105 ਕਰੋੜ ਦੀ ਹੈਰੋਇਨ ਬਰਾਮਦ ਕਰ ਕੇ ਕਪੂਰਥਲਾ ਪੁਲਸ ਨੇ ਹਾਸਲ ਕੀਤੀ ਪੰਜਾਬ ''ਚੋਂ ਪਹਿਲੀ ਪੁਜ਼ੀਸ਼ਨ
Saturday, Dec 28, 2019 - 11:58 PM (IST)

ਕਪੂਰਥਲਾ, (ਭੂਸ਼ਣ)— ਸਾਲ 2019 ਕਪੂਰਥਲਾ ਪੁਲਸ ਲਈ ਜਿਥੇ ਡਰੱਗ ਵਿਰੋਧੀ ਮੁਹਿੰੰਮ ਲਈ ਯਾਦਗਰ ਸਾਬਤ ਹੋਇਆ, ਉਥੇ ਹੀ ਇਸ ਪੂਰੇ ਸਾਲ ਦੌਰਾਨ ਜ਼ਿਲ੍ਹਾ ਕਪੂਰਥਲਾ ਪੁਲਸ ਨੇ 105 ਕਰੋੜ ਦੀ ਹੈਰੋਇਨ ਬਰਾਮਦ ਕਰ ਕੇ ਸੂਬੇ ਭਰ 'ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਉਥੇ ਹੀ ਇਸ ਪੂਰੇ ਸਾਲ ਦੌਰਾਨ ਕਪੂਰਥਲਾ ਪੁਲਸ ਨੇ ਜ਼ਿਲੇ ਦੇ 15 ਥਾਣਾ ਖੇਤਰਾਂ 'ਚ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 5 ਵਿਦੇਸ਼ੀ ਮੂਲ ਦੇ 5 ਨਾਗਰਿਕਾਂ ਸਮੇਤ ਭਾਰੀ ਗਿਣਤੀ 'ਚ ਡਰੱਗ ਸਮੱਗਲਰਾਂ ਨੂੰ ਕਾਬੂ ਕਰ ਕੇ ਕਰੋੜਾਂ ਦੀ ਹੈਰੋਇਨ, ਚੂਰਾ-ਪੋਸਤ, ਨਸ਼ੇ ਵਾਲੇ ਇੰਜਕੈਸ਼ਨ ਅਤੇ ਨਸ਼ੇ ਵਾਲੇ ਪਾਊਂਡਰ ਸਮੇਤ ਹੋਰ ਕਈ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ।
ਡੀ. ਜੀ. ਪੀ. ਦੇ ਹੁਕਮਾਂ 'ਤੇ ਖਰੀ ਉਤਰੀ ਜ਼ਿਲ੍ਹਾ ਪੁਲਸ
ਜ਼ਿਕਰਯੋਗ ਹੈ 2019 'ਚ ਬਤੌਰ ਡੀ. ਜੀ. ਪੀ. ਦਾ ਅਹੁਦਾ ਸੰਭਾਲਣ ਵਾਲੇ ਦਿਨਕਰ ਗੁਪਤਾ ਨੇ ਪੂਰੇ ਸੂਬੇ 'ਚੋਂ ਡਰੱਗ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਪੰਜਾਬ ਪੁਲਸ ਨੂੰ ਡਰੱਗ ਨੈੱਟਵਰਕ ਤੋੜਨ ਦਾ ਹੁਕਮ ਜਾਰੀ ਕੀਤਾ ਸੀ। ਜਿਸ ਤਹਿਤ ਐੱਸ. ਐੱਸ. ਪੀ. ਸਤਿੰਦਰ ਸਿੰਘ ਦੀ ਅਗਵਾਈ 'ਚ ਕਪੂਰਥਲਾ ਪੁਲਸ ਦੇ 15 ਥਾਣਾ ਖੇਤਰਾਂ ਅਤੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ। ਧਿਆਨ ਦੇਈਏ ਕਿ ਕਪੂਰਥਲਾ ਪੁਲਸ ਡੀ. ਜੀ. ਪੀ. ਦੇ ਹੁਕਮਾਂ 'ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ।
ਅਫਰੀਕੀ ਮੂਲ ਦੇ ਨਾਗਰਿਕਾਂ ਕੋਲੋਂ ਭਾਰੀ ਮਾਤਰਾ 'ਚ ਬਰਾਮਦ ਕੀਤੀ ਹੈਰੋਇਨ ਦੀ ਖੇਪ
ਇਸ ਦੌਰਾਨ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ 'ਚ ਪੂਰੇ ਜ਼ਿਲੇ 'ਚ ਨਵੀਂ ਦਿੱਲੀ ਦੇ ਡਰੱਗ ਮਾਫੀਆ ਕੋਲੋਂ ਹੈਰੋਇਨ ਦੀ ਖੇਪ ਲੈ ਕੇ ਆ ਰਹੇ 5 ਅਫਰੀਕੀ ਮੂਲ ਦੇ ਨਾਗਰਿਕਾਂ ਨੂੰ ਭਾਰੀ ਮਾਤਰਾ 'ਚ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ। ਜਿਸ ਦੌਰਾਨ ਕਪੂਰਥਲਾ ਪੁਲਸ ਨੇ ਪੂਰੇ ਜ਼ਿਲੇ 'ਚ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਕਰੀਬ 21 ਕਿੱਲੋ ਹੈਰੋਇਨ ਬਰਾਮਦ ਕਰ ਕੇ ਪੂਰੇ ਪੰਜਾਬ 'ਚੋਂ ਨੰਬਰ 1 ਪੁਜ਼ੀਸ਼ਨ ਹਾਸਲ ਕੀਤੀ। ਇਸ ਪੂਰੇ ਆਪ੍ਰੇਸ਼ਨ ਦੌਰਾਨ ਵਿਦੇਸ਼ੀ ਨਾਗਰਿਕਾਂ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਕਈ ਹੋਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ।