ਵਿਧਾਇਕ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਝਬਾਲ ’ਚ ਟਾਫ਼ੀਆਂ ਵਾਂਗ ਵਿਕ ਰਹੀਆਂ ਚਿੱਟੇ ਦੀਆਂ ਪੁੜੀਆਂ

Monday, Aug 22, 2022 - 01:39 PM (IST)

ਤਰਨ ਤਾਰਨ (ਰਮਨ) - ਹਲਕਾ ਵਿਧਾਇਕ ਤਰਨਤਾਰਨ ਨੂੰ ਸਬੂਤ ਵਜੋਂ ਚਿੱਟੇ ਦੀ ਪੁੜੀ ਪੇਸ਼ ਕਰਦੇ ਹੋਏ ਸ਼ਿਕਾਇਤ ਕਰਨ ਦੇ ਬਾਵਜੂਦ ਕਸਬਾ ਝਬਾਲ ਤੇ ਇਲਾਕਿਆਂ ਵਿਚ ਸ਼ਰ੍ਹੇਆਮ ਚਿੱਟੇ ਦੀਆਂ ਪੁੜੀਆਂ ਟਾਫੀਆਂ ਵਾਂਗ ਵਿਕਣ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਝਬਾਲ ਨੇ ਜਗਬਾਣੀ ਨਾਲ ਕੀਤਾ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਨੇ ਐਤਵਾਰ ਸਵੇਰੇ ਕਸਬਾ ਝਬਾਲ ਦੇ ਨਜ਼ਦੀਕੀ ਇਲਾਕਿਆਂ ਤੋਂ ਦੋ ਵਾਰ ਸ਼ਰ੍ਹੇਆਮ ਹੈਰੋਇਨ ਦੀਆਂ ਪੁੜੀਆਂ ਖਰੀਦਣ ਤੋਂ ਬਾਅਦ ਜ਼ਿਲ੍ਹਾ ਪੁਲਸ ਵਲੋਂ ਕੀਤੀ ਗਈ ਸਖ਼ਤੀ ਦੇ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਮਾਨ ਪਾਸੋਂ ਹੈਰੋਇਨ ਦੀ ਸਪਲਾਈ ਬੰਦ ਕਰਨ ਅਤੇ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਗੁਹਾਰ ਲਗਾਈ ਗਈ ਹੈ।

ਜਾਣਕਾਰੀ ਅਨੁਸਾਰ ਕਸਬਾ ਝਬਾਲ ਦੇ ਨਿਵਾਸੀ ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਵਲੋਂ ਕਸਬਾ ਝਬਾਲ ਦੇ ਇਲਾਕਿਆਂ ਵਿਚ ਸ਼ਰ੍ਹੇਆਮ ਹੈਰੋਇਨ ਵਿਕਣ ਸਬੰਧੀ ਸਬੂਤ ਵਜੋਂ ਚਿੱਟੇ ਦੀ ਪੁੜੀ ਖਰੀਦ ਕਰਕੇ ਹਲਕਾ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ ਨੂੰ ਪੇਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਵਿਧਾਇਕ ਵਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਸ ਨਸ਼ੇ ਦੀ ਵਿਕਰੀ ਨੂੰ ਬੰਦ ਕਰਨ ਸਬੰਧੀ ਜ਼ਿਲ੍ਹਾ ਪੁਲਸ ਵਲੋਂ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਪਰ ਕਸਬਾ ਝਬਾਲ ਦੇ ਇਲਾਕਿਆਂ ਵਿਚ ਦਿਨ-ਰਾਤ ਸ਼ਰੇਆਮ ਚਿੱਟੇ ਦਾ ਕਾਰੋਬਾਰ ਜਾਰੀ ਹੈ। ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਅੱਠ ਵਜੇ ਉਨ੍ਹਾਂ ਵਲੋਂ ਝਬਾਲ ਅਤੇ ਨਜ਼ਦੀਕੀ ਪਿੰਡ ਵਿਚ ਖ਼ੁਦ ਜਾ ਕੇ ਚਿੱਟੇ ਦੀਆਂ ਪੁੜੀਆਂ ਖ਼ਰੀਦੀਆਂ ਗਈਆਂ, ਜਿਨ੍ਹਾਂ ਨਾਲ ਸਿਲਵਰ ਪੇਪਰ ਡਿਪਨੀ ਮੁਫ਼ਤ ਦਿੱਤੀ ਜਾ ਰਹੀ ਹੈ। 

ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਨਸ਼ੇ ਦੀ ਦਲਦਲ ਵਿਚ ਛੋਟੇ ਉਮਰ ਦੇ ਨੌਜਵਾਨ ਵੀ ਸ਼ਾਮਲ ਹਨ, ਜੋ ਆਪਣੀ ਅਤੇ ਹੋਰਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਦਿਨ-ਰਾਤ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਅਸਲੀਅਤ ਵਿਚ ਇਹ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਝਬਾਲ ਜੋ ਸਰਹੱਦੀ ਇਲਾਕੇ ਨਾਲ ਸਬੰਧਿਤ ਹੈ, ਵਿਖੇ ਸ਼ਰ੍ਹੇਆਮ ਹੈਰੋਇਨ ਦੀ ਵਿਕਰੀ ਜਾਰੀ ਹੈ। ਇਸ ਚਿੱਟੇ ਦੀਆਂ ਪੁੜੀਆਂ ਖਰੀਦਣ ਤੋਂ ਪਹਿਲਾਂ ਉਨ੍ਹਾਂ ਆਈ.ਜੀ ਜਸਕਰਨ ਸਿੰਘ ਨੂੰ ਫੋਨ ਕਰਕੇ ਸੂਚਨਾ ਦੇ ਦਿੱਤੀ ਸੀ। ਗੁਰਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਆਖ਼ਰੀ ਸਾਹ ਤੱਕ ਨਸ਼ੇ ਖਿਲਾਫ਼ ਲੜਾਈ ਲੜਦੇ ਰਹਿਣਗੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿਚ ਜਾਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਇਆ ਜਾਵੇ, ਜਿਸ ਲਈ ਸਖ਼ਤ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।

ਇਸ ਸਬੰਧੀ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਮੀਤ ਸਿੰਘ ਵਲੋਂ ਪੁਲਸ ਨਾਲ ਸਹਿਯੋਗ ਨਹੀਂ ਕੀਤਾ ਜਾ ਰਿਹਾ। ਇਸ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਬਾਜ਼ਾਰ ਵਿਚੋਂ ਖ਼ਰੀਦੀ ਗਈ ਪੁੜੀ ਪੁਲਸ ਸਾਹਮਣੇ ਪੇਸ਼ ਕੀਤੀ ਜਾਵੇ, ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕੀ ਹੈ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀ ਅਤੇ ਕਰਮਚਾਰੀ ਦੱਸੇ ਗਏ ਟਿਕਾਣਿਆਂ ਉੱਪਰ ਰੋਜ਼ਾਨਾ ਸਰਚ ਕਰ ਚੁੱਕੇ ਹਨ ਪਰ ਕੋਈ ਬਰਾਮਦਗੀ ਨਹੀਂ ਹੋਈ। ਗੁਰਮੀਤ ਸਿੰਘ ਵਲੋਂ ਨਿੱਜੀ ਰੰਜਿਸ਼ ਰੱਖਦੇ ਹੋਏ ਸੋਸ਼ਲ ਮੀਡੀਆ ਉੱਪਰ ਪੁਲਸ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਅਸਲ ਵਿਚ ਪੁਲਸ ਨੂੰ ਬਲੈਕਮੇਲ ਕਰ ਰਿਹਾ ਹੈ। ਇਸ ਬਾਬਤ ਐਕਸ਼ਨ ਲੈਂਦੇ ਹੋਏ ਗੁਰਮੀਤ ਸਿੰਘ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਜਾਂਚ ਬਰੀਕੀ ਨਾਲ ਜਾਰੀ ਰਹੇਗੀ।


rajwinder kaur

Content Editor

Related News