ਪੰਜਾਬ ਦੇ ਵਿਧਾਇਕ ਵੀ ਗੁੱਸੇ ਪਰ ''ਸਿੰਧੀਆ'' ਦੀ ਕਮੀ!

03/12/2020 2:29:57 PM

ਪਟਿਆਲਾ (ਰਾਜੇਸ਼) : ਮੱਧ ਪ੍ਰਦੇਸ਼ ਦੇ ਸੀਨੀਅਰ ਆਗੂ ਜੋਤੀਰਾਦਿੱਤਿਆ ਸਿੰਧੀਆ ਵੱਲੋਂ ਆਪਣੇ 22 ਵਿਧਾਇਕਾਂ ਨੂੰ ਲੈ ਕੇ ਕਾਂਗਰਸ ਨਾਲ ਬਗਾਵਤ ਕਰਨ ਤੋਂ ਬਾਅਦ ਰਾਜਸੀ ਗਲਿਆਰਿਆਂ 'ਚ ਰਾਜਸਥਾਨ ਅਤੇ ਪੰਜਾਬ ਕਾਂਗਰਸ ਦੀ ਰਾਜਨੀਤੀ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਸਿੰਧੀਆ ਸਮੱਰਥਕ ਵਿਧਾਇਕਾਂ ਨੇ ਵਿਧਾਇਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਖੁਦ ਸਿੰਧੀਆ ਭਾਜਪਾ 'ਚ ਸ਼ਾਮਲ ਹੋ ਗਏ ਹਨ। ਰਾਜਨੀਤਕ ਪੰਡਤ ਅੰਦਾਜ਼ਾ ਲਾ ਰਹੇ ਹਨ ਕਿ ਮੱਧ ਪ੍ਰਦੇਸ਼ ਵਿਚ 'ਆਪ੍ਰੇਸ਼ਨ ਲਾਟਸ' ਸਫਲ ਹੋਣ ਤੋਂ ਬਾਅਦ ਹੁਣ ਵਾਰੀ ਰਾਜਸਥਾਨ ਅਤੇ ਪੰਜਾਬ ਦੀ ਹੈ। ਰਾਜਸਥਾਨ 'ਚ ਭਾਜਪਾ ਅਤੇ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 'ਚ ਜ਼ਿਆਦਾ ਫਰਕ ਨਹੀਂ ਹੈ। ਪੰਜਾਬ 'ਚ ਭਾਜਪਾ ਵਿਧਾਇਕਾਂ ਦੀ ਗਿਣਤੀ ਸਿਰਫ 2 ਹੈ। ਰਾਜਸਥਾਨ 'ਚ ਭਾਜਪਾ ਦਾ 'ਆਪ੍ਰੇਸ਼ਨ ਲਾਟਸ' ਸਫਲ ਹੋ ਸਕਦਾ ਹੈ। ਉਥੇ ਸਿੰਧੀਆ ਦੀ ਤਰਜ਼ 'ਤੇ ਸਚਿਨ ਪਾਇਲਟ ਹਨ। ਉਨ੍ਹਾਂ ਕੋਲ 3 ਦਰਜਨ ਦੇ ਲਗਭਗ ਵਿਧਾਇਕ ਹਨ। ਪੰਜਾਬ 'ਚ ਭਾਜਪਾ ਕੋਲ ਨਾਮਾਤਰ ਵਿਧਾਇਕ ਹਨ। ਅਜਿਹੇ ਵਿਚ 'ਆਪ੍ਰੇਸ਼ਨ ਲਾਟਸ' ਇਥੇ ਸਫਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਪੰਜਾਬ ਵਿਚ 117 ਵਿਧਾਇਕ ਹਨ। ਕਾਂਗਰਸ ਕੋਲ 80 ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਅਨੰਦ ਵਾਲੀ' ਰਾਜਨੀਤੀ ਕਰ ਰਹੇ ਹਨ। ਬੇਸ਼ੱਕ 2 ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਆਪਣੇ ਜ਼ਿਲੇ ਦੇ 4 ਵਿਧਾਇਕਾਂ ਨੇ ਸਰਕਾਰ ਖਿਲਾਫ ਬਗਾਵਤ ਕੀਤੀ ਸੀ। ਹੁਣ ਉਹ ਬਿਲਕੁਲ ਸ਼ਾਂਤ ਹੋ ਗਏ ਹਨ। ਮੁੱਖ ਮੰਤਰੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ ਲੱਗ ਗਏ ਹਨ। ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਹੈ ਕਿ ਉਨ੍ਹਾਂ ਦੀ ਰਾਜਨੀਤਕ ਹੋਂਦ ਕੈਪਟਨ ਦੇ ਖੇਮੇ ਵਿਚ ਰਹਿਣ ਨਾਲ ਹੀ ਹੈ।

ਸੂਤਰਾਂ ਅਨੁਸਾਰ ਪੰਜਾਬ 'ਚ ਕੋਈ ਅਜਿਹਾ ਕਾਂਗਰਸੀ ਆਗੂ ਨਹੀਂ ਹੈ, ਜਿਸ ਨਾਲ ਇਕ ਦਰਜਨ ਦੇ ਲਗਭਗ ਵਿਧਾਇਕ ਵੀ ਹੋਣ। ਕਿਸੇ ਕੋਲ 'ਸਿੰਧੀਆ' ਵਰਗਾ ਆਗੂ ਨਹੀਂ ਹੈ। ਬੇਸ਼ੱਕ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਐੱਮ. ਪੀ. ਪ੍ਰਤਾਪ ਸਿੰਘ ਬਾਜਵਾ ਅਤੇ ਮੌਜੂਦਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਰਾਜਨੀਤਕ ਹੈਸੀਅਤ ਦਿਖਾਉਣ ਲਈ ਸਮੇਂ-ਸਮੇਂ 'ਤੇ ਅਵਾਜ਼ ਬੁਲੰਦ ਕਰਦੇ ਹਨ ਪਰ ਦੋਵਾਂ ਕੋਲ ਸਮੱਰਥਕ ਵਿਧਾਇਕਾਂ ਦੀ ਬਹੁਤ ਕਮੀ ਹੈ। ਬਗਾਵਤ ਕਰਨ ਵਾਲੇ ਪਟਿਆਲਾ ਦੇ ਚਾਰੇ ਵਿਧਾਇਕਾਂ ਨੂੰ ਜਾਖੜ ਦਾ ਸਮੱਰਥਨ ਪ੍ਰਾਪਤ ਸੀ। ਜਦੋਂ ਉਨ੍ਹਾਂ ਵਿਧਾਇਕਾਂ ਨੂੰ ਕੈਪਟਨ ਨੇ ਬੁਲਾਇਆ ਤਾਂ ਉਹ ਬਾਗੋਬਾਗ ਹੋ ਗਏ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਰੇਕ ਕਾਂਗਰਸ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਕੋਲ 8-10 ਵਿਧਾਇਕ ਹਨ ਪਰ ਉਹ ਖੁਦ ਵਿਧਾਇਕ ਨਹੀਂ ਹਨ। ਲਾਲ ਸਿੰਘ ਦਾ ਰਿਕਾਰਡ ਦਸਦਾ ਹੈ ਕਿ ਉਹ ਕਦੀ ਵੀ ਕਾਂਗਰਸ ਹਾਈਕਮਾਂਡ ਦੇ ਖਿਲਾਫ ਨਹੀਂ ਗਏ। ਪਾਰਟੀ ਜਿਸ ਨੂੰ ਵੀ ਪੰਜਾਬ ਦੀ ਅਗਵਾਈ ਸੌਂਪਦੀ ਹੈ, ਲਾਲ ਸਿੰਘ ਉਸ ਦੇ ਨਾਲ ਹੀ ਹੁੰਦੇ ਹਨ।

ਪੰਜਾਬ ਕੈਬਨਿਟ ਵਿਚ ਹੁੰਦੇ ਹੋਏ ਵੀ ਹਮੇਸ਼ਾ ਕੈਪਟਨ ਸਰਕਾਰ ਖਿਲਾਫ ਬੋਲਣ ਵਾਲੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕੋ-ਇਕ ਅਜਿਹੇ ਆਗੂ ਹਨ ਜੋ ਕਿ ਵਿਧਾਇਕਾਂ ਨੂੰ ਲਾਮਬੰਦ ਕਰ ਸਕਦੇ ਹਨ ਪਰ ਉਨ੍ਹਾਂ ਕੋਲ ਇੰਨੀ ਗਿਣਤੀ ਨਹੀਂ ਹੈ ਕਿ ਉਹ ਕੈਪਟਨ ਖਿਲਾਫ ਬਗਾਵਤ ਕਰ ਸਕਣ। ਜਦੋਂ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਹੁੰਦੇ ਸਨ ਤਾਂ ਉਸ ਸਮੇਂ ਉਨ੍ਹਾਂ ਕੋਲ ਵਿਧਾਇਕ ਜਾਣ ਲੱਗ ਪਏ ਸਨ ਪਰ ਉਨ੍ਹਾਂ ਦੇ ਮੰਤਰੀ ਮੰਡਲ ਤੋਂ ਹਟਣ ਤੋਂ ਬਾਅਦ 1-2 ਹੀ ਉਨ੍ਹਾਂ ਨਾਲ ਸਬੰਧ ਰਖਦੇ ਹਨ। ਕੁੱਲ ਮਿਲਾ ਕੇ ਪੰਜਾਬ ਦੇ ਕਾਂਗਰਸੀ ਵਿਧਾਇਕ ਬਹੁਤ ਮੁਸ਼ਕਲ ਵਾਲੀ ਸਥਿਤੀ ਵਿਚ ਹਨ। ਉਹ ਸਰਕਾਰ ਤੋਂ ਦੁਖੀ ਤਾਂ ਹਨ ਪਰ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ। ਪੰਜਾਬ ਕਾਂਗਰਸ ਦੇ ਕਿਸੇ ਵੀ ਆਗੂ ਕੋਲ 2 ਦਰਜਨ ਵਿਧਾਇਕ ਨਹੀਂ ਹਨ। ਜੋਤੀਰਾਦਿੱਤਿਆ ਸਿੰਧੀਆ ਕੋਲ 22 ਵਿਧਾਇਕ ਸਨ ਜਿਸ ਕਾਰਨ ਉਨ੍ਹਾਂ ਦੀ ਬਗਾਵਤ ਦਾ ਮੁੱਲ ਪਿਆ ਹੈ। ਜੇਕਰ ਕੋਈ ਕਾਂਗਰਸੀ ਆਗੂ ਪੰਜਾਬ ਵਿਚ ਬਗਾਵਤ ਕਰਦਾ ਹੈ ਤਾਂ ਉਹ ਰਾਜਨੀਤਕ ਤੌਰ 'ਤੇ ਆਪਣੀ ਆਤਮ-ਹੱਤਿਆ ਹੀ ਕਰੇਗਾ।

ਮੱਧ ਪ੍ਰਦੇਸ਼ ਕਾਂਡ ਤੋਂ ਕੈਪਟਨ ਖ਼ੁਸ਼
ਕਾਂਗਰਸ ਦਾ ਮੱਧ ਪ੍ਰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਸਕੂਨ ਭਰਿਆ ਹੈ। ਨਵਜੋਤ ਸਿੰਘ ਸਿੱਘੂ ਦੇ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮਿਲਣ ਤੋਂ ਬਾਅਦ ਪੰਜਾਬ ਵਿਚ ਕਈ ਤਰ੍ਹਾਂ ਦੀਆਂ ਰਾਜਨੀਤਕ ਅਟਕਲਾਂ ਸ਼ੁਰੂ ਹੋ ਗਈਆਂ ਸਨ। ਇਸ ਕਾਂਡ ਤੋਂ ਬਾਅਦ ਹਾਈਕਮਾਂਡ 'ਤੇ ਕੈਪਟਨ ਦਾ ਦਬ-ਦਬਾਅ ਹੋਰ ਵਧ ਜਾਵੇਗਾ। ਪਹਿਲਾਂ ਹੀ ਕਾਂਗਰਸ ਆ੍ਹਲਾ-ਹਕਮਾਨ ਕੈਪਟਨ ਤੋਂ ਘਬਰਾਉਂਦਾ ਹੈ। ਇਸੇ ਕਾਰਨ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਫਿਰ ਤੋਂ ਪੰਜਾਬ ਕੈਬਨਿਟ ਵਿਚ ਸ਼ਾਮਲ ਨਹੀਂ ਕਰਵਾ ਸਕਿਆ। ਮੱਧ ਪ੍ਰਦੇਸ਼ ਵਿਚ ਕਾਂਗਰਸ ਸਰਕਾਰ 'ਤੇ ਸੰਕਟ ਆਉਣ ਤੋਂ ਬਾਅਦ ਹੁਣ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣ ਤੋਂ ਗੁਰੇਜ਼ ਕਰੇਗਾ ਕਿਉਂਕਿ ਹਾਈਕਮਾਂਡ ਨੂੰ ਪਤਾ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਕਾਂਗਰਸ ਪਾਰਟੀ ਦੀ ਨਹੀਂ।


Anuradha

Content Editor

Related News