ਖੁਦ ਨੂੰ ਜੱਜ ਦਾ ਡਰਾਈਵਰ ਦੱਸ ਕੇ ਠੱਗੇ 4 ਲੱਖ

Sunday, Jun 10, 2018 - 04:20 AM (IST)

ਖੁਦ ਨੂੰ ਜੱਜ ਦਾ ਡਰਾਈਵਰ ਦੱਸ ਕੇ ਠੱਗੇ 4 ਲੱਖ

ਚੰਡੀਗੜ੍ਹ,   (ਸੁਸ਼ੀਲ)—  ਖੁਦ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਦਾ ਡਰਾਈਵਰ ਦੱਸ ਕੇ ਇਕ ਵਿਅਕਤੀ 2 ਨੌਜਵਾਨਾਂ ਤੋਂ 4 ਲੱਖ ਰੁਪਏ ਠੱਗ ਕੇ ਫਰਾਰ ਹੋ ਗਿਆ। ਠੱਗੀ ਕਰਨ ਵਾਲਾ ਜਸਟਿਸ ਦੀ ਕੋਠੀ ਦੇ ਬਾਹਰ ਦੋਵਾਂ ਨੂੰ ਲੈ ਗਿਆ ਤੇ ਉਥੇ ਮਹਿਲਾ ਪੀ. ਏ. ਨਾਲ ਗੱਲ ਕਰਵਾ ਦਿੱਤੀ। ਪੈਸੇ ਲੈਣ ਤੋਂ ਬਾਅਦ ਦੋਵੇਂ ਨੌਜਵਾਨਾਂ ਨੂੰ ਨਾ ਤਾਂ ਨੌਕਰੀ ਦਿਵਾਈ ਤੇ ਨਾ ਪੈਸੇ ਵਾਪਸ ਕੀਤੇ। ਮੋਹਾਲੀ ਦੇ ਪਿੰਡ ਸੈਣੀਮਾਜਰਾ ਨਿਵਾਸੀ ਪ੍ਰੀਤਮ ਸਿੰਘ ਤੇ ਰੋਪੜ ਨਿਵਾਸੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮਨੀਮਾਜਰਾ ਥਾਣਾ ਪੁਲਸ ਨੇ ਰੋਪੜ ਦੇ ਪਿੰਡ ਬਡਵਾਲਾ ਨਿਵਾਸੀ ਗੁਰਦੀਪ ਸਿੰਘ ਉਰਫ ਜੱਸੀ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।
ਇੰਝ ਲਿਆ ਝਾਂਸੇ 'ਚ : ਪਿੰਡ ਸੈਣੀ ਮਾਜਰਾ ਦੇ ਨਿਵਾਸੀ ਪ੍ਰੀਤਮ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮਨੀਮਾਜਰਾ ਦੀ ਮੋਟਰ ਮਾਰਕੀਟ ਵਿਚ ਕਾਰ ਰਿਪੇਅਰ ਦੀ ਦੁਕਾਨ ਕਰਦਾ ਹੈ। ਜੂਨ 2017 ਨੂੰ  ਪਿੰਡ ਬਡਵਾਲਾ ਨਿਵਾਸੀ ਗੁਰਦੀਪ ਸਿੰਘ ਉਰਫ ਜੱਸੀ ਉਸਦੀ ਦੁਕਾਨ 'ਤੇ ਕਾਰ ਠੀਕ ਕਰਵਾਉਣ ਆਇਆ ਸੀ। ਗੁਰਦੀਪ ਨੇ ਕਿਹਾ ਕਿ ਉਸ ਦੀ ਹਾਈ ਕੋਰਟ ਵਿਚ ਜਾਣ-ਪਛਾਣ ਹੈ। ਉਹ ਉਸ ਨੂੰ ਡਰਾਈਵਰ ਦੀ ਨੌਕਰੀ ਦਿਵਾ ਸਕਦਾ ਹੈ। ਉਸ ਨੇ ਖੁਦ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਫਤਹਿਦੀਪ ਸਿੰਘ ਦਾ ਡਰਾਈਵਰ ਦੱਸਿਆ। ਪ੍ਰੀਤਮ ਨੇ ਖੁਦ ਅਤੇ ਜਾਣਕਾਰ ਗੁਰਵਿੰਦਰ ਸਿੰਘ ਲਈ ਹਾਈ ਕੋਰਟ ਵਿਚ ਡਰਾਈਵਰ ਦੀ ਨੌਕਰੀ ਦੀ ਗੱਲ ਕੀਤੀ। ਗੁਰਦੀਪ ਨੇ ਕਿਹਾ ਕਿ ਇਸ ਲਈ ਦੋਵਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣੇ ਹੋਣਗੇ।
ਪ੍ਰੀਤਮ ਤੇ ਗੁਰਵਿੰਦਰ ਨੂੰ ਵਿਸ਼ਵਾਸ ਦਿਵਾਉਣ ਲਈ ਗੁਰਦੀਪ ਉਨ੍ਹਾਂ ਨੂੰ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਬਾਹਰ ਲੈ ਗਿਆ। ਉਸ ਨੇ ਦੱਸਿਆ ਕਿ ਉਹ ਕੋਠੀ 'ਚ ਡਰਾਈਵਰ ਦੀ ਨੌਕਰੀ ਕਰਦਾ ਹੈ। ਜਦੋਂ ਦੋਵਾਂ ਨੇ ਜਸਟਿਸ ਨਾਲ ਮਿਲਣ ਦੀ ਗੱਲ ਕੀਤੀ ਤਾਂ ਗੁਰਦੀਪ ਨੇ ਕਿਹਾ ਕਿ ਜੱਜ ਸਾਹਿਬ ਹਾਈ ਕੋਰਟ ਵਿਚ ਹਨ, ਮੈਂ ਉਨ੍ਹਾਂ ਦੀ ਪੀ. ਏ. ਨਾਲ ਗੱਲ ਕਰਵਾ ਦਿੰਦਾ ਹਾਂ। ਥੋੜ੍ਹੀ ਦੇਰ ਬਾਅਦ ਗੁਰਦੀਪ ਨੇ ਦੋਵਾਂ ਦੀ ਗੱਲ ਇਕ ਔਰਤ ਨਾਲ ਕਰਵਾਈ, ਜਿਸ ਨੇ ਖੁਦ ਨੂੰ ਹਾਈ ਕੋਰਟ ਦੇ ਜਸਟਿਸ ਦੀ ਪੀ. ਏ. ਦੱਸਿਆ ਸੀ। ਪ੍ਰੀਤਮ ਤੇ ਗੁਰਵਿੰਦਰ ਸਿੰਘ ਨੇ ਪੈਸੇ ਦੇਣ ਲਈ ਗੁਰਦੀਪ ਨੂੰ ਮਨੀਮਾਜਰਾ ਸੱਦਿਆ। 
ਪ੍ਰੀਤਮ ਨੇ ਦੱਸਿਆ ਕਿ ਪੈਸੇ ਲੈਣ ਲਈ ਗੁਰਦੀਪ ਸਿੰਘ ਜਸਟਿਸ ਦੀ ਪੀ. ਏ. ਨਾਲ ਆਇਆ ਸੀ। ਉਨ੍ਹਾਂ ਨੇ 2-2 ਲੱਖ ਰੁਪਏ ਚੈੱਕ ਰਾਹੀਂ ਗੁਰਦੀਪ ਸਿੰਘ ਤੇ ਉਸ ਦੇ ਨਾਲ ਆਈ ਔਰਤ (ਪੀ. ਏ.) ਨੂੰ ਦੇ ਦਿੱਤੇ। ਇਸ ਤੋਂ ਬਾਅਦ ਦੋਵਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਪ੍ਰੀਤਮ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਹ ਆਪਣੇ ਦੋਸਤ ਨਾਲ ਮੁਲਜ਼ਮ ਗੁਰਦੀਪ ਦੇ ਪਿੰਡ ਗਿਆ। ਉਥੇ ਪਤਾ ਲੱਗਾ ਕਿ ਗੁਰਦੀਪ ਠੱਗੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। 
ਇਸ ਤੋਂ ਬਾਅਦ ਹਾਈ ਕੋਰਟ 'ਚੋਂ ਗੁਰਦੀਪ ਸਿੰਘ ਸਬੰਧੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਕਿਸੇ ਜੱਜ ਕੋਲ ਨੌਕਰੀ ਨਹੀਂ ਕਰਦਾ। ਪ੍ਰੀਤਮ ਤੇ ਗੁਰਵਿੰਦਰ ਨੇ ਧੋਖਾਦੇਹੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਗੁਰਦੀਪ ਸਿੰਘ ਉਰਫ ਜੱਸੀ 'ਤੇ ਮਾਮਲਾ ਦਰਜ ਕਰ ਲਿਆ।


Related News