Health : ਗਰਮੀਆਂ ''ਚ ਜੇਕਰ ਤੁਹਾਡੇ ਹੱਥਾਂ-ਪੈਰਾਂ ''ਚ ਹੁੰਦੀ ਜਲਨ ਜਾਂ ਤਲੀਆਂ ''ਚੋਂ ਨਿਕਲਦੈ ਸੇਕ ਤਾਂ ਜਾਣੋ ਦੇਸੀ ਇਲਾਜ
Friday, Jun 21, 2024 - 01:16 PM (IST)
ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ 'ਚ ਬਹੁਤ ਸਾਰੇ ਲੋਕਾਂ ਦੇ ਪੈਰਾਂ ਅਤੇ ਹੱਥਾਂ ਦੇ ਤਲੀਆਂ 'ਤੇ ਜਲਨ ਹੋਣ ਦੀ ਸਮੱਸਿਆ ਹੋ ਜਾਂਦਾ ਹੈ, ਜਿਸ ਨੂੰ ਲੋਕ ਅਣਦੇਖਾ ਕਰ ਦਿੰਦੇ ਹਨ। ਕਈ ਵਾਰ ਪੈਰਾਂ ਦੀਆਂ ਤਲੀਆਂ 'ਚ ਜਲਨ ਅਤੇ ਇਸ ਤੋਂ ਸੇਕ ਨਿਕਲਣ ਦਾ ਕਾਰਨ ਗੰਭੀਰ ਵੀ ਹੋ ਸਕਦਾ ਹੈ। ਅਜਿਹੀ ਸਮੱਸਿਆ ਵਿਟਾਮਿਨ ਬੀ, ਆਇਰਨ, ਫੋਲਿਕ ਐਸਿਡ ਜਾਂ ਕੈਲਸ਼ੀਅਮ ਦੀ ਘਾਟ ਕਾਰਨ ਹੋ ਸਕਦੀ ਹੈ, ਜਿਸ ਨਾਲ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਸਕਦੀਆਂ ਹਨ। ਇਲਾਜ ਤੋਂ ਬਾਅਦ ਵੀ ਜੇਕਰ ਇਹ ਸਮੱਸਿਆ ਠੀਕ ਨਾ ਹੋਵੇ ਤਾਂ ਇਹ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।
ਇੰਝ ਪਾਓ ਰਾਹਤ
ਦੱਸ ਦੇਈਏ ਕਿ ਗਰਮੀਆਂ ਵਿੱਚ ਕਈ ਵਾਰ ਗਰਮ ਚੀਜ਼ਾਂ ਦੇ ਜ਼ਿਆਦਾ ਸੇਵਨ ਕਾਰਨ ਅਜਿਹੀ ਸਮੱਸਿਆ ਹੋ ਸਕਦੀ ਹੈ। ਅਜਿਹੀ ਹਾਲਾਤ 'ਚ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਹਨਾਂ ਦੀ ਤਾਸੀਰ ਠੰਡੀ ਹੋਵੇ। ਲੋਕਾਂ ਨੂੰ ਗੰਨੇ ਦਾ ਰਸ, ਦਹੀਂ, ਅਨਾਰ, ਲੱਸੀ, ਖੀਰਾ, ਤਰਬੂਜ, ਅੰਬ, ਨਾਰੀਅਲ ਪਾਣੀ, ਪਾਲਕ, ਤੁਲਸੀ, ਲੀਚੀ, ਨਿੰਬੂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ....
ਸਿਰਕਾ
ਇਕ ਗਲਾਸ ਪਾਣੀ ਵਿਚ 1 ਵੱਡਾ ਚਮਚ ਕੱਚਾ ਅਤੇ ਬਿਨਾਂ ਫਿਲਟਰ ਕੀਤੇ ਸਿਰਕੇ ਨੂੰ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਦੀ ਜਲਨ ਦੂਰ ਹੋ ਜਾਵੇਗੀ।
ਸੇਂਧਾ ਲੂਣ
ਮੈਗਨੀਸ਼ੀਅਮ ਸਲਫੇਟ ਤੋਂ ਬਣਿਆ ਸੇਂਧਾ ਲੂਣ ਸੋਜ ਅਤੇ ਦਰਦ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇੱਕ ਟੱਬ ਕੋਸੇ ਪਾਣੀ ਵਿੱਚ ਅੱਧਾ ਕੱਪ ਸੇਂਧਾ ਲੂਣ ਮਿਲਾ ਲਓ ਅਤੇ ਉਸ ਵਿੱਚ ਆਪਣੇ ਪੈਰ ਪਾਓ। ਪੈਰਾਂ ਨੂੰ 10 ਤੋਂ 15 ਮਿੰਟ ਲਈ ਪਾਣੀ 'ਚ ਰੱਖੋਂ। ਇਸ ਉਪਾਅ ਨੂੰ ਕੁਝ ਦਿਨਾਂ ਤੱਕ ਨਿਯਮਿਤ ਰੂਪ ਨਾਲ ਕਰੋ, ਜਿਸ ਨਾਲ ਰਾਹਤ ਮਿਲੇਗੀ। ਇਹ ਉਪਾਅ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬੀਮਾਰੀ ਤੋਂ ਪੀੜਤ ਲੋਕਾਂ ਲਈ ਠੀਕ ਨਹੀਂ ਹੈ। ਇਸ ਲਈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਸਰ੍ਹੋਂ ਦਾ ਤੇਲ
ਸਰ੍ਹੋਂ ਦਾ ਤੇਲ ਪੈਰਾਂ ਦੀ ਜਲਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇੱਕ ਕਟੋਰੀ ਵਿੱਚ ਦੋ ਚੱਮਚ ਸਰ੍ਹੋਂ ਦਾ ਤੇਲ ਲਓ। ਹੁਣ ਇਸ 'ਚ ਦੋ ਚੱਮਚ ਠੰਡਾ ਪਾਣੀ ਜਾਂ ਬਰਫ ਦਾ ਟੁਕੜਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ, ਫਿਰ ਇਸ ਨਾਲ ਪੈਰਾਂ ਦੇ ਤਲੀਆਂ 'ਤੇ ਮਾਲਿਸ਼ ਕਰੋ। ਹਫ਼ਤੇ ਵਿੱਚ ਦੋ ਵਾਰ ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ। ਹੱਥਾਂ-ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਜਿਸ ਕਾਰਨ ਪੈਰਾਂ ਅਤੇ ਹੱਥਾਂ 'ਚ ਜਲਨ ਅਤੇ ਦਰਦ ਨਹੀਂ ਹੁੰਦਾ।
ਹਲਦੀ
ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪੈਰਾਂ ਦੀ ਜਲਨ ਅਤੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹਨ।
ਘੀਆ ਕੱਦੂ ਅਤੇ ਕਰੇਲਾ
ਘੀਆ ਕੱਦੂ ਦੇ ਗੁੱਦੇ ਨੂੰ ਕੱਟਣ ਤੋਂ ਬਾਅਦ ਉਸ ਦੇ ਗੁੱਦੇ ਨੂੰ ਪੈਰਾਂ ਦੀਆਂ ਤਲੀਆਂ 'ਤੇ ਰਗੜਨ ਨਾਲ ਜਲਦ ਦੂਰ ਹੁੰਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ। ਨਾਲ ਹੀ ਕਰੇਲੇ ਦੇ ਪੱਤਿਆਂ ਦੇ ਰਸ ਦੀ ਮਾਲਿਸ਼ ਕਰਨ ਨਾਲ ਵੀ ਹੱਥਾਂ-ਪੈਰਾਂ ਨੂੰ ਫ਼ਾਇਦਾ ਹੁੰਦਾ ਹੈ।
ਮਹਿੰਦੀ
ਮਹਿੰਦੀ ਵਿਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਉਸ ਨੂੰ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ 'ਤੇ ਲਗਾਓ। ਅਜਿਹਾ ਕਰਨ ਨਾਲ ਜਲਦ ਦੂਰ ਹੁੰਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ।
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਪੈਰਾਂ ਦੀਆਂ ਤਲੀਆਂ ਦੀ ਜਲਨ ਦੂਰ ਹੋ ਜਾਂਦੀ ਹੈ।
ਨੰਗੇ ਪੈਰੀਂ ਤੁਰਨਾ
ਸਵੇਰੇ-ਸਵੇਰੇ ਜਲਦੀ ਉੱਠ ਕੇ ਹਰੇ ਘਾਹ 'ਤੇ ਨੰਗੇ ਪੈਰੀਂ ਸੈਰ ਕਰਨੀ ਚਾਹੀਦੀ ਹੈ, ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਪੈਰਾਂ ਦੇ ਖੂਨ ਦਾ ਸੰਚਾਰ ਵਧਦਾ ਹੈ। ਇਸ ਨਾਲ ਖੁੱਜਲੀ ਅਤੇ ਜਲਨ ਦੀ ਸਮੱਸਿਆ ਨਹੀਂ ਹੁੰਦੀ।