ਕੁੜੀ ਦੇ ਇਸ਼ਕ ਨੇ ਉਜਾੜਿਆ ਮੁੰਡੇ ਦਾ ਘਰ, 3 ਜੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)
Tuesday, Jul 30, 2019 - 11:09 AM (IST)
ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) - ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਵਿਖੇ ਬੀਤੀ ਰਾਤ ਕੁੜੀ ਵਲੋਂ ਕਰਵਾਏ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਅਣਪਛਾਤੇ ਵਿਅਕਤੀਆਂ ਵਲੋਂ ਦਾਖਲ ਹੋ ਕੇ ਮੁੰਡੇ ਦੇ ਪਿਤਾ, ਭੈਣ ਅਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਇਸ ਵਾਰਦਾਤ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਨੌਸ਼ਿਹਰਾਂ ਢਾਲਾ ਦੇ ਵਸਨੀਕ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਨੇੜਲੇਪਿੰਡ ਢਾਲਾ ਦੀ ਕੁੜੀ ਬੇਬੀ ਨਾਲ ਅੱਜ ਤੋਂ ਡੇਢ ਮਹੀਨਾ ਪਹਿਲਾ ਘਰੋ ਭੱਜ ਕੇ ਅਦਾਲਤ 'ਚ ਪ੍ਰੇਮ ਵਿਆਹ ਕਰਵਾ ਲਿਆ ਸੀ ਅਤੇ ਉਸ ਸਮੇਂ ਤੋਂ ਹੀ ਘਰ ਤੋਂ ਬਾਹਰ ਰਹਿ ਰਹੇ ਸਨ।
ਪ੍ਰੇਮ ਵਿਆਹ ਕਰਾਉਣ ਵਾਲੇ ਦੋਵੇਂ ਜੀਅ ਪਿੰਡ ਆ ਰਹੇ ਸਨ, ਜਿਸ ਦੀ ਸੂਚਨਾ ਮਿਲਣ 'ਤੇ ਅਣਪਛਾਤੇ ਵਿਅਕਤੀਆਂ ਨੇ ਮੁੰਡੇ ਦੇ ਪਿਤਾ ਜੋਗਿੰਦਰ ਸਿੰਘ, ਜੋ ਆਪਣੇ ਕੋਠੇ 'ਤੇ ਸੁੱਤਾ ਪਿਆ ਸੀ, ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸੁੱਤੇ ਹੋਏ ਮੁੰਡੇ ਦੇ ਭਰਾ ਪਵਨਦੀਪ ਸਿੰਘ 16 ਸਾਲ ਅਤੇ ਭੈਣ (20) ਦਾ ਵੀ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਲਗਾ ਜਦੋਂ ਸਵੇਰੇ ਜੋਗਿੰਦਰ ਸਿੰਘ ਦਾ ਭਰਾ ਬੰਬੀ ਚਲਾਉਣ ਲਈ ਆਇਆ। ਬੂਹਾ ਬੰਦ ਦੇਖ ਕੇ ਉਸ ਨੇ ਬਹੁਤ ਵਾਰ ਦਰਵਾਜ਼ਾ ਖੜਕਾਇਆ ਪਰ ਕੋਈ ਬਾਹਰ ਨਹੀਂ ਆਇਆ। ਫਿਰ ਉਸ ਨੇ ਜਦੋਂ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋਵੇਂ ਭੈਣ-ਭਰਾ ਬੁਰੀ ਤਰ੍ਹਾਂ ਨਾਲ ਵੱਢੇ ਪਏ ਸਨ ਅਤੇ ਕੋਠੇ 'ਤੇ ਮੁੰਡੇ ਦਾ ਪਿਤਾ ਜੋਗਿੰਦਰ ਤੇਜ਼ ਹਥਿਆਰਾਂ ਨਾਲ ਵੱਢਿਆ ਪਿਆ ਸੀ। ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰ ਲਿਆ ਅਤੇ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਐੱਸ.ਪੀ. ਹਰਜੀਤ ਸਿੰਘ, ਡੀ. ਐੱਸ. ਪੀ. ਕੰਮਲਜੀਤ ਸਿੰਘ ਅਤੇ ਥਾਣਾ ਮੁਖੀ ਰਣਜੀਤ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।