼ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵੇਚ'ਤੀ ਪੰਜਾਬ ਦੀ ਧੀ, ਰੂਹ ਕੰਬਾ ਦੇਵੇਗੀ ਹੱਡ-ਬੀਤੀ
ਗਾਜਰ, ਗੋਭੀ ਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ
ਅੱਜ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਗਾਜਰ ਦੀ ਫਸਲ ਦੀ ਪੁਟਾਈ ਬੰਦ ਹੋ ਗਈ ਹੈ, ਉੱਥੇ ਹੀ ਇਸ ਫਸਲ ਦੇ ਜ਼ਿਆਦਾ ਬਾਰਿਸ਼ ਹੋਣ ਉਪਰੰਤ ਗਲਣ ਦੇ ਅਸਾਰ ਵੱਧ ਜਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਸੁਖਵਿੰਦਰ ਸਿੰਘ ਸਾਬਾ, ਸੁੱਚਾ ਸਿੰਘ ਦਰੀਏਵਾਲ, ਸੁਖਚੈਨ ਸਿੰਘ ਠੱਟਾ, ਜਸਵੀਰ ਸਿੰਘ ਸੂਜੋਕਾਲੀਆ, ਲਖਵੀਰ ਸਿੰਘ ਖਿੰਡਾ ਆਦਿ ਨੇ ਦੱਸਿਆ ਕਿ ਜੇਕਰ ਜਿਆਦਾ ਬਰਸਾਤ ਹੋਈ ਤਾਂ ਗਾਜਰ ਦੀ ਫਸਲ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ ਅਤੇ ਫਸਲ ਗਲਣੀ ਸ਼ੁਰੂ ਹੋ ਜਾਵੇਗੀ।
ਆਲੂ ਦੀ ਪੁਟਾਈ ਲੇਟ ਹੋਣ ਤੇ ਮੱਕੀ ਦੀ ਬਿਜਾਈ 'ਤੇ ਪਵੇਗਾ ਅਸਰ
ਅੱਜ ਪੂਰਾ ਦਿਨ ਰੁਕ-ਰੁਕ ਕੇ ਹੋਈ ਬਰਸਾਤ ਕਾਰਨ ਕਿਸਾਨਾਂ ਵੱਲੋਂ ਆਲੂਆਂ ਦੀ ਕੀਤੀ ਜਾ ਰਹੀ ਪੁਟਾਈ ਦਾ ਕੰਮ ਮੁਕੰਮਲ ਰੂਪ ਵਿੱਚ ਬੰਦ ਹੋ ਗਿਆ ਹੈ। ਕੁਝ ਖੇਤਾਂ ਵਿੱਚ ਗਾਜਰ ਦੀ ਪੁਟਾਈ ਅਤੇ ਆਲੂ ਦੀ ਪੁਟਾਈ ਉਪਰੰਤ ਮੱਕੀ ਦੀ ਬਿਜਾਈ ਵਾਸਤੇ ਖੇਤ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿੱਚ ਬਾਰਿਸ਼ ਕਾਰਨ ਮੱਕੀ ਦੀ ਬਿਜਾਈ ਵੀ ਲੇਟ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ- ਘਰ 'ਚ ਲੱਗੀ ਕੁੰਡੀ ਫੜਨ ਗਏ ਲਾਈਨਮੈਨ ਨੂੰ ਅੰਦਰ ਡੱਕ ਕੇ ਚਾੜ੍ਹਿਆ ਕੁਟਾਪਾ, 'ਜੀਜਾ' ਕਹਿ ਕੇ ਛੁਡਾਈ ਜਾਨ
ਮੱਕੀ ਦੀ ਬਿਜਾਈ ਵਾਸਤੇ ਜਿਹੜੇ ਖੇਤ ਤਿਆਰ ਕੀਤੇ ਸਨ ਉਨ੍ਹਾਂ ਨੂੰ ਵੀ ਦੁਬਾਰਾ ਵਾਹੁਣ 'ਤੇ ਕਿਸਾਨਾਂ ਦਾ ਦੋਹਰਾ ਖਰਚਾ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਹੋਰ ਆਰਥਿਕ ਬੋਝ ਝੱਲਣਾ ਪਵੇਗਾ। ਉੱਘੇ ਕਿਸਾਨ ਨਵਦੀਪ ਸਿੰਘ ਸੂਜੋਕਾਲੀਆ, ਕੈਪਟਨ ਜਸਵਿੰਦਰ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ ਥਿੰਦ ਨੇ ਦੱਸਿਆ ਕਿ ਤੜਕਸਾਰ ਹਲਕੇ ਅੰਦਰ ਹੋਈ ਬਰਸਾਤ ਨਾਲ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆਲੂ ਦੀ ਪੁਟਾਈ ਬੰਦ ਹੋ ਗਈ ਹੈ ਅਤੇ ਬਰਸਾਤ ਨਾਲ ਤਿਆਰ ਹੋਏ ਗੋਭੀ ਦੇ ਫੁੱਲ ਵੀ ਦਾਗੀ ਹੋ ਸਕਦੇ ਹਨ, ਜਿਸ ਨਾਲ ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ ਵਧ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪਵੇਗਾ।
ਬਾਰਿਸ਼ ਹੋਣ ਨਾਲ ਮਜ਼ਦੂਰ ਵਰਗ ਨੂੰ ਆਈ ਮੁਸ਼ਕਲ
ਅੱਜ ਲਗਾਤਾਰ ਸਵੇਰ ਦੇ ਸਮੇਂ ਪਹਿਲੀ ਬਾਰਸ਼ ਸ਼ੁਰੂ ਹੋਣ ਨਾਲ ਰੋਜ਼ਾਨਾ ਦਿਹਾੜੀ ਕਰ ਕੇ ਗੁਜ਼ਰ ਬਸਰ ਕਰਨ ਵਾਲੇ ਦਿਹਾੜੀਦਾਰਾਂ ਨੂੰ ਅਚਾਨਕ ਤੇਜ਼ ਬਾਰਸ਼ ਸ਼ੁਰੂ ਹੋਣ 'ਤੇ ਮਜਬੂਰ ਹੋ ਕੇ ਘਰ ਖਾਲੀ ਹੱਥ ਵਾਪਸ ਜਾਣਾ ਪਿਆ, ਜਿਸ ਕਾਰਨ ਉਨ੍ਹਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਦਿਖਾਈ ਦਿੱਤੀ। ਝੁੱਗੀ ਝੌਂਪੜੀ ਵਿੱਚ ਗੁਜ਼ਰ ਬਸਰ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਵੀ ਇਹ ਬਾਰਿਸ਼ ਪ੍ਰੇਸ਼ਾਨੀ ਲੈ ਕੇ ਆਈ ਹੈ। ਬਾਰਸ਼ ਨੇ ਜਿਥੇ ਠੰਢ ਵਿੱਚ ਅਚਾਨਕ ਵਾਧਾ ਕਰ ਦਿੱਤਾ, ਉੱਥੇ ਝੁੱਗੀ ਝੌਂਪੜੀ ਵਾਲੇ ਵੀ ਆਪਣੇ ਆਪ ਨੂੰ ਮੀਂਹ ਤੋਂ ਬਚਾਉਣ ਲਈ ਝੁੱਗੀ ਦੇ ਆਲੇ ਦੁਆਲੇ ਮੁਸ਼ੱਕਤ ਕਰਦੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ- ਡਾਕਟਰ ਨੂੰ ਮਰੀਜ਼ ਦਾ ਆਪ੍ਰੇਸ਼ਨ ਕਰਨਾ ਪੈ ਗਿਆ ਮਹਿੰਗਾ, ਹੁਣ ਦੇਣਾ ਪਵੇਗਾ ਲੱਖਾਂ ਰੁਪਏ ਜੁਰਮਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e