ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 4 ਦੀ ਮੌਤ, 79 ਪਾਜ਼ੇਟਿਵ

Monday, Sep 14, 2020 - 12:32 AM (IST)

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਕਾਲ ’ਚ ਕੰਮਕਾਜ ਤੋਂ ਛੁੱਟੀ ਦਾ ਦਿਨ ਹੋਣ ਕਾਰਣ ਐਤਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਬੈਠੇ ਲੋਕਾਂ ’ਚ ਖੌਫ ਉਦੋਂ ਫੈਲ ਗਿਆ, ਜਦੋਂ ਕੋਰੋਨਾ ਟੈਸਟਾਂ ਦੀ ਆਈ ਰਿਪੋਰਟ ’ਚ 53 ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚੋਂ ਕਪੂਰਥਲਾ ਸਿਵਲ ਹਸਪਤਾਲ ਦੇ ਸਿਵਲ ਸਰਜਨ ਖੁਦ ਕੋਰੋਨਾ ਦੀ ਲਪੇਟ ’ਚ ਆ ਗਏ। ਜਿਸਦੇ ਬਾਅਦ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਤੇ ਉਨ੍ਹਾਂ ਦੇ ਸਟਾਫ ਦੀ ਸਕਰੀਨਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਕੋਆਰੰਨਟੀਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਐਤਵਾਰ ਨੂੰ ਜ਼ਿਲੇ ’ਚ ਕੋਰੋਨਾ ਨਾਲ 4 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਲੋਕਾਂ ’ਚ ਖੌਫ ਵੱਧ ਗਿਆ ਹੈ।

ਜ਼ਿਕਰਯੋਗ ਹੈ ਕਿ ਸਿਵਲ ਸਰਜਨ ਕਪੂਰਥਲਾ ਕੋਰੋਨਾ ਮਹਾਮਾਰੀ ’ਚ ਸਭ ਤੋਂ ਮੋਹਰੀ ਹੋ ਕੇ ਲਡ਼ਾਈ ਲਡ਼ ਰਹੀ ਸੀ। ਜ਼ਿਲਾ ਵਾਸੀਆਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ’ਚ ਜੁਟੀ ਵੱਖ-ਵੱਖ ਟੀਮਾਂ ਦੀ ਅਗਵਾਈ ਕਰਨ ਵਾਲੇ ਸਿਵਲ ਸਰਜਨ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਾਲਾਂਕਿ ਉਨ੍ਹਾਂ ਨੇ ਸਭ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਖੁਦ ਨੂੰ ਆਈਸੋਲੇਟ ਕਰ ਲਿਆ ਹੈ।

ਐਤਵਾਰ ਨੂੰ ਜ਼ਿਲੇ ’ਚ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ 3 ਕਪੂਰਥਲਾ ਤੋਂ ਤੇ 1 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ। ਮਰਨ ਵਾਲਿਆ ’ਚ ਕਪੂਰਥਲਾ ਦੇ ਰਹਿਣ ਵਾਲੇ 60 ਸਾਲਾ ਪੁਰਸ਼ ਤੇ ਸੁਲਤਾਨਪੁਰ ਲੋਧੀ ਦੇ ਅਰਬਨ ਅਸਟੇਟ ਵਾਸੀ 62 ਸਾਲਾ ਪੁਰਸ਼, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਸਨ। ਇਸੇ ਤਰ੍ਹਾਂ ਮੁਹੱਲਾ ਮਹਿਤਾਬਗਡ਼੍ਹ ਤੋਂ 50 ਸਾਲਾ ਔਰਤ, ਜੋ ਕਿ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ’ਚ ਆਪਣਾ ਇਲਾਜ ਕਰਵਾ ਰਹੀ ਸੀ। ਜਿਨ੍ਹਾਂ ਦੀ ਹਾਲਤ ਵਿਗਡ਼ਨ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਿਸਦੇ ਬਾਅਦ ਹੁਣ ਤੱਕ 94 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਐਤਵਾਰ ਨੂੰ 79 ਨਵੇਂ ਮਰੀਜ਼ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ’ਚੋਂ ਕਪੂਰਥਲਾ ਸਬ ਡਵੀਜਨ ਤੋਂ 20, ਸੁਲਤਾਨਪੁਰ ਲੋਧੀ ਸਬ ਡਵੀਜਨ ਤੋਂ 4, ਭੁਲੱਥ ਸਬ ਡਵੀਜਨ ਤੋਂ 18 ਤੇ ਫਗਵਾਡ਼ਾ ਸਬ ਡਵੀਜਨ ਤੋਂ 25 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 2216 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 1325 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 658 ਮਰੀਜ਼ ਐਕਟਿਵ ਚੱਲ ਰਹੇ ਹਨ। ਇਸ ਤੋਂ ਇਲਾਵਾ 41 ਮਰੀਜ਼ਾਂ ਨੂੰ ਐਤਵਾਰ ਨੂੰ ਡਿਸਚਾਰਜ ਕੀਤਾ ਗਿਆ ਹੈ।

ਬੇਗੋਵਾਲ, (ਰਜਿੰਦਰ)-ਐਤਵਾਰ ਨੂੰ ਆਈ ਰਿਪੋਰਟ ਵਿਚ ਬੇਗੋਵਾਲ ਇਲਾਕੇ ਵਿਚ ਕੋਰੋਨਾ ਦੇ 5 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 34 ਸਾਲਾ ਸਰਕਾਰੀ ਡਾਕਟਰ, 35 ਸਾਲਾ ਹੈਲਥ ਵਰਕਰ, ਪਿੰਡ ਮੁਬਾਰਕਪੁਰ ਬਾਓਲੀ ਤੋਂ 48 ਸਾਲਾ ਵਿਅਕਤੀ, 14 ਸਾਲਾ ਲੜਕਾ ਤੇ 20 ਸਾਲਾਂ ਲੜਕੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਰਕਾਰੀ ਹਸਪਤਾਲ ਬੇਗੋਵਾਲ ਦੀ ਐੱਸ. ਐੱਮ. ਓ. ਡਾ. ਕਰਨਪ੍ਰੀਤ ਕੌਰ ਸ਼ੇਖੋ ਨੇ ਕੀਤੀ।

ਪ੍ਰਵਾਸੀ ਮਜ਼ਦੂਰਾਂ ਦੇ ਸੈਂਪਲ ਲਏ

ਕਪੂਰਥਲਾ, (ਮੱਲ੍ਹੀ)-ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਰੀਟਾ ਦੀ ਅਗਵਾਈ ਹੇਠ ਅੱਜ ਮੈਡੀਕਲ ਅਫਸਰ ਭਾਣੋ ਲੰਗਾ ਡਾਕਟਰ ਗੁਨਤਾਸ ਤੇ ਉਨ੍ਹਾਂ ਦੀ ਟੀਮ ਨੇ ਪਿੰਡ ਖੈਡ਼ਾ ਦੋਨਾ ਨੇਡ਼ੇ ਵਸਦੇ ਵੱਡੀ ਗਿਣਤੀ ਵਿਚ ਝੁੱਗੀ-ਝੌਂਪਡ਼ੀ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਕੋਰੋਨਾ ਵਾਇਰਸ ਟੈਸਟਾਂ ਲਈ ਸੈਂਪਲ ਲਏ। ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਏ. ਐੱਨ. ਐੱਮ. ਮਨਜੀਤ ਕੌਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆ ਆਸ਼ਾ ਵਰਕਰਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਸਵੈ ਇੱਛਾ ਨਾਲ ਕੋਰੋਣਾ ਵਾਇਰਸ ਟੈਸਟਾਂ ਲਈ ਸੈਂਪਲ ਦੇਣ ਲਈ ਸਹਿਮਤ ਕਰਨ ’ਚ ਅਹਿਮ ਯੋਗਦਾਨ ਪਾਇਆ।


Bharat Thapa

Content Editor

Related News