ਜਲੰਧਰ ਵਿਖੇ GST ਭਵਨ ਦੀ 5ਵੀਂ ਮੰਜ਼ਿਲ 'ਚ ਮਚੇ ਅੱਗ ਦੇ ਭਾਂਬੜ, ਕੰਮ ਕਰਦੇ ਸਟਾਫ਼ 'ਚ ਮਚੀ ਹਫ਼ੜਾ-ਦਫ਼ੜੀ

Wednesday, Jun 12, 2024 - 02:23 PM (IST)

ਜਲੰਧਰ ਵਿਖੇ GST ਭਵਨ ਦੀ 5ਵੀਂ ਮੰਜ਼ਿਲ 'ਚ ਮਚੇ ਅੱਗ ਦੇ ਭਾਂਬੜ, ਕੰਮ ਕਰਦੇ ਸਟਾਫ਼ 'ਚ ਮਚੀ ਹਫ਼ੜਾ-ਦਫ਼ੜੀ

ਜਲੰਧਰ (ਸੋਨੂੰ)- ਜਲੰਧਰ ਵਿਖੇ ਇਕ ਵਾਰ ਫਿਰ ਤੋਂ ਅੱਜ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਜੀ. ਐੱਸ. ਟੀ. ਭਵਨ ਦੀ ਪੰਜਵੀਂ ਮੰਜ਼ਿਲ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਅੰਦਰ 5 ਵੱਖ-ਵੱਖ ਵਿਭਾਗ ਬਣੇ ਹੋਏ ਹਨ ਅਤੇ ਇਨ੍ਹਾਂ ਵਿਭਾਗਾਂ ਵਿਚ ਮੁਲਾਜ਼ਮ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਅੰਦਰੋਂ ਅੱਗ ਲੱਗਣ ਦੀ ਬਦਬੂ ਆਉਂਦੀ ਹੈ ਅਤੇ ਅੱਗ ਦੀਆਂ ਲਪਟਾਂ ਵੇਖ ਮੁਲਾਜ਼ਮਾਂ ਵਿਚ ਭਜਦੌੜ ਮਚ ਜਾਂਦੀ ਹੈ। ਮੌਕੇ ਉਤੇ ਅੰਦਰੋਂ ਭਵਨ ਖ਼ਾਲੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਹੋਰ ਕਈ ਅਫ਼ਸਰ ਮੌਕੇ ਉਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਾਇਰ ਬ੍ਰਿਗੇਡ ਦੀਆਂ 50 ਤੋਂ ਜ਼ਿਆਦਾ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਰਹੀਆਂ ਪਰ ਅੱਗ ਕਾਬੂ ਵਿਚ ਨਹੀਂ ਆ ਰਹੀ ਸੀ। ਅਖੀਰ ਵਿਚ ਪਾਸਪੋਰਟ ਆਫਿਸ ਦੇ ਫਾਇਰ ਸਿਸਟਮ ਦਾ ਸਹਾਰਾ ਲੈ ਕੇ 4 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

PunjabKesari


ਅੱਗ ਲੱਗਣ ਨਾਲ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਹਨ, ਇਸ ਦਾ ਆਉਣ ਵਾਲੇ ਦਿਨਾਂ ਵਿਚ ਖ਼ੁਲਾਸਾ ਹੋਵੇਗਾ। ਮਹੱਤਵਪੂਰਨ ਰਿਕਾਰਡ ਨੂੰ ਅੱਗ ਲੱਗੀ ਹੈ ਅਤੇ ਅਣਗਿਣਤ ਫਾਈਲਾਂ ਸੜ ਗਈਆਂ ਹਨ। ਮੌਕਾ ਮੁਆਇਨਾ ਹੋਣ ਤੋਂ ਬਾਅਦ ਸਥਿਤੀ ਕਲੀਅਰ ਹੋ ਸਕੇਗੀ। ਘਟਨਾਕ੍ਰਮ ਮੁਤਾਬਕ ਬੱਸ ਅੱਡੇ ਦੇ ਨੇੜੇ ਸਥਿਤ ਸਟੇਟ ਜੀ. ਐੱਸ. ਟੀ. ਭਵਨ ਦੀ ਚੌਥੀ ਮੰਜ਼ਿਲ ’ਤੇ ਸਵੇਰੇ 10.30 ਤੋਂ 11 ਵਜੇ ਵਿਚਕਾਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਪੂਰੇ ਦਫਤਰ ਵਿਚ ਹੜਕੰਪ ਮਚ ਗਿਆ ਅਤੇ ਅਫਰਾ-ਤਫਰੀ ਦਾ ਮਾਹੌਲ ਦੇਖਣ ਨੂੰ ਮਿਲਿਆ। ਉਪਰਲੀਆਂ ਮੰਜ਼ਿਲਾਂ ’ਤੇ ਸਥਿਤ ਦਫ਼ਤਰਾਂ ਵਿਚ ਕੰਮ ਕਰ ਰਹੇ ਸੈਂਕੜੇ ਮੁਲਾਜ਼ਮ ਭੱਜ ਕੇ ਹੇਠਾਂ ਆ ਗਏ ਅਤੇ ਖੁਦ ਨੂੰ ਸੁਰੱਖਿਅਤ ਕੀਤਾ। ਇਸ ਤੋਂ ਬਾਅਦ ਅੱਗ ਲੱਗਣ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਸ਼ੁਰੂ ਕੀਤਾ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਇਮਾਰਤ ਕੋਲ ਜਾਣਾ ਸੰਭਵ ਨਹੀਂ ਸੀ। ਫਾਇਰ ਬ੍ਰਿਗੇਡ ਵੱਲੋਂ ਨਾਲ ਦੀ ਬਿਲਡਿੰਗ ਤੋਂ ਪਾਣੀ ਸੁੱਟਿਆ ਜਾ ਰਿਹਾ ਸੀ।

PunjabKesari

ਇਹ ਵੀ ਪੜ੍ਹੋ- ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ

ਜਿਸ ਮੰਜ਼ਿਲ ’ਤੇ ਅੱਗ ਲੱਗੀ, ਉਸ ਮੰਜ਼ਿਲ ’ਚ ਰਿਕਾਰਡ ਰੂਮ ਬਣਾਇਆ ਗਿਆ ਹੈ, ਜਿਸ ਵਿਚ ਅਣਗਿਣਤ ਫਾਈਲਾਂ ਪਈਆਂ ਸਨ। ਅੱਗ ਨੂੰ ਵੇਖ ਕੇ ਲੱਗਦਾ ਹੈ ਕਿ ਰਿਕਾਰਡ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਮੰਜ਼ਿਲ ’ਤੇ ਏ. ਟੀ. ਸੀ. (ਅਸਿਸਟੈਂਟ ਕਮਿਸ਼ਨਰ) ਆਡਿਟ, ਏ. ਡੀ. ਸੀ. ਜਲੰਧਰ-3 ਦਾ ਵੀ ਦਫ਼ਤਰ ਹੈ। ਉਥੇ ਹੀ ਵਿਭਾਗ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਰਹਿਣ ਅਤੇ ਹਥਿਆਰ ਆਦਿ ਰੱਖਣ ਦੀ ਵਿਵਸਥਾ ਵੀ ਇਸੇ ਮੰਜ਼ਿਲ ’ਤੇ ਹੈ। ਅੱਗ ਲੱਗਣ ਤੋਂ ਬਾਅਦ ਜਵਾਨਾਂ ਨੇ ਆਪਣੇ ਹਥਿਆਰਾਂ ਨੂੰ ਸੁਰੱਖਿਅਤ ਕੀਤਾ। ਇਸਦੇ ਉੱਪਰ 5ਵੀਂ ਮੰਜ਼ਿਲ ਦੇ ਕੁਝ ਹਿੱਸੇ ਵਿਚ ਸ਼ੈੱਡ ਬਣੀ ਹੋਈ ਹੈ, ਜੋ ਕਿ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਵਰਤੀ ਜਾਂਦੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ। ਫਿਲਹਾਲ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਉਥੇ ਹੀ, ਸ਼ਾਮ 6-7 ਵਜੇ ਤਕ ਵੀ ਚੌਥੀ ਮੰਜ਼ਿਲ ’ਤੇ ਤਪਸ਼ ਬਹੁਤ ਜ਼ਿਆਦਾ ਸੀ, ਜਿਸ ਕਾਰਨ ਅੰਦਰ ਜਾ ਕੇ ਜਾਂਚ ਕਰ ਸਕਣਾ ਸੰਭਵ ਨਹੀਂ ਸੀ।
 

ਵਿਰਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕਿਉਂ ਲੱਗੀ ਅੱਗ?
ਪਿਛਲੇ ਦਿਨੀਂ ਵਿਜੀਲੈਂਸ ਬਿਊਰੋ ਵੱਲੋਂ ਜੀ. ਐੱਸ. ਟੀ. ਦੇ ਜੁਆਇੰਟ ਡਾਇਰੈਕਟਰ ਬਲਬੀਰ ਕੁਮਾਰ ਵਿਰਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਨੂੰ ਲੈ ਕੇ ਵਿਜੀਲੈਂਸ ਵੱਲੋਂ ਵਿਰਦੀ ਤੋਂ ਸਬੰਧਤ ਰਿਕਾਰਡ ਤਲਬ ਕੀਤਾ ਜਾ ਰਿਹਾ ਸੀ ਪਰ ਇਸੇ ਦੌਰਾਨ ਅੱਗ ਲੱਗਣ ਕਾਰਨ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਵਿਰਦੀ ਜਲੰਧਰ ਵਿਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਹਨ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਕਲੀਅਰ ਹੋਈਆਂ ਫਾਈਲਾਂ ਦਾ ਰਿਕਾਰਡ ਸੜ ਕੇ ਸੁਆਹ ਹੋਣਾ ਵਿਜੀਲੈਂਸ ਦੀ ਜਾਂਚ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਿਵੇਂ ਲਗਾਇਆ ਜਾਵੇਗਾ।

ਪੁਲਸ, ਪ੍ਰਸ਼ਾਸਨ, ਨਿਗਮ ਅਧਿਕਾਰੀ ਮੌਕੇ ’ਤੇ ਪਹੁੰਚੇ
ਅੱਗ ਲੱਗਣ ਦੀ ਘਟਨਾ ਸਬੰਧੀ ਖਬਰ ਸ਼ਹਿਰ ਵਿਚ ਤੇਜ਼ੀ ਨਾਲ ਫੈਲ ਗਈ। ਇਸ ਤੋਂ ਬਾਅਦ ਡੀ. ਸੀ. ਵੱਲੋਂ ਐੱਸ. ਡੀ. ਐੱਮ. ਨੂੰ ਮੌਕੇ ’ਤੇ ਭੇਜਿਆ ਗਿਆ, ਜਦਕਿ ਪੁਲਸ ਵਿਭਾਗ ਤੋਂ ਏ. ਸੀ. ਪੀ. ਅਤੇ ਸਬੰਧਤ ਥਾਣੇ ਦੀ ਪੁਲਸ ਨੇ ਮੌਕੇ ’ਤੇ ਮੌਕਾ ਸੰਭਾਲਿਆ। ਟ੍ਰੈਫਿਕ ਪੁਲਸ ਨੂੰ ਵੀ ਤਾਇਨਾਤ ਕੀਤਾ ਗਿਆ ਤਾਂ ਜੋ ਰਸਤੇ ਨੂੰ ਕਲੀਅਰ ਰੱਖਿਆ ਜਾ ਸਕੇ। ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀਆਂ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣੀ ਸ਼ੁਰੂ ਕੀਤੀ।

ਲੁਧਿਆਣਾ, ਫਿਲੌਰ, ਨਕੋਦਰ ਦੇ ਫਾਇਰ ਸਟੇਸ਼ਨ ਬੈਕਅੱਪ ’ਤੇ ਰੱਖੇ
ਅੱਗ ਨੂੰ ਵੇਖਦੇ ਹੋਏ ਸਾਫ਼ ਲੱਗ ਰਿਹਾ ਸੀ ਕਿ ਇਸ ’ਤੇ ਜਲਦੀ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਕਾਰਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਲੁਧਿਆਣਾ, ਫਿਲੌਰ, ਨਕੋਦਰ ਸਮੇਤ ਆਸ-ਪਾਸ ਦੇ ਫਾਇਰ ਸਟੇਸ਼ਨਾਂ ਨੂੰ ਸੂਚਿਤ ਕੀਤਾ ਗਿਆ ਅਤੇ ਗੱਡੀਆਂ ਬੈਕਅੱਪ ’ਤੇ ਰੱਖੀਆਂ ਗਈਆਂ। ਵੇਖਣ ਵਿਚ ਆਇਆ ਕਿ ਜਲੰਧਰ ਤੋਂ ਇਲਾਵਾ ਕਰਤਾਰਪੁਰ, ਨਕੋਦਰ ਹਲਕੇ ਸਟੇਸ਼ਨਾਂ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਸਨ। ਜ਼ਿਲ੍ਹਾ ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਲੱਗਭਗ 50 ਗੱਡੀਆਂ ਦੇ ਪਾਣੀ ਦੀ ਵਰਤੋਂ ਹੋਈ ਹੈ। ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News