9 ਸਾਲਾ ਬੱਚੇ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ, ਘਟਨਾ CCTV 'ਚ ਕੈਦ

Saturday, Feb 01, 2020 - 01:39 PM (IST)

9 ਸਾਲਾ ਬੱਚੇ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ, ਘਟਨਾ CCTV 'ਚ ਕੈਦ

ਝਬਾਲ (ਨਰਿੰਦਰ) : ਤਰਨਤਾਰਨ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਗੁਟਕਾ ਸਾਹਿਬ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਘੱਟ ਰਹੀ ਸੀ। ਇਸ ਨੂੰ ਲੈ ਕੇ ਜਦੋਂ ਗੁਰਦੁਆਰਾ ਪ੍ਰਬੰਧਕਾਂ ਵਲੋਂ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਇਕ ਬੱਚਾ ਗੁਟਕਾ ਸਾਹਿਬ ਜੀ ਨੂੰ ਹੱਥ 'ਚ ਫੜ ਕੇ ਪਹਿਲਾਂ ਨੁਕਸਾਨ ਪਹੁੰਚਾਉਂਦਾ ਹੈ ਤੇ ਫਿਰ ਉਸੇ ਜਗ੍ਹਾ 'ਤੇ ਰੱਖਦਾ ਦਿਖਾਈ ਦੇ ਰਿਹਾ ਹੈ।  ਇਸ ਸਬੰਧੀ ਪ੍ਰਬੰਧਕਾਂ ਤੇ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਵਲੋਂ ਝਬਾਲ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਤੁਰੰਤ ਥਾਣਾ ਮੁਖੀ ਪ੍ਰਭਜੀਤ ਸਿੰਘ ਅਤੇ ਡੀ.ਐੱਸ.ਪੀ. ਸੁੱਚਾ ਸਿੰਘ ਪੁਲਸ ਫੋਰਸ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ 'ਤੇ ਉਕਤ ਬੱਚੇ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਸਰਪੰਚ ਗੁਰਪਾਲ ਸਿੰਘ ਜਗਤਪੁਰਾ ਅਤੇ ਜੇ.ਈ. ਪਰਮਜੀਤ ਸਿੰਘ ਦੀ ਹਾਜ਼ਰੀ 'ਚ ਗੁਟਕਾ ਸਾਹਿਬ ਜੀ ਵਿਖਾਉਂਦਿਆਂ ਮੁੱਖ ਸੇਵਾਦਾਰ ਭਾਈ ਗੁਰਕ੍ਰਿਪਾਲ ਸਿੰਘ ਨੇ ਦੱਸਿਆਂ ਕਿ 30 ਜਨਵਰੀ ਨੂੰ ਉਸ ਨੇ ਜਦੋਂ ਗੁਟਕਾ ਸਾਹਿਬ ਜੀ ਨੂੰ ਵੇਖਿਆਂ ਤਾਂ ਇਕ ਅੰਗ ਨੁਕਸਾਨਿਆਂ ਹੋਇਆ ਸੀ ਪਰ ਉਸ ਨੇ ਸਮਝਿਆਂ ਸ਼ਾਇਦ ਕਿਸੇ ਕੋਲੋਂ ਪਾਠ ਕਰਨ ਅਜਿਹਾ ਹੋਇਆ ਹੋਵੇਗਾ ।ਅਗਲੇ ਦਿਨ ਫਿਰ ਹੋਰ ਅੰਗ ਨੁਕਸਾਨੇ ਵੇਖ ਉਸ ਨੂੰ ਸ਼ੱਕ ਹੋਇਆਂ ਤਾਂ ਉਸ ਨੇ ਤੁਰੰਤ ਪ੍ਰਬੰਧਕਾਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ, ਜਿਸ 'ਤੇ ਸਾਰਿਆਂ ਨੇ ਮਿਲ ਕੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਚੈੱਕ ਕੀਤੀ ਤਾਂ ਸਭ ਹੈਰਾਨ ਰਹਿ ਗਏ। ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਅਤੇ ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆਂ ਕਿ ਬੱਚੇ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬੱਚੇ ਵਿਰੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਘਟਨਾ ਦਾ ਪਤਾ ਚੱਲਣ 'ਤੇ ਸ਼੍ਰੋਮਣੀ ਕਮੇਟੀ ਵਲੋਂ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਅਤੇ ਪ੍ਰਚਾਰਕ ਭਾਈ ਬਲਵਿੰਦਰ ਸਿੰਘ ਮੌਕੇ 'ਤੇ ਪੁਹੁੰਚੇ ਤੇ ਸਾਰੀ ਘਟਨਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਘਟਨਾ ਤੇ ਦੁਖ ਪ੍ਰਗਟ ਕਰਦਿਆਂ ਸਮੂਹ ਪਿੰਡਾਂ ਵਿਚ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਅੰਦਰ ਬੱਚਿਆਂ ਦਾ ਖਾਸ ਖਿਆਲ ਰੱਖਣ ਅਤੇ ਕੋਈ ਇਹੋ ਜਿਹੀ ਲਾਪਰਵਾਹੀ ਨਾ ਵਰਤਣ ਜਿਸ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਸਕੇ।


author

Baljeet Kaur

Content Editor

Related News