6 ਮਹੀਨੇ ਇਨਸਾਫ ਲਈ ਭਟਕਣ ਤੋਂ ਬਾਅਦ ਹਾਰੀ ਜ਼ਿੰਦਗੀ, ਮੌਤ

Sunday, Jun 24, 2018 - 05:33 AM (IST)

ਇਆਲੀ ਪ੍ਰਤਾਪ ਸਿੰਘ ਵਾਲਾ(ਅਮਨਦੀਪ)-ਕਸਬੇ ਪ੍ਰਤਾਪ ਸਿੰਘ ਵਾਲਾ ਦੇ ਇਕ ਗਰੀਬ ਪਰਿਵਾਰ ਘੋੜਾ-ਰੇਹੜਾ ਚਾਲਕ, ਜੋ ਕਿ ਇਨਸਾਫ ਲੈਣ ਲਈ ਛੇ ਮਹੀਨੇ ਇਨਸਾਫ ਲੈਣ ਲਈ ਭਟਕਦਾ ਰਿਹਾ ਪਰ ਕਿਧਰੋਂ ਵੀ ਇਨਸਾਫ ਨਾ ਮਿਲਣ 'ਤੇ ਨਿਰਾਸ਼ਾ ਦੇ ਆਲਮ ਵਿਚ ਹੀ ਮੌਤ ਦੇ ਮੂੰਹ ਵਿਚ ਚਲਿਆ ਗਿਆ। ਜਾਣਕਾਰੀ ਅਨੁਸਾਰ ਸੱਤਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ, ਜੋ ਕਿ ਪ੍ਰਤਾਪ ਸਿੰਘ ਵਾਲਾ ਦੇ ਇਕ ਮਾਰਬਲ ਦੀ ਦੁਕਾਨ 'ਤੇ ਰੇਹੜਾ ਚਾਲਕ ਸੀ ਤੇ ਆਪਣੇ ਰੇਹੜੇ ਨਾਲ ਹੀ ਪਰਿਵਾਰ ਦਾ ਪੇਟ ਪਾਲ ਰਿਹਾ ਸੀ, ਕਰੀਬ 6 ਮਹੀਨੇ ਪਹਿਲਾਂ ਉਕਤ ਘੋੜਾ-ਰੇਹੜਾ ਚਾਲਕ ਚੂਹੜਪੁਰ ਵਿਖੇ ਮਾਰਬਲ ਦਾ ਪੱਥਰ ਉਤਾਰਨ ਗਿਆ, ਜਿਸ ਦੌਰਾਨ ਉਕਤ ਘੋੜੇ ਨੂੰ ਬਿਜਲੀ ਦੀ ਨੰਗੀ ਤਾਰ ਨਾਲ ਕਰੰਟ ਲੱਗ ਗਿਆ ਤੇ ਘੋੜੇ ਦੀ ਲੱਤ ਟੁੱਟ ਗਈ, ਰੇਹੜਾ ਪਲਟ ਗਿਆ ਤੇ ਚਾਲਕ ਸੱਤਪਾਲ ਦੇ ਗੰਭੀਰ ਸੱਟਾਂ ਲੱਗੀਆਂ, ਮਹਿਲਾ ਵਿੰਗ ਦੀ ਰਵਿੰਦਰ ਕੌਰ ਥਾਪਰ, ਸ਼ਿਵ ਚਰਨ ਥਾਪਰ ਤੇ ਮ੍ਰਿਤਕ ਦੀ ਪਤਨੀ ਪ੍ਰਕਾਸ਼ ਕੌਰ ਤੇ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਕਤ ਦੁਕਾਨਦਾਰ ਤੋਂ ਪਰਿਵਾਰ ਨੇ ਮਾਲੀ ਮਦਦ ਦੀ ਬੇਨਤੀ ਕੀਤੀ ਪਰ ਉਹ ਟਾਲਮਟੋਲ ਕਰਦਾ ਰਿਹਾ, ਜਿਸ ਦੌਰਾਨ ਪੀੜਤ ਸੱਤਪਾਲ ਨੇ ਚੌਕੀ ਜਗਤਪੁਰੀ ਵਿਖੇ ਰਿਪੋਰਟ ਦਰਜ ਕਰਵਾਈ ਪਰ ਪੁਲਸ ਕੋਲੋਂ ਵੀ ਇਨਸਾਫ ਨਾ ਮਿਲਿਆ ਫਿਰ ਵੀ ਕਾਨੂੰਨ 'ਤੇ ਭਰੋਸਾ ਰੱਖਦੇ ਹੋਏ ਐੱਸ. ਸੀ. ਕਮਿਸ਼ਨ ਪੰਜਾਬ ਦੇ ਰਾਜ ਕੁਮਾਰ ਵੇਰਕਾ, ਐੱਮ. ਪੀ. ਰਵਨੀਤ ਸਿੰਘ ਬਿੱਟੂ, ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਹੋਰ ਆਗੂਆਂ ਅੱਗੇ ਪਰਿਵਾਰ ਨੇ ਹੱਥ ਜੋੜੇ ਪਰ ਕਿਤੋਂ ਵੀ ਉਮੀਦਾਂ ਨੂੰ ਬੂਰ ਨਹੀ ਪਿਆ ਤੇ ਕੁਝ ਦਿਨ ਪਹਿਲਾਂ ਗੰਭੀਰ ਜ਼ਖਮੀ ਸਤਪਾਲ ਨਿਰਾਸ਼ਾ ਦੇ ਆਲਮ ਵਿਚ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਅਫਸੋਸ ਪੀੜਤ ਸਤਪਾਲ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਉਸ ਦੀਆਂ ਦਿੱਤੀਆਂ ਦਰਖਾਸਤਾਂ ਸਰਕਾਰੀ ਅਦਾਰਿਆਂ ਦੀਆਂ ਫਾਈਲਾਂ ਵਿਚ ਹੀ ਦੱਬ ਕੇ ਰਹਿ ਗਈਆਂ। ਇਸ ਸਮੇਂ ਸਰਪੰਚ ਕਾਮਰੇਡ ਗੁਰਮੇਜ ਸਿੰਘ ਬੈਂਸ, ਸਰਪੰਚ ਸੁਰਿੰਦਰਜੀਤ ਸਿੰਘ, ਜਥੇਦਾਰ ਇੰਦਰ ਸਿੰਘ ਰਾਠੌਰ, ਜਥੇਦਾਰ ਅਮਰੀਕ ਸਿੰਘ ਖਾਲਸਾ, ਨੰਬਰਦਾਰ ਬੂਟਾ ਸਿੰਘ, ਜਰਨੈਲ ਸਿੰਘ ਮਿੰਟੂ ਸੀਨੀ. ਮੀਤ ਪ੍ਰਧਾਨ ਨੇ ਪ੍ਰਸ਼ਾਸਨਿਕ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਤੇ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸਮੇਤ ਉਹ ਜਲਦੀ ਹੀ ਪੁਲਸ ਕਮਿਸ਼ਨਰ ਨੂੰ ਮਿਲਣਗੇ ਤੇ ਇਨਸਾਫ ਦੀ ਫਰਿਆਦ ਕਰਨਗੇ।


Related News