ਬਚਪਨ ਤੋਂ ਹੱਥ ਚਲਦੇ ਨਹੀਂ, ਪੈਰਾਂ ਦੀਆਂ ਉਂਗਲੀਆਂ ਨਾਲ ਲਿਖਣਾ ਸਿੱਖਿਆ ਅਤੇ ਹੁਣ 5ਵੀਂ ਦੀ ਦੇ ਰਿਹਾ ਪ੍ਰੀਖਿਆ

03/17/2018 3:42:29 AM

ਲੁਧਿਆਣਾ(ਵਿੱਕੀ)-'ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਸਗੋਂ ਹੌਸਲੇ ਨਾਲ ਉਡਾਣ ਭਰੀ ਜਾਂਦੀ ਹੈ।' ਇਸ ਗੱਲ ਦੀ ਜਿਊਂਦੀ-ਜਾਗਦੀ ਮਿਸਾਲ ਹੈ ਲੁਧਿਆਣਾ ਦੇ ਪਿੰਡ ਸਹੋਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ 5ਵੀਂ ਕਲਾਸ 'ਚ ਪੜ੍ਹਨ ਵਾਲਾ ਵਿਦਿਆਰਥੀ ਕਮਲਜੀਤ ਸਿੰਘ।  ਉੱਪਰ ਵਾਲੇ ਨੇ ਬੇਸ਼ੱਕ ਇਸ ਮਾਸੂਮ ਨਾਲ ਨਾ-ਇਨਸਾਫੀ ਕੀਤੀ ਹੈ ਅਤੇ ਉਸ ਦੇ ਹੱਥ ਅਤੇ ਪੈਰ ਜਨਮ ਤੋਂ ਹੀ ਕੰਮ ਨਹੀਂ ਕਰ ਰਹੇ ਸਨ ਪਰ ਕਮਲਜੀਤ ਨੇ ਆਪਣੇ ਹੌਸਲੇ ਨੂੰ ਡਿੱਗਣ ਨਹੀਂ ਦਿੱਤਾ ਅਤੇ ਆਪਣੇ ਆਤਮ ਵਿਸ਼ਵਾਸ ਨਾਲ ਪਹਾੜ ਵਰਗੀਆਂ ਮੁਸ਼ਕਿਲਾਂ ਨੂੰ ਬੌਣਾ ਸਾਬਤ ਕਰ ਕੇ ਚਲਣਾ ਸ਼ੁਰੂ ਕਰ ਦਿੱਤਾ। 11 ਸਾਲਾ ਇਹ ਵਿਦਿਆਰਥੀ ਹੁਣ ਐੱਸ. ਸੀ. ਈ. ਆਰ. ਟੀ. ਵੱਲੋਂ ਲਈ ਜਾ ਰਹੀ ਪ੍ਰੀਖਿਆਵਾਂ 'ਚ ਆਮ ਬੱਚਿਆਂ ਨਾਲ ਹੀ ਪੇਪਰ ਦੇ ਰਿਹਾ ਹੈ ਪਰ ਇਸ ਦੀ ਖਾਸ ਗੱਲ ਇਹ ਹੈ ਕਿ ਇਹ ਹੱਥੋਂ ਨਹੀਂ, ਬਲਕਿ ਪੈਰ ਦੀਆਂ ਦੋ ਉਂਗਲੀਆਂ ਨਾਲ ਨਿਰਧਾਰਤ ਸਮੇਂ 'ਚ ਹੋਰਨਾਂ ਬੱਚਿਆਂ ਦੇ ਨਾਲ ਹੀ ਆਪਣਾ ਪੇਪਰ ਪੂਰਾ ਕਰ ਰਿਹਾ ਹੈ। ਬਚਪਨ ਤੋਂ ਹੀ ਇਸੇ ਹਾਲਤ 'ਚ ਵੱਡਾ ਹੋਇਆ ਕਮਲਜੀਤ ਆਪਣੀਆਂ ਸਰੀਰਕ ਮੁਸ਼ਕਲਾਂ ਨੂੰ ਦਰ ਕਿਨਾਰ ਕਰ ਕੇ ਭਵਿੱਖ 'ਚ ਸਰਕਾਰੀ ਅਧਿਆਪਕ ਬਣਨ ਦਾ ਸੁਪਨਾ ਸੰਜੋਈ ਬੈਠਾ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਦ੍ਰਿੜ੍ਹ ਸੰਕਲਪ ਹੈ। ਜਿਉਂ ਹੀ ਇਸ ਵਿਦਿਆਰਥੀ ਸਬੰਧੀ ਨਵਚੇਤਨਾ ਬਾਲ ਭਲਾਈ ਕਮੇਟੀ ਨੂੰ ਪਤਾ ਲੱਗਾ ਤਾਂ ਪ੍ਰਧਾਨ ਸੁਖਧੀਰ ਸੇਖੋਂ ਨੇ ਇਸ ਵਿਦਿਆਰਥੀ ਦੀ ਬੀਮਾਰੀ ਦੇ ਇਲਾਜ 'ਤੇ ਆਉਣ ਵਾਲਾ ਪੂਰਾ ਖਰਚ ਚੁੱਕਣ ਲਈ ਕਦਮ ਅੱਗੇ ਵਧਾਏ ਹਨ।
ਇਲਾਜ 'ਚ ਜਦੋਂ ਆਰਥਿਕ ਤੰਗੀ ਬਣੀ ਰੋੜਾ ਤਾਂ 'ਨਵੀਂ ਜ਼ਿੰਦਗੀ ਨਵੀਂ ਉਡਾਣ' ਨੇ ਫੜਿਆ ਹੱਥ
ਵਿਦਿਆਰਥੀ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਜਦੋਂ ਕਮਲਜੀਤ ਪੈਦਾ ਹੋਇਆ ਸੀ ਤਾਂ ਉਸ ਦੇ ਪੈਰ, ਛਾਤੀ ਤੇ ਹੱਥ ਮੋਢਿਆਂ ਨਾਲ ਲੱਗੇ ਹੋਏ ਸਨ, ਜਿਸ ਨੂੰ ਦੇਖ ਕੇ ਘਰ ਵਾਲੇ ਵੀ ਇਕਦਮ ਨਾਲ ਪ੍ਰੇਸ਼ਾਨੀ ਵਿਚ ਆ ਗਏ। ਵੈਲਡਿੰਗ ਦਾ ਕੰਮ ਕਰ ਕੇ ਸਿਰਫ 8,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਸੰਤੋਖ ਸਿੰਘ ਨੇ ਬੇਟੇ ਨੂੰ ਸਰਬ ਪ੍ਰਥਮ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਫਿਰ ਉਦੈਪੁਰ ਰਾਜਸਥਾਨ ਤੇ ਹੋਰਨਾਂ ਕਈ ਡਾਕਟਰਾਂ ਨੂੰ ਦਿਖਾਇਆ ਪਰ ਆਰਥਿਕ ਤੰਗੀ ਹਮੇਸ਼ਾ ਉਸ ਦੇ ਇਲਾਜ 'ਚ ਰੋੜਾ ਬਣੀ। ਇਕ ਦਿਨ ਐੱਨ. ਜੀ. ਓ. 'ਨਵੀਂ ਜ਼ਿੰਦਗੀ ਨਵੀਂ ਉਡਾਣ' ਵੱਲੋਂ ਲਾਏ ਮੈਡੀਕਲ ਕੈਂਪ 'ਚ ਜਦੋਂ ਉਹ ਆਪਣੇ ਬੇਟੇ ਨੂੰ ਲੈ ਕੇ ਪਹੁੰਚੇ ਤਾਂ ਸੰਸਥਾ ਨੇ ਉਸ ਦੇ ਬੇਟੇ ਕਮਲਜੀਤ ਦੇ ਇਲਾਜ ਦੀ ਹਾਮੀ ਭਰਦਿਆਂ ਚੰਡੀਗੜ੍ਹ ਪੀ. ਜੀ. ਆਈ. ਵਿਚ ਉਸ ਦੇ ਦੋਵਾਂ ਪੈਰਾਂ ਦਾ ਆਪ੍ਰੇਸ਼ਨ ਕਰਵਾਇਆ। ਇਸ ਦੇ ਬਾਅਦ ਉਹ ਚੱਲਣ-ਫਿਰਨ ਵਿਚ ਕੁੱਝ ਹੱਦ ਤੱਕ ਸਮਰੱਥ ਹੋ ਗਿਆ। ਹੁਣ ਉਹ ਪਿਛਲੇ ਤਿੰਨ ਸਾਲ ਤੋਂ ਚੱਲ-ਫਿਰ ਤਾਂ ਰਿਹਾ ਹੈ ਪਰ ਗੋਡੇ ਨਾ ਮੁੜਨ ਕਾਰਨ ਆਪਣੇ ਆਪ ਬੈਠਣ 'ਚ ਅਸਮਰੱਥ ਹੈ।
ਹਿੰਮਤ ਹਾਰਨ ਵਾਲਿਆਂ ਲਈ ਪ੍ਰੇਰਣਾ ਹੈ ਕਮਲਜੀਤ
ਕਿਸੇ ਵੀ ਮੁਸੀਬਤ 'ਚ ਹਿੰਮਤ ਹਾਰਨ ਵਾਲਿਆਂ ਲਈ ਪ੍ਰੇਰਣਾ ਸਰੋਤ ਬਣੇ ਕਮਲਜੀਤ ਤੋਂ ਜਦੋਂ ਪੁੱਛਿਆ ਗਿਆ ਕਿ ਪੈਰਾਂ ਨਾਲ ਲਿਖਣਾ, ਉਸ ਨੂੰ ਮੁਸ਼ਕਿਲ ਨਹੀਂ ਲੱਗਦਾ ਤਾਂ ਉਸ ਨੇ ਕਿਹਾ ਕਿ ਜੇਕਰ ਮਨ 'ਚ ਆ ਗਿਆ ਕਿ ਕੋਈ ਕੰਮ ਮੁਸ਼ਕਿਲ ਹੈ ਤਾਂ ਫਿਰ ਉਹ ਨਹੀਂ ਹੋ ਸਕਦਾ। ਇਸ ਲਈ ਉਸ ਨੇ ਹਮੇਸ਼ਾ ਹਰ ਕੰਮ ਨੂੰ ਕਰਨ ਦੀ ਧਾਰੀ ਤੇ ਹਰ ਵਾਰ ਸਫਲਤਾ ਮਿਲੀ। ਆਪਣੇ ਇਸ ਜਜ਼ਬੇ ਦਾ ਸਿਹਰਾ ਵਿਦਿਆਰਥੀ ਆਪਣੇ ਪਿਤਾ ਸੰਤੋਖ ਸਿੰਘ ਨੂੰ ਦਿੰਦਾ ਹੈ, ਜਿਸ ਨੇ ਉਸ ਨੂੰ ਹਮੇਸ਼ਾ ਆਪਣੀ ਗੋਦ 'ਚ ਚੁੱਕੀ ਰੱਖਿਆ। ਇੰਨਾ ਕਹਿੰਦੇ ਹੀ ਕਮਲਜੀਤ ਦੀਆਂ ਅੱਖਾਂ ਤੋਂ ਹੰਝੂ ਛਲਕ ਪਏ।
ਪ੍ਰੀਖਿਆਵਾਂ ਤੋਂ ਬਾਅਦ ਹੱਥਾਂ ਦਾ ਇਲਾਜ ਹੋਵੇਗਾ ਸ਼ੁਰੂ
ਸੰਤੋਖ ਸਿੰਘ ਨੇ ਦੱਸਿਆ ਕਿ ਕਮਲਜੀਤ ਦੀ ਪ੍ਰੀਖਿਆ ਤੋਂ ਬਾਅਦ ਫਿਰ ਉਸ ਦਾ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਕਮਲਜੀਤ ਦੇ ਹੱਥਾਂ ਦੇ ਨਾਲ ਗੋਡੇ ਮੁੜਨ ਦਾ ਇਲਾਜ ਕਰਵਾਇਆ ਜਾਵੇਗਾ। ਨਵ-ਚੇਤਨਾ ਬਾਲ ਭਲਾਈ ਕਮੇਟੀ ਦੇ ਪ੍ਰਧਾਨ ਸੁਖਧੀਰ ਸੇਖੋਂ ਨੇ ਕਿਹਾ ਕਿ ਕਮਲਜੀਤ ਦੇ ਹੱਥਾਂ ਦੇ ਇਲਾਜ ਲਈ ਉਹ ਜਲਦੀ ਹੀ ਸ਼ਹਿਰ ਦੇ ਸੀ. ਐੱਮ. ਸੀ. ਹਸਪਤਾਲ 'ਚ ਡਾਕਟਰਾਂ ਨਾਲ ਗੱਲ ਕਰਨਗੇ, ਤਾਂ ਕਿ ਉਸ ਦੇ ਹੱਥ ਕੰਮ ਕਰਨ ਲੱਗ ਜਾਣ।
ਦੋਸਤੀ ਦੀ ਮਿਸਾਲ ਕਾਇਮ ਕਰ ਰਿਹਾ ਸਹਿਪਾਠੀ ਸੰਨੀ
ਇਸ ਵਿਦਿਆਰਥੀ ਦੇ ਜੇਕਰ ਹੱਥ ਕੰਮ ਨਹੀਂ ਕਰ ਰਹੇ ਹਨ ਤਾਂ ਸਕੂਲ ਦਾ ਇਸ ਦਾ ਸਹਿਪਾਠੀ ਸੰਨੀ ਇਸ ਮੁਸੀਬਤ ਦੇ ਦੌਰ 'ਚ ਉਸ ਦਾ ਪੂਰਾ ਸਾਥ ਦੇ ਰਿਹਾ ਹੈ। ਕਲਾਸ 'ਚ ਪਹੁੰਚਣ 'ਤੇ ਸੰਨੀ ਹੀ ਉਸ ਦਾ ਬੈਗ ਖੋਲ੍ਹਣ ਤੋਂ ਲੈ ਕੇ ਕਿਤਾਬਾਂ ਤੱਕ ਕੱਢ ਕੇ ਦਿੰਦਾ ਹੈ। ਉਥੇ ਉਸ ਨੂੰ ਪਿਆਸ ਲੱਗਣ 'ਤੇ ਕਲਾਸ ਤੋਂ ਬਾਹਰ ਜਾ ਕੇ ਆਪਣੇ ਮਿੱਤਰ ਲਈ ਪਾਣੀ ਲਿਆਉਣ ਤੋਂ ਇਲਾਵਾ ਮਿਡ-ਡੇ ਮੀਲ ਤੱਕ ਵੀ ਉਸ ਨੂੰ ਆਪਣੇ ਹੱਥਾਂ ਨਾਲ ਖੁਆਉਂਦਾ ਹੈ। ਇਹੀ ਨਹੀਂ ਜੇਕਰ ਕਮਲਜੀਤ ਨੂੰ ਪਖਾਨਾ ਆਦਿ ਜਾਣਾ ਪਵੇ ਤਾਂ ਸੰਨੀ ਤੇ ਕਲਾਸ ਦੇ ਹੋਰ ਵਿਦਿਆਰਥੀ ਉਸ ਨੂੰ ਸਹਾਰਾ ਦੇ ਕੇ ਉਠਾਉਂਦੇ ਹਨ ਅਤੇ ਪਖਾਨੇ ਤੱਕ ਲਿਜਾਂਦੇ ਹਨ।
ਹਿੰਮਤ ਨਾਲ ਦਿੱਤੀ ਮੁਸੀਬਤ ਨੂੰ ਮਾਤ
'ਜਗ ਬਾਣੀ' ਟੀਮ ਨੇ ਜਦੋਂ ਪੱਖੋਵਾਲ ਰੋਡ 'ਤੇ ਪੈਂਦੇ ਪਿੰਡ ਸਹੋਲੀ ਦੇ ਇਸ ਸਰਕਾਰੀ ਸਕੂਲ ਵਿਚ ਪਹੁੰਚ ਕੇ ਵਿਦਿਆਰਥੀ ਕਮਲਜੀਤ ਨੂੰ ਦੇਖਿਆ ਤਾਂ ਉਸ ਦੇ ਚਿਹਰੇ 'ਤੇ ਛਾਈ ਮੁਸਕਾਨ ਨੇ ਹੀ ਜ਼ਾਹਿਰ ਕਰ ਦਿੱਤਾ ਕਿ ਉਸ ਨੇ ਆਪਣੇ ਸਾਰੇ ਦੁੱਖਾਂ ਨੂੰ ਹਿੰਮਤ ਨਾਲ ਹਰਾ ਦਿੱਤਾ ਹੈ। ਜ਼ਮੀਨ 'ਤੇ ਵਿਛਾਈ ਟਾਟ 'ਤੇ ਬੈਠ ਕੇ ਖੱਬੇ ਪੈਰ ਦੀਆਂ ਦੋਵਾਂ ਉਂਗਲੀਆਂ 'ਚ ਨੀਲੇ ਪੈੱਨ ਨੂੰ ਫੜ ਕੇ ਹਿੰਦੀ ਦੀ ਕਾਪੀ 'ਤੇ ਸੁੰਦਰ ਲਿਖਾਈ 'ਚ ਲਿਖ ਰਹੇ ਇਸ ਵਿਦਿਆਰਥੀ ਦੇ ਆਤਮਵਿਸ਼ਵਾਸ ਨੂੰ ਦੇਖ ਕੇ ਹਰ ਕਿਸੇ ਦਾ ਹੌਸਲਾ ਸਹਿਜੇ ਹੀ ਵਧ ਜਾਂਦਾ ਹੈ।
ਮੁਸੀਬਤ 'ਚ ਮੁਸਕਰਾਉਣਾ ਕਮਲਜੀਤ ਤੋਂ ਸਿੱਖੋ : ਹੈੱਡ ਟੀਚਰ
ਸਕੂਲ ਦੇ ਹੈੱਡ ਟੀਚਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ 'ਚ ਕਮਲਜੀਤ ਨੂੰ ਅਸਲੀ ਇਨਸਾਨ ਦਾ ਨਾਂ ਦਿੱਤਾ ਗਿਆ ਹੈ, ਕਿਉਂਕਿ ਇਹ ਵਿਦਿਆਰਥੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਹੈ, ਜਿਸ ਤੋਂ ਸਾਰਿਆਂ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਇਕ ਅਧਿਆਪਕਾ ਜਸਪ੍ਰੀਤ ਕੌਰ ਨੇ ਵੀ ਇਸ ਵਿਦਿਆਰਥੀ ਨੂੰ ਮੋਟੀਵੇਟ ਕਰਨ 'ਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ, ਜਿਸ ਲਈ ਉਹ ਇਕ ਆਦਰਸ਼ ਟੀਚਰ ਦੇ ਰੂਪ 'ਚ ਜਾਣੀ ਜਾਂਦੀ ਹੈ।
ਪੜ੍ਹਾਈ ਹੀ ਨਹੀਂ, ਪੇਂਟਿੰਗ ਅਤੇ ਗਾਉਣ ਦਾ ਵੀ ਸ਼ੌਕੀਨ
ਇਹ ਵਿਦਿਆਰਥੀ ਕੇਵਲ ਪੜ੍ਹਾਈ ਵਿਚ ਹੀ ਮਾਸਟਰ ਨਹੀਂ, ਸਗੋਂ ਪੇਂਟਿੰਗ ਅਤੇ ਗਾਉਣ ਦਾ ਵੀ ਸ਼ੌਕੀਨ ਹੈ। ਕਲਾਸ ਦੇ ਹੋਰ ਵਿਦਿਆਰਥੀ ਇਸ ਦੀ ਗਾਇਨ ਕਲਾ ਦੇ ਮੁਰੀਦ ਹਨ। ਉਥੇ ਕਮਲਜੀਤ ਪੈਰਾਂ ਨਾਲ ਹੀ ਪੇਂਟਿੰਗ ਵਿਚ ਖੂਬਸੂਰਤ ਚਿੱਤਰਕਾਰੀ ਕਰ ਕੇ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ। ਇਹੀ ਨਹੀਂ ਮੈਦਾਨ 'ਚ ਜਦੋਂ ਸਹਿਪਾਠੀ ਖੇਡਦੇ ਹਨ ਤਾਂ ਕਮਲਜੀਤ ਵੀ ਫੁੱਟਬਾਲ ਆਪਣੇ ਕੋਲ ਆਉਣ 'ਤੇ ਉਸ ਨੂੰ ਕਿੱਕ ਮਾਰਨ ਵਿਚ ਸਮਾਂ ਨਹੀਂ ਲਾਉਂਦਾ।


Related News