ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਦੀ ਸ਼ਿਕਾਇਤ ’ਤੇ 2 ਟ੍ਰੈਵਲ ਏਜੰਟਾਂ ਵਿਰੁੱਧ ਪਰਚਾ ਦਰਜ
Friday, Feb 21, 2025 - 06:07 PM (IST)

ਕਪੂਰਥਲਾ (ਭੂਸ਼ਣ/ਮਹਾਜਨ)-ਪਿੰਡ ਚੱਕੋਕੀ ਵਾਸੀ ਨੌਜਵਾਨ ਨੂੰ ਟ੍ਰੈਵਲ ਏਜੰਟ ਵੱਲੋਂ ਸਿੱਧਾ ਅਮਰੀਕਾ ਦੇ ਨਾਮ ’ਤੇ ਮੈਕਸੀਕੋ ਭੇਜਿਆ ਅਤੇ ਪੁਲਸ ਵੱਲੋਂ ਉਸਨੂੰ ਵਾਪਸ ਡਿਪੋਰਟ ਕਰਨ ਤੋਂ ਬਾਅਦ ਨੌਜਵਾਨ ਦੀ ਸ਼ਿਕਾਇਤ ’ਤੇ ਥਾਣਾ ਢਿੱਲਵਾਂ ਪੁਲਸ ਨੇ 2 ਟ੍ਰੈਵਲ ਏਜੰਟਾਂ ਖਿਲਾਫ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਨੂੰ ਦਰਜ ਕਰਵਾਈ ਗਈ ਆਪਣੀ ਸ਼ਿਕਾਇਤ ’ਚ ਅਮਰੀਕਾ ਤੋਂ ਡਿਪੋਰਟ ਹੋਏ ਪਿੰਡ ਚੱਕੋਕੀ ਵਾਸੀ ਨਿਸ਼ਾਨ ਸਿੰਘ ਨੇ ਕਿਹਾ ਕਿ ਉਸ ਨੂੰ ਪਿੰਡ ਲੱਖਣ ਕਾ ਪੱਡਾ ਦੇ ਸੁਖਜਿੰਦਰ ਸਿੰਘ ਸੋਨੀ ਅਤੇ ਪਿੰਡ ਕਿਸ਼ਨ ਸਿੰਘ ਵਾਲਾ ਦੇ ਲੱਖੀ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਫਰਾਂਸ ਤੋਂ ਅਮਰੀਕਾ ਭੇਜਣ ਦਾ ਸੌਦਾ ਉਕਤ ਦੋ ਏਜੰਟਾਂ ਨਾਲ 35 ਲੱਖ ਰੁਪਏ ’ਚ ਤੈਅ ਹੋਇਆ ਸੀ, ਇਸ ਲਈ ਉਨ੍ਹਾਂ ਦੇ ਪਰਿਵਾਰ ਨੇ 22 ਲੱਖ ਰੁਪਏ ਨਕਦ ਅਤੇ 13 ਲੱਖ ਰੁਪਏ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿਚ ਪਵਾਏ।
ਇਹ ਵੀ ਪੜ੍ਹੋ : ਪੰਜਾਬ ਦੇ ਕਾਲਜ 'ਚ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਿਖੇ ਨੋਟ ਨੂੰ ਪੜ੍ਹ ਉੱਡੇ ਸਭ ਦੇ ਹੋਸ਼
ਉਕਤ ਦੋਵਾਂ ਏਜੰਟਾਂ ਨੇ ਪਰਿਵਾਰ ਨੂੰ ਜਹਾਜ਼ ਰਾਹੀਂ ਸਿੱਧਾ ਅਮਰੀਕਾ ਭੇਜਣ ਲਈ ਕਿਹਾ ਸੀ ਪਰ ਉਕਤ ਏਜੰਟਾਂ ਨੇ ਉਸ ਨੂੰ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਉਸ ਨੂੰ ਸੂਰੀਨਾਮ ਨਾਮਕ ਦੇਸ਼ ਵਿਚ ਛੱਡ ਦਿੱਤਾ, ਜਿੱਥੋਂ ਉਸ ਨੂੰ ਡੌਂਕੀ ਰਾਹੀਂ ਪੈਦਲ ਮੈਕਸੀਕੋ ਲਿਜਾਇਆ ਗਿਆ। ਫਿਰ ਉਹ ਮੈਕਸੀਕੋ ਦੀ ਕੰਧ ਪਾਰ ਕਰਕੇ ਅਮਰੀਕਾ ਵਿਚ ਦਾਖ਼ਲ ਹੋਇਆ, ਜਿੱਥੇ ਅਮਰੀਕੀ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਜੇਲ ਵਿਚ ਪਾ ਦਿੱਤਾ। ਹੁਣ ਉਸਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਘਰ ਵਾਪਸ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਅਗਲੇ 24 ਘੰਟੇ ਅਹਿਮ, ਕਈ ਸੂਬਿਆਂ 'ਚ ਤੂਫ਼ਾਨ ਨਾਲ ਭਾਰੀ ਮੀਂਹ ਦਾ Alert
ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ 16 ਦਿਨ ਜੰਗਲ ਵਿਚ ਭਟਕਦਾ ਰਿਹਾ। ਉਸ ਨੇ ਕਿਹਾ ਕਿ ਏਜੰਟਾਂ ਨੇ ਉਸ ਦੇ ਪਰਿਵਾਰ ਤੋਂ ਮੈਕਸੀਕੋ ਦੀਵਾਰ ਪਾਰ ਕਰਨ ਵਿਚ ਮਦਦ ਕਰਨ ਲਈ 10 ਲੱਖ ਰੁਪਏ ਵੱਖਰੇ ਤੌਰ ’ਤੇ ਲਏ। ਇਸ ਤਰ੍ਹਾਂ ਦੋਵਾਂ ਏਜੰਟਾਂ ਨੇ ਉਸ ਨਾਲ ਤੈਅ ਕੀਤੀ ਰਕਮ 35 ਲੱਖ ਰੁਪਏ ਦੀ ਬਜਾਏ ਉਸ ਨਾਲ 45 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਦੇ ਆਧਾਰ ’ਤੇ ਥਾਣਾ ਢਿੱਲਵਾਂ ਦੀ ਪੁਲਸ ਨੇ ਦੋਵਾਂ ਏਜੰਟਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ ਹਾਈ ਸਪੀਡ ਕਰੇਨ, ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e