ਕਪੂਰਥਲਾ ਜ਼ਿਲ੍ਹੇ ''ਚ 26 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, 12 ਮਾਡਰਨ ਜੇਲ੍ਹ ਨਾਲ ਸੰਬੰਧਿਤ

Tuesday, Jul 28, 2020 - 09:09 PM (IST)

ਕਪੂਰਥਲਾ,(ਮਹਾਜਨ)- ਕੋਰੋਨਾ ਦਾ ਸੰਕਰਮਣ ਜ਼ਿਲ੍ਹੇ 'ਚ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਕਦੇ 5, ਕਦੇ 6, ਕਦੇ 10 ਦੇ ਹਿਸਾਬ ਨਾਲ ਇੱਕ ਹੀ ਦਿਨ 'ਚ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਕੁਝ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਕਰੀਬ 220 ਦੇ ਪਾਰ ਪਹੁੰਚ ਗਿਆ ਹੈ। ਉੱਧਰ ਮੰਗਲਵਾਰ ਨੂੰ ਇੱਕ ਹੀ ਦਿਨ 'ਚ 26 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾ 'ਚ ਦਹਿਸ਼ਤ ਵੱਧ ਗਈ। ਉੱਥੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਕਿਉਂਕਿ ਜੋ 26 ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾ 'ਚੋਂ 12 ਮਾਮਲੇ ਜੇਲ੍ਹ ਨਾਲ ਸਬੰਧਤ ਹਨ, ਜਦਕਿ ਹੋਰ 14 ਮਾਮਲੇ ਫਗਵਾੜਾ, ਕਪੂਰਥਲਾ ਆਸ-ਪਾਸ ਦੇ ਪਿੰਡਾਂ ਨਾਲ ਸਬੰਧਤ ਹਨ।
ਜ਼ਿਕਰਯੋਗ ਹੈ ਕਿ ਮਾਡਰਨ ਜੇਲ੍ਹ 'ਚ ਜੋ 12 ਕੋਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚ 6 ਜੇਲ੍ਹ ਦੇ ਬੰਦੀ ਤੇ 6 ਪੁਲਸ ਕਰਮਚਾਰੀ ਸ਼ਾਮਲ ਹਨ। ਹਾਲਾਂਕਿ ਪਾਜ਼ੇਟਿਵ ਪਾਏ ਗਏ ਇਨ੍ਹਾਂ 12 ਮਰੀਜ਼ਾਂ ਨੂੰ ਜੇਲ੍ਹ 'ਚ ਹੀ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਸੈਂਟਰ 'ਚ ਦਾਖਲ ਕਰ ਦਿੱਤਾ ਗਿਆ ਹੈ, ਤੇ ਇਨ੍ਹਾਂ ਦੀ ਦੇਖਭਾਲ ਦੇ ਲਈ ਡਾਕਟਰਾਂ ਤੇ ਸਿਹਤ ਟੀਮ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉੱਥੇ ਹੀ ਜੇਲ੍ਹ 'ਚ 12 ਕੇਸ ਸਾਹਮਣੇ ਆਉਣ ਨਾਲ ਜੇਲ੍ਹ 'ਚ ਬੰਦ ਕੈਦੀਆਂ ਤੇ ਤਾਇਨਾਤ ਪੁਲਸ ਕਰਮਚਾਰੀਆਂ 'ਚ ਹੜਕੰਪ ਮਚ ਗਿਆ ਹੈ ਕਿਉਂਕਿ ਮਾਡਰਨ ਜੇਲ੍ਹ 'ਚ ਪਹਿਲਾਂ ਹੀ ਆਪਣੀ ਸਮਰਥਾ ਤੋਂ ਵੱਧ ਕੈਦੀ ਬੰਦ ਹਨ, ਅਜਿਹੇ 'ਚ ਜੇਲ੍ਹ 'ਚ ਕੋਰੋਨਾ ਪਾਜ਼ੇਟਿਵ ਪਾਇਆ ਜਾਣਾ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸੁਰੱਖਿਆ ਦੇ ਲਿਹਾਜ ਨਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ 'ਚ ਸੈਨੀਟਾਈਜੇਸ਼ਨ ਕਰਨ ਤੇ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸਕਰੀਨਿੰਗ ਕਰਨ ਦੇ ਲਈ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।
ਉੱਧਰ 7 ਮਾਮਲੇ ਫਗਵਾੜਾ, ਕਪੂਰਥਲਾ ਤੋਂ 4, ਸੈਦੋ ਭੁਲਾਣਾ ਤੋਂ 1, ਪੰਡੋਰੀ ਮਾਲੀ ਤੋਂ 1, ਬੂਲਪੁਰ ਤੋਂ 1 ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਈਸੋਲੇਸ਼ਨ ਸੈਂਟਰ 'ਚ ਦਾਖਲ ਕਰ ਦਿੱਤਾ ਗਿਆ ਹੈ। ਉੱਥੇ ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ ਸੰਪਰਕ 'ਚ ਆਉਣ ਵਾਲਿਆਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ। 26 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 77 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ 9 ਲੋਕਾਂ ਦੀ ਮੌਤ ਹੋ
ਚੁੱਕੀ ਹੈ।

ਜੇਲ੍ਹ 'ਚ ਤਾਇਨਾਤ ਸਾਰੇ ਸਟਾਫ ਤੇ ਬੰਦੀਆਂ ਦੇ ਜਲਦ ਹੋਣਗੇ ਕੋਰੋਨਾ ਟੈਸਟ : ਡੀ. ਸੀ.
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕੋਰੋਨਾ ਪਾਜ਼ੇਟਿਵ ਮਾਮਲਿਆਂ 'ਚ ਆਈ ਤੇਜ਼ੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਕੋਰੋਨਾ ਤੋਂ ਬਚਾਅ ਬਾਰੇ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ। ਉਨ੍ਹਾਂ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਕੋਰੋਨਾ ਦੀ ਰੋਕਥਾਮ ਲਈ ਜਾਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਲੋਕ੍ਸੁਰੱਖਿਅਤ ਰਹਿਣ। ਉਨ੍ਹਾਂ ਕੇਂਦਰੀ ਜੇਲ੍ਹ ਵਿਚ 12 ਬੰਦੀਆਂ ਦੇ ਨਮੂਨੇ ਪਾਜ਼ੇਟਿਵ ਆਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜੇਲ੍ਹ ਵਿਚ ਮੌਜੂਦ ਸਾਰੇ ਕੈਦੀਆਂ ਦੇ ਨਮੂਨੇ ਜਲਦ ਲੈ ਕੇ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਵਿਸ਼ੇਸ਼ ਆਈਸੋਲੇਸ਼ਨ ਤੇ
ਕੁਆਰੰਟਾਇਨ ਸੈਂਟਰ ਬਣਾਇਆ ਗਿਆ ਹੈ ਅਤੇ 3 ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਵੀ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹ 'ਚ ਤਾਇਨਾਤ ਸਾਰੇ ਸਟਾਫ ਦੇ ਵੀ ਕੋਰੋਨਾ ਸਬੰਧੀ ਟੈਸਟ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜੋ ਕਿ ਕੋਰੋਨਾ ਪਾਜ਼ੇਟਿਵ ਸਨ, ਅੱਜ ਹੋਮ ਆਈਸੋਲੇਸ਼ਨ 'ਚੋਂ ਬਾਹਰ ਆ ਗਏ ਹਨ  ਜਦਕਿ ਕਪੂਰਥਲਾ ਵਿਖੇ ਆਈਸੋਲੇਸ਼ਨ ਕੇਂਦਰ ਤੋਂ ਵੀ ਇਕ ਔਰਤ ਨੂੰ ਡਿਸਚਾਰਜ ਕੀਤਾ ਗਿਆ ਹੈ, ਜਿਸਦੀ ਰਿਪੋਰਟ ਨੈਗੇਟਿਵ ਆਈ ਹੈ। ਮੰਗਲਵਾਰ ਨੂੰ ਕੁੱਲ 245 ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨਾਂ ਵਿਚ ਕਪੂਰਥਲਾ ਸਿਵਲ ਹਸਪਤਾਲ ਤੋਂ 64, ਸੁਲਤਾਨਪੁਰ ਲੋਧੀ ਤੋਂ 10, ਭਲੁੱਥ ਤੋਂ 26, ਬੇਗੋਵਾਲ ਤੋਂ 24, ਟਿੱਬਾ ਤੋਂ 46, ਕਾਲਾ ਸੰਘਿਆਂ ਤੋਂ 60  ਤੇ ਫੱਤੂਢੀਂਗਾ ਤੋਂ 15 ਨਮੂਨੇ ਸ਼ਾਮਿਲ ਹਨ।      


Deepak Kumar

Content Editor

Related News