ਘਰ ਨੂੰ ਅੱਗ ਲਾਉਣ ਵਾਲੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ
Thursday, Nov 07, 2024 - 12:07 PM (IST)
ਜਲਾਲਾਬਾਦ (ਆਦਰਸ਼, ਜਤਿੰਦਰ, ਬੰਟੀ) : ਥਾਣਾ ਵੈਰੋਕਾ ਅਧੀਨ ਪੈਂਦੇ ਪਿੰਡ ਚੱਕ ਜੰਡ ਵਾਲਾ ਉਰਫ਼ ਮੌਲਵੀਵਾਲਾ ਵਿਖੇ 4 ਨਵੰਬਰ ਦੀ ਰਾਤ ਨੂੰ ਇਕ ਘਰ ’ਚ ਅੱਗ ਲਾਉਣ ਦੇ ਦੋਸ਼ ’ਚ ਪੁਲਸ ਵੱਲੋਂ 3 ਅਣਪਛਾਤਿਆਂ ਸਣੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਕਾ ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਔਰਤ ਬਲਵਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਚੱਕ ਜੰਡ ਵਾਲਾ ਉਰਫ਼ ਮੌਲਵੀਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ 4 ਨਵੰਬਰ ਦੀ ਰਾਤ ਨੂੰ ਰੋਟੀ ਖਾ ਕੇ ਆਪਣੇ ਘਰ ਸੁੱਤੇ ਹੋਏ ਸਨ। ਰਾਤ ਕਰੀਬ 11 ਵਜੇ ਮੇਰਾ ਸਾਹ ਘੁੱਟਣ ਲੱਗਿਆ। ਸਾਰੇ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਘਰ ਦੇ ਮੇਨ ਗੇਟ ਨੂੰ ਅੱਗ ਲੱਗੀ ਪਈ ਸੀ।
ਉਨ੍ਹਾਂ ਨੇ ਕਮਰੇ ਦੀ ਖਿੜਕੀ ਖੋਲ੍ਹ ਕੇ ਵੇਖਿਆ ਤਾਂ ਮੁਲਜ਼ਮ ਅਸ਼ੋਕ ਕੁਮਾਰ ਪੁੱਤਰ ਮਹਿੰਦਰ ਸਿੰਘ ਅਤੇ ਔਰਤ ਰਾਜ ਰਾਣੀ ਖੜ੍ਹੇ ਸਨ। ਰਾਜ ਰਾਣੀ ਦੇ ਹੱਥ ’ਚ 1 ਪਲਾਸਟਿਕ ਦੀ ਕੈਨੀ ਸੀ, ਜਿਸ ਦੇ ਵਿਚ ਪੈਟਰੋਲ ਭਰਿਆ ਸੀ। ਜਦੋਂ ਬਲਵਿੰਦਰ ਕੌਰ ਨੇ ਘਰ ਦਾ ਮੇਨ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਇਕ ਹੋਰ ਔਰਤ ਅਤੇ 3 ਅਣਪਛਾਤੇ ਵਿਅਕਤੀ ਖੜ੍ਹੇ ਸਨ, ਜੋ ਉਸ ਨੂੰ ਦੇਖ ਕੇ ਹਨ੍ਹੇਰੇ ’ਚ ਭੱਜ ਗਏ। ਘਰ ਦੀ ਔਰਤ ਦੇ ਵੱਲੋਂ ਰੌਲਾ ਪਾਇਆ ਗਿਆ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ।
ਤਫ਼ਤੀਸ਼ੀ ਅਧਿਕਾਰੀ ਨੇ ਕਿਹਾ ਕਿ ਅੱਗ ਦੇ ਨਾਲ ਕਮਰੇ ਅੰਦਰ ਲੱਗਾ ਏ. ਸੀ., ਦਰਵਾਜ਼ਾ, 20 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਘਰੇਲੂ ਸਾਮਾਨ ਕਰੀਬ1 ਲੱਖ ਰੁਪਏ ਦੀ ਕੀਮਤ ਦਾ ਸੜ ਗਿਆ। ਫਿਲਹਾਲ ਪੀੜਤ ਔਰਤ ਦੇ ਬਿਆਨਾਂ ’ਤੇ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮ ਅਸ਼ੋਕ ਕੁਮਾਰ ਪੁੱਤਰ ਮਹਿੰਦਰ ਸਿੰਘ, ਰਾਜ ਰਾਣੀ ਪਤਨੀ ਬਲਵੰਤ ਸਿੰਘ ਵਾਸੀ ਚੱਕ ਜੰਡ ਵਾਲਾ ਉਰਫ਼ ਮੌਲਵੀਵਾਲਾ ਸਣੇ ਅਣਪਛਾਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।