ਨੀਟ ਪ੍ਰੀਖਿਆ : ਹੰਗਾਮਾ ਕਿਉਂ ਹੋਇਆ?

Monday, Jun 17, 2024 - 05:05 PM (IST)

ਨੀਟ ਪ੍ਰੀਖਿਆ : ਹੰਗਾਮਾ ਕਿਉਂ ਹੋਇਆ?

ਜਦੋਂ ਵੀ ਕਦੇ ਅਸੀਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਖਬਰ ਸੁਣਦੇ ਹਾਂ ਤਾਂ ਸਾਰਿਆਂ ਦੇ ਮਨ ’ਚ ਪ੍ਰਬੰਧਾਂ ਨੂੰ ਲੈ ਕੇ ਕਾਫੀ ਸਵਾਲ ਉੱਠਦੇ ਹਨ। ਇਸ ਨਾਲ ਪੂਰੇ ਪ੍ਰਬੰਧਾਂ ’ਚ ਫੈਲੇ ਹੋਏ ਭਾਰੀ ਭ੍ਰਿਸ਼ਟਾਚਾਰ ਦਾ ਸਬੂਤ ਮਿਲਦਾ ਹੈ। ਪਿਛਲੇ ਕੁਝ ਸਾਲਾਂ ਵਿਚ ਅਜਿਹੀਆਂ ਖਬਰਾਂ ਕੁਝ ਵਧੇਰੇ ਹੀ ਆਉਣ ਲੱਗੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਦੇਸ਼ ਦੇ ਨੌਜਵਾਨਾਂ ’ਤੇ ਕੀ ਅਸਰ ਪਵੇਗਾ? ਮਹੀਨਿਆਂ ਤੱਕ ਪ੍ਰੀਖਿਆ ਲਈ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦੇ ਮਨ ’ਚ ਇਸ ਗੱਲ ਦਾ ਡਰ ਬਣਿਆ ਰਹੇਗਾ ਕਿ ਰਸੂਖਦਾਰ ਪਰਿਵਾਰਾਂ ਦੇ ਬੱਚੇ ਪੈਸੇ ਦੇ ਜ਼ੋਰ ’ਤੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦੇਣਗੇ?

ਮੱਧ ਪ੍ਰਦੇਸ਼ ’ਚ ਹੋਏ ਵਿਆਪਮ ਘਪਲੇ ਦੇ ਬਾਅਦ ਹੁਣ ਇਕ ਵਾਰ ਫਿਰ ਮੈਡੀਕਲ ਕਾਲਜਾਂ ਵਿਚ ਦਾਖਲੇ ਲਈ ‘ਨੀਟ ਪ੍ਰੀਖਿਆ’ ’ਚ ਹੋਏ ਘਪਲੇ ’ਤੇ ਜੋ ਭੜਥੂ ਪਿਆ ਹੈ ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਕੁਝ ਭ੍ਰਿਸ਼ਟ ਲੋਕਾਂ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਹਨ੍ਹੇਰੇ ਵਿਚ ਧੱਕ ਦਿੱਤਾ ਹੈ। ਜਦੋਂ ਤੋਂ ਨੀਟ ਦੀ ਪ੍ਰੀਖਿਆ ਲਾਗੂ ਹੋਈ ਹੈ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਪ੍ਰੀਖਿਆ ਦੀ ਕੱਟਆਫ ਇੰਨੀ ਹਾਈ ਗਈ ਹੈ। ਜੇਕਰ ਐੱਨ. ਟੀ. ਏ. ਨੂੰ ਮੰਨੀਏ ਤਾਂ ‘ਨੀਟ ਕੱਟਆਫ ਕੈਂਡੀਡੇਟਸ ਦੀ ਓਵਰਆਲ ਪਰਫਾਰਮੈਂਸ ’ਤੇ ਨਿਰਭਰ ਕਰਦੀ ਹੈ। ਕੱਟਆਫ ਵਧਣ ਦਾ ਮਤਲਬ ਹੈ ਕਿ ਪ੍ਰੀਖਿਆ ਕੰਪੀਟੇਟਿਵ ਸੀ ਅਤੇ ਬੱਚਿਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਪਰ ਕੀ ਇਹ ਗੱਲ ਸਹੀ ਹੈ?

ਵਰਣਨਯੋਗ ਹੈ ਕਿ ਇਸ ਵਾਰ ਦੀ ਨੀਟ ਪ੍ਰੀਖਿਆ ਵਿਚ 67 ਅਜਿਹੇ ਨੌਜਵਾਨ ਹਨ ਜਿਨ੍ਹਾਂ ਨੂੰ 720 ਅੰਕਾਂ ਵਿਚੋਂ 720 ਅੰਕ ਮਿਲੇ ਹਨ। ਇਸ ਦੇ ਨਾਲ ਹੀ ਅਜਿਹੇ ਕਈ ਨੌਜਵਾਨ ਵੀ ਹਨ ਜਿਨ੍ਹਾਂ ਨੂੰ 718 ਤੇ 719 ਅੰਕ ਹਾਸਲ ਹੋਏ ਹਨ, ਜੋ ਕਿ ਪ੍ਰੀਖਿਆ ਪ੍ਰਣਾਲੀ ਅਨੁਸਾਰ ਅਸੰਭਵ ਹੈ। 720 ਦੇ ਕੁੱਲ ਨੰਬਰਾਂ ਵਾਲੀ ਨੀਟ ਪ੍ਰੀਖਿਆ ਵਿਚ ਹਰ ਸਵਾਲ 4 ਅੰਕ ਦਾ ਹੁੰਦਾ ਹੈ। ਗਲਤ ਉੱਤਰ ਲਈ ਇਕ ਅੰਕ ਕੱਟਦਾ ਹੈ। ਜੇਕਰ ਕਿਸੇ ਵਿਦਿਆਰਥੀ ਨੇ ਸਾਰੇ ਸਵਾਲ ਸਹੀ ਕੀਤੇ ਤਾਂ ਉਸ ਨੂੰ 720 ’ਚੋਂ 720 ਮਿਲਣਗੇ। ਜੇਕਰ ਇਕ ਸਵਾਲ ਦਾ ਜਵਾਬ ਨਾ ਦਿੱਤਾ, ਤਾਂ 716 ਅੰਕ ਮਿਲਣਗੇ। ਜੇਕਰ ਇਕ ਸਵਾਲ ਗਲਤ ਹੋ ਗਿਆ ਤਾਂ ਉਸ ਨੂੰ 715 ਅੰਕ ਮਿਲਣੇ ਚਾਹੀਦੇ ਪਰ 718 ਜਾਂ 719 ਕਿਸੇ ਵੀ ਹਾਲਤ ਵਿਚ ਨਹੀਂ ਮਿਲ ਸਕਦੇ। ਜ਼ਾਹਿਰ ਹੈ ਕਿ ਤਕੜਾ ਘਪਲਾ ਹੋਇਆ ਹੈ।

ਜਿਨ੍ਹਾਂ ਵਿਦਿਆਰਥੀਆਂ ਨੇ ਇਹ ਨੀਟ ਪ੍ਰੀਖਿਆ ਦਿੱਤੀ ਉਨ੍ਹਾਂ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ ਵਾਰ ਦੀ ਪ੍ਰੀਖਿਆ ਕਿਹੋ ਜਿਹੀ ਸੀ? ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਸ ਵਾਰ ਦੀ ਪ੍ਰੀਖਿਆ ਬੜੀ ਔਖੀ ਸੀ, ਕੱਟਆਫ ਕਾਫੀ ਹੇਠਾਂ ਰਹੇਗਾ। ਐੱਨ. ਟੀ. ਏ. ਵਲੋਂ ਇਕ ਹੋਰ ਸਪੱਸ਼ਟੀਕਰਨ ਵੀ ਦਿੱਤਾ ਗਿਆ ਜਿਸ ਅਨੁਸਾਰ ਇਸ ਵਾਰ ਟਾਪ ਕਰਨ ਵਾਲੇ ਕਈ ਬੱਚਿਆਂ ਨੂੰ ਗ੍ਰੇਸ ਮਾਰਕਸ ਵੀ ਦਿੱਤੇ ਗਏ ਹਨ। ਇਸ ਦਾ ਕਾਰਨ ਹੈ ਕਿ ਫਿਜ਼ਿਕਸ ਦੇ ਇਕ ਸਵਾਲ ਦੇ ਦੋ ਸਹੀ ਜਵਾਬ ਹਨ। ਅਜਿਹਾ ਇਸ ਲਈ ਹੈ ਕਿ ਫਿਜ਼ਿਕਸ ਦੀ ਇਕ ਪੁਰਾਣੀ ਕਿਤਾਬ ਜਿਸ ਨੂੰ 2018 ’ਚ ਹਟਾ ਦਿੱਤਾ ਗਿਆ ਸੀ, ਉਹ ਅਜੇ ਵੀ ਪੜ੍ਹੀ ਜਾ ਰਹੀ ਸੀ।

ਪਰ ਇਹ ਸਵਾਲ ਉੱਠਦਾ ਹੈ ਕਿ ਅੱਜਕਲ ਦੇ ਯੁੱਗ ਵਿਚ ਜਿੱਥੇ ਸਾਰੇ ਨੌਜਵਾਨ ਇਕ-ਦੂਜੇ ਨਾਲ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਮਾਧਿਅਮ ਨਾਲ ਜੁੜੇ ਰਹਿੰਦੇ ਹਨ ਜਾਂ ਫਿਰ ਜਿੱਥੇ ਕੋਚਿੰਗ ਲੈਂਦੇ ਹਨ, ਉਥੇ ਸਾਰਿਆਂ ਨਾਲ ਸੰਪਰਕ ਵਿਚ ਰਹਿੰਦੇ ਹਨ, ਫਿਰ ਇਹ ਕਿਵੇਂ ਸੰਭਵ ਹੈ ਕਿ 6 ਸਾਲ ਪੁਰਾਣੀ ਕਿਤਾਬ ਨੂੰ ਸਹੀ ਨਹੀਂ ਕਰਾਇਆ ਗਿਆ ਹੋਵੇਗਾ? ਅਗਲਾ ਸਵਾਲ ਇਹ ਵੀ ਉੱਠਦਾ ਹੈ ਕਿ ਐੱਨ. ਟੀ. ਏ. ਵੱਲੋਂ ਕਿਸ ਆਧਾਰ ’ਤੇ ਗ੍ਰੇਸ ਮਾਰਕਸ ਦਿੱਤੇ ਗਏ? ਜਦਕਿ ਮੈਡੀਕਲ ਪ੍ਰੀਖਿਆ ਵਿਚ ਗ੍ਰੇਸ ਮਾਰਕਸ ਦੇਣ ਦੀ ਕੋਈ ਵਿਵਸਥਾ ਨਹੀਂ ਹੈ। ਐੱਨ. ਟੀ. ਏ. ਨੇ ਗ੍ਰੇਸ ਮਾਰਕਸ ਦੇਣ ਲਈ ਸੁਪਰੀਮ ਕੋਰਟ ਦੇ 2018 ਦੇ ਇਕ ਹੁਕਮ ਦਾ ਨੋਟਿਸ ਲਿਆ ਹੈ, ਜਿਸ ਦੇ ਅਨੁਸਾਰ ਜੇਕਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਪ੍ਰੀਖਿਆਰਥੀ ਦਾ ਸਮਾਂ ਖਰਾਬ ਹੋਵੇ ਤਾਂ ਕਿਹੜੇ ਵਿਦਿਆਰਥੀਆਂ ਨੂੰ ਕਿਹੜੀਆਂ ਹਾਲਤਾਂ ’ਚ ਕਿੰਨੇ ਗ੍ਰੇਸ ਮਾਰਕਸ ਦਿੱਤੇ ਜਾ ਸਕਦੇ ਹਨ।

ਪਰ ਵਰਣਨਯੋਗ ਹੈ ਕਿ ਸੁਪਰੀਮ ਕੋਰਟ ਦੇ ਜਿਸ ਫੈਸਲੇ ਦਾ ਇਥੇ ਵਰਣਨ ਕੀਤਾ ਗਿਆ ਹੈ ਉਹ ਕਾਮਨ ਲਾਅ ਐਡਮਿਸ਼ਨ ਟੈਸਟ (ਸੀ. ਐੱਲ. ਏ. ਟੀ.) ਲਈ ਸੀ। ਉਸੇ ਹੁਕਮ ਵਿਚ ਇਹ ਸਾਫ-ਸਾਫ ਲਿਖਿਆ ਹੈ ਕਿ ਇਹ ਹੁਕਮ ਮੈਡੀਕਲ ਅਤੇ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ ’ਤੇ ਲਾਗੂ ਨਹੀਂ ਹੋਵੇਗਾ ਪਰ ਐੱਨ. ਟੀ. ਏ. ਨੇ ਪਤਾ ਨਹੀਂ ਕਿਸ ਆਧਾਰ ’ਤੇ ਇਸ ਹੁਕਮ ਨੂੰ ਨੋਟਿਸ ’ਤੇ ਲਿਆ ਅਤੇ ਗ੍ਰੇਸ ਮਾਰਕਸ ਦੇ ਦਿੱਤੇ? ਨੀਟ ਪ੍ਰੀਖਿਆ ਦਾ ਇਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਅਤੇ ਅਦਾਲਤ ਨੇ ਨੀਟ ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਐੱਨ. ਟੀ. ਏ. ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਦੇਖਣਾ ਹੋਵੇਗਾ ਕਿ ਇਹ ਦੋਵੇਂ ਕੋਰਟ ਵਿਚ ਕੀ ਜਵਾਬ ਦਾਖਲ ਕਰਦੇ ਹਨ? ਪਰ ਜਿਸ ਤਰ੍ਹਾਂ ਇਸ ਮਾਮਲੇ ਨੇ ਤੂਲ ਫੜਿਆ ਹੈ, ਇਸ ’ਤੇ ਸਿਆਸਤ ਵੀ ਹੋਣ ਲੱਗ ਗਈ ਹੈ।

ਸੋਚਣ ਵਾਲੀ ਗੱਲ ਹੈ ਕਿ ਦੇਸ਼ ਦਾ ਭਵਿੱਖ ਮੰਨੇ ਜਾਣ ਵਾਲੇ ਵਿਦਿਆਰਥੀ, ਜੋ ਅੱਗੇ ਚੱਲ ਕੇ ਡਾਕਟਰ ਬਣਨਗੇ, ਜੇਕਰ ਇਸ ਤਰ੍ਹਾਂ ਭ੍ਰਿਸ਼ਟ ਤੰਤਰ ਦੇ ਕਾਰਨ ਕਿਸੇ ਮੈਡੀਕਲ ਕਾਲਜ ’ਚ ਦਾਖਲਾ ਲੈ ਵੀ ਲੈਂਦੇ ਹਨ ਤਾਂ ਕੀ ਭਵਿੱਖ ਵਿਚ ਚੰਗੇ ਡਾਕਟਰ ਬਣ ਸਕਣਗੇ। ਜਾਂ ਪੈਸੇ ਦੇ ਜ਼ੋਰ ’ਤੇ ਉਥੇ ਵੀ ਪੇਪਰ ਲੀਕ ਕਰਵਾ ਕੇ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ.’ ਵਾਂਗ ਸਿਰਫ ਡਿਗਰੀ ਹੀ ਹਾਸਲ ਕਰਨੀ ਚਾਹੁਣਗੇ ਭਾਵੇਂ ਉਨ੍ਹਾਂ ਨੂੰ ਕੋਈ ਗਿਆਨ ਹੋਵੇ ਜਾਂ ਨਾ ਹੋਵੇ।

ਸਵਾਲ ਸਿਰਫ ਨੀਟ ਦੀ ਪ੍ਰੀਖਿਆ ਦਾ ਹੀ ਨਹੀਂ ਹੈ, ਪਿਛਲੇ ਕੁਝ ਸਾਲਾਂ ਤੋਂ ਕਈ ਸੂਬਿਆਂ ’ਚ ਹੋਣ ਵਾਲੀਆਂ ਸਰਕਾਰੀ ਨੌਜਰੀਆਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਵੀ ਲਗਾਤਾਰ ਘਪਲੇ ਹੋ ਰਹੇ ਹਨ ਜਿਨ੍ਹਾਂ ਦੀਆਂ ਖਬਰਾਂ ਆਏ ਦਿਨ ਮੀਡੀਆ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਕ ਦਰਮਿਆਨੇ ਵਰਗ ਜਾਂ ਹੇਠਲੇ ਵਰਗ ਦੇ ਪਰਿਵਾਰ ਕੋਲ ਖੁਦ ਜ਼ਮੀਨ-ਜਾਇਦਾਦ, ਖੇਤੀਬਾੜੀ ਜਾਂ ਕੋਈ ਦੁਕਾਨ ਨਾ ਹੋਵੇ ਤਾਂ ਨੌਕਰੀ ਹੀ ਇਕੋ-ਇਕ ਆਮਦਨ ਦਾ ਸਹਾਰਾ ਹੁੰਦੀ ਹੈ। ਘਰ ਦੇ ਨੌਜਵਾਨ ਨੂੰ ਮਿਲੀ ਨੌਕਰੀ ਉਸ ਦੇ ਮਾਂ-ਬਾਪ ਦਾ ਬੁਢਾਪਾ, ਭੈਣ-ਭਰਾ ਦੀ ਪੜ੍ਹਾਈ ਅਤੇ ਵਿਆਹ, ਸਾਰਿਆਂ ਦੀ ਜ਼ਿੰਮੇਵਾਰੀ ਸੰਭਾਲ ਲੈਂਦੀ ਹੈ।

ਪਰ ਜੇਕਰ ਵਰ੍ਹਿਆਂ ਦੀ ਮਿਹਨਤ ਦੇ ਬਾਅਦ ਘਪਲੇ ਦੇ ਕਾਰਨ ਦੇਸ਼ ਦੇ ਕਰੋੜਾਂ ਨੌਜਵਾਨ ਇਸ ਤਰ੍ਹਾਂ ਵਾਰ-ਵਾਰ ਧੋਖਾ ਖਾਂਦੇ ਰਹਿਣਗੇ ਤਾਂ ਸੋਚੋ ਕਿੰਨੇ ਪਰਿਵਾਰਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ? ਇਹ ਬੜਾ ਗੰਭੀਰ ਵਿਸ਼ਾ ਹੈ ਜਿਸ ’ਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

ਵਿਨੀਤ ਨਾਰਾਇਣ


author

Tanu

Content Editor

Related News