ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

09/10/2020 5:36:35 PM

ਗੜ੍ਹਦੀਵਾਲਾ (ਭੱਟੀ) : ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨੇੜਲੇ ਪਿੰਡ ਖੁਰਦਾ ਦੇ ਰੋਜ਼ੀ ਰੋਟੀ ਕਮਾਉਣ ਗਏ 28 ਸਾਲਾ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਤੇ ਮਾਤਾ ਜੋਗਿੰਦਰ ਕੌਰ ਪਿੰਡ ਖੁਰਦਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਲੜਕਾ ਗਗਨਦੀਪ ਸਿੰਘ 2011 ਵਿਚ ਨਿਊਜ਼ੀਲੈਂਡ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ ਤੇ ਉਸਨੇ ਬਿਜ਼ਨੈੱਸ ਦਾ ਕੋਰਸ ਵੀ ਕੀਤਾ ਸੀ। ਉਹ ਕਬੱਡੀ ਦਾ ਉੱਘਾ ਖਿਡਾਰੀ ਸੀ ਅਤੇ ਉਸਨੇ ਰੈਸਲਿੰਗ (65 ਕਿਲੋ ਭਾਰ ਵਰਗ) ਵਿਚ ਗੋਲਡ ਮੈਡਲ ਵੀ ਪ੍ਰਾਪਤ ਕੀਤਾ ਸੀ। ਉਹ ਅਜੇ ਕੁਆਰਾ ਹੀ ਸੀ, ਜਿਸ ਨੂੰ ਨਿਊਜ਼ੀਲੈਂਡ ਵਿਚ ਪੀ. ਆਰ. ਮਿਲਣ ਕਰਕੇ ਉਹ ਉਥੋਂ ਦਾ ਨਾਗਰਿਕ ਬਣ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਗਗਨਦੀਪ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਰਹਿੰਦਾ ਸੀ। ਅੱਜ ਸਵੇਰੇ ਗਗਨਦੀਪ ਸਿੰਘ ਦੇ ਕਿਸੇ ਦੋਸਤ ਨੇ ਫੋਨ 'ਤੇ ਉਸ ਦੀ ਮੌਤ ਹੋਣ ਦੀ ਸੂਚਨਾ ਦਿੱਤੀ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ।

ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਕੁਲਜੀਤ ਸਿੰਘ ਦਾ ਹੋਇਆ ਦਿਹਾਂਤ

ਇਸ ਸਮੇਂ ਮ੍ਰਿਤਕ ਦੇ ਮਾਤਾ-ਪਿਤਾ ਹੀ ਪਿੰਡ ਖੁਰਦਾ ਵਿਖੇ ਰਹਿ ਰਹੇ ਹਨ। ਮ੍ਰਿਤਕ ਦਾ ਛੋਟਾ ਭਰਾ ਅਮਰੀਕਾ ਅਤੇ ਛੋਟੀ ਭੈਣ ਕੈਨੇਡਾ 'ਚ ਰਹਿ ਰਹੇ ਹਨ। ਇਸ ਮੌਕੇ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਤੇ ਤਾਇਆ ਦਰਬਾਰਾ ਸਿੰਘ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਖੁਰਦਾ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। ਇਸ ਮੌਕੇ ਪਿੰਡ ਵਾਸੀਆਂ ਸਮੇਤ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਹਾਜ਼ਰ ਸਨ।


cherry

Content Editor

Related News