ਜੇਕਰ ਕੰਗਨਾ ਨੂੰ ਕਿਸਾਨ ਖਾਲਿਸਤਾਨੀ ਲੱਗਦੇ ਹਨ, ਤਾਂ ਮੈਂ ਵੀ ਖਾਲਿਸਤਾਨੀ ਹਾਂ : ਧਰਮਸੌਤ

Thursday, Dec 10, 2020 - 03:05 AM (IST)

ਨਾਭਾ, (ਜੈਨ)- ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣਾ ਐਵਾਰਡ ਵਾਪਸ ਕਰਨ ਦੇ ਐਲਾਨ ਨੂੰ ਸਿਆਸੀ ਡਰਾਮਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਅਤੇ ਇਕ ਵਾਰ ਕੇਂਦਰੀ ਖੇਤੀਬਾਡ਼ੀ ਮੰਤਰੀ ਰਹੇ ਪਰ ਉਨ੍ਹਾਂ ਨੂੰ ਕਦੇ ਵੀ ਕਿਸਾਨਾਂ ਅਤੇ ਪੰਜਾਬੀਆਂ ਦੇ ਹਿੱਤ ਪਿਆਰੇ ਨਹੀਂ ਹੋਏ। ਇਹੀ ਹਾਲ ਸੁਖਬੀਰ ਸਿੰਘ ਬਾਦਲ ਦਾ ਹੈ, ਜੋ ਕੇਂਦਰ ’ਚ ਉਦਯੋਗ ਰਾਜ ਮੰਤਰੀ ਅਤੇ ਪੰਜਾਬ ਦਾ ਉਪ ਮੁੱਖ ਮੰਤਰੀ ਰਿਹਾ ਪਰ ਕਦੇ ਵੀ ਪੰਜਾਬ ’ਚ ਕੋਈ ਵੱਡੀ ਫੈਕਟਰੀ ਨਹੀਂ ਲਿਆਂਦੀ।

ਇਹ ਵੀ ਪੜ੍ਹੋ: ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ 6 ਸਾਲ ਕੇਂਦਰੀ ਕੈਬਨਿਟ ਮੰਤਰੀ ਰਹੀ ਪਰ ਕਦੇ ਵੀ ਕਿਸਾਨਾਂ ਦੀ ਹਮਦਰਦ ਨਹੀਂ ਬਣੀ। ਹੁਣ ਇਹ ਪਰਿਵਾਰ ਸਿਰਫ ਮਗਰਮੱਛ ਦੇ ਹੰਝੂ ਵਹਾਅ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਧਰਮਸੌਤ ਨੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਵਾਰ-ਵਾਰ ਖਾਲਿਸਤਾਨੀ ਕਹਿਣ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਜੇਕਰ ਕੰਗਨਾ ਨੂੰ ਦੇਸ਼ ਦਾ ਅੰਨਦਾਤਾ ਕਿਸਾਨ ਖਾਲਿਸਤਾਨੀ ਲੱਗਦਾ ਹੈ ਤਾਂ ਮੈਂ ਵੀ ਖਾਲਿਸਤਾਨੀ ਹਾਂ। ਕੰਗਨਾ ਵਾਰ-ਵਾਰ ਫੌਕੀ ਸ਼ੌਹਰਤ ਲਈ ਭਾਜਪਾ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਿਸਾਨਾਂ ਦਾ ਹਮਦਰਦ ਬਣਨ ਲਈ ਵੱਡੇ-ਵੱਡੇ ਸਿਆਸੀ ਡਰਾਮੇ ਕਰ ਰਿਹਾ ਹੈ ਪਰ ਪੰਜਾਬ ਦਾ ਕਿਸਾਨ ਮੋਦੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ।

ਇਹ ਵੀ ਪੜ੍ਹੋ: ਵੇਖੋ ਜੋਗਿੰਦਰ ਉਗਰਾਹਾਂ ਦਾ ਹਰ ਸਵਾਲ ‘ਤੇ ਖੁੱਲ੍ਹਾ ਇੰਟਰਵਿਊ (ਵੀਡੀਓ)

ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਹੰਕਾਰ ਤਾਂ ਰਾਵਣ ਦਾ ਵੀ ਟੁੱਟ ਗਿਆ ਸੀ, ਮੋਦੀ ਤਾਂ ਕੀ ਚੀਜ਼ ਹੈ? ਮੋਦੀ ਨੂੰ ਤਾਨਾਸ਼ਾਹ ਰਵੱਈਆ ਛੱਡ ਕੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਮੋਦੀ-ਸ਼ਾਹ ਦੀ ਕੁਰਸੀ ਖਤਰੇ ’ਚ ਪੈ ਜਾਵੇਗੀ। ਧਰਮਸੌਤ ਨੇ ਦਾਅਵਾ ਕੀਤਾ ਕਿ ਕਾਂਗਰਸ ਹਮੇਸ਼ਾ ਹੀ ਪੰਜਾਬ ਹਿਤੈਸ਼ੀ ਰਹੀ ਹੈ ਅਤੇ ਰਹੇਗੀ।


Bharat Thapa

Content Editor

Related News