ਮਾਮੂਲੀ ਗੱਲ ਪਿੱਛੇ ਪੁੱਤ ਨੇ ਮਾਂ ਦਾ ਕੀਤਾ ਕਤਲ

Saturday, Dec 05, 2020 - 10:25 PM (IST)

ਮਾਮੂਲੀ ਗੱਲ ਪਿੱਛੇ ਪੁੱਤ ਨੇ ਮਾਂ ਦਾ ਕੀਤਾ ਕਤਲ

ਕਪੂਰਥਲਾ,(ਭੂਸ਼ਣ/ਮਲਹੋਤਰਾ)- ਨੇੜਲੇ ਪਿੰਡ ਜਹਾਂਗੀਰਪੁਰ 'ਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇਕ ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਕਹੀ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ। ਥਾਣਾ ਫੱਤੂਢੀਂਗਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਮ੍ਰਿਤਕਾ ਮਨਿੰਦਰ ਕੌਰ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਹਰਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਜਹਾਂਗੀਰਪੁਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ 2 ਭਰਾ ਵਿਦੇਸ਼ 'ਚ ਰਹਿੰਦੇ ਹਨ, ਜਦਕਿ ਇਕ ਹੋਰ ਭਰਾ ਮਨਜੀਤ ਸਿੰਘ ਡੇਰੇ 'ਚ ਰਹਿੰਦਾ ਹੈ ਤੇ ਕਦੇ-ਕਦਾਈਂ ਘਰ ਆਉਂਦਾ ਹੈ। ਬੀਤੀ ਰਾਤ ਉਸ ਦਾ ਭਰਾ ਘਰ ਆਇਆ ਹੋਇਆ ਸੀ ਤੇ ਵਿਦੇਸ਼ 'ਚ ਰਹਿੰਦੇ ਭਰਾ ਜਸਪ੍ਰੀਤ ਸਿੰਘ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਦੀ ਮਾਤਾ ਮਨਿੰਦਰ ਕੌਰ ਨੇ ਵੀ ਉਸ ਕੋਲੋਂ ਫੋਨ ਫੜ ਕੇ ਜਸਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਤੈਸ਼ 'ਚ ਮਨਜੀਤ ਸਿੰਘ ਨੇ ਆਪਣੀ ਮਾਤਾ ਨੂੰ ਕਿਹਾ ਕਿ ਉਹ ਉਸਦੀਆਂ ਗੱਲਾਂ ਜਸਪ੍ਰੀਤ ਸਿੰਘ ਨੂੰ ਦੱਸਦੀ ਹੈ ਤੇ ਉਸਨੇ ਗੁੱਸੇ 'ਚ ਆ ਕੇ ਮਾਤਾ ਮਨਿੰਦਰ ਕੌਰ ਦੇ ਸਿਰ 'ਚ ਕਹੀ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲਗਾਤਾਰ ਵਾਰ ਕਰਨ ਨਾਲ ਉਸਦੀ ਮਾਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮਨਜੀਤ ਸਿੰਘ ਘਰ ਤੋਂ ਫਰਾਰ ਹੋ ਗਿਆ।


author

Deepak Kumar

Content Editor

Related News