ਬਿਜਲੀਘਰ ਲਾਉਣ ਲਈ ਜਗ੍ਹਾ ਦਾ ਲਿਆ ਜਾਇਜ਼ਾ

01/18/2018 2:07:33 PM

ਝਬਾਲ/ਬੀੜ ਸਾਹਿਬ (ਨਰਿੰਦਰ, ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ, ਭਾਟੀਆ) - ਮਾਝੇ ਦੇ ਪ੍ਰਸਿਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਨੂੰ ਨਿਰਵਿਘਣ ਬਿਜਲੀ ਸਪਲਾਈ ਦੇਣ ਲਈ ਗੁ. ਸਾਹਿਬ ਵਿਖੇ ਵੱਖਰਾ 66 ਕੇ. ਵੀ. ਬਿਜਲੀਘਰ ਲਾਏ ਜਾਣ ਸਬੰਧੀ ਕਵਾਇਦ ਅਰੰਭ ਦਿੱਤੀ ਗਈ ਹੈ। ਇਸ ਸਬੰਧੀ ਜਗ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ ਸਰਕਲ ਤਰਨਤਾਰਨ ਪਾਵਰਕਾਮ ਦੇ ਨਿਗਰਾਣ ਇੰਜੀਨੀਅਰ ਸਕੱਤਰ ਸਿੰਘ, ਵਧੀਕ ਨਿਗਰਾਣ ਇੰਜੀਨੀਅਰ ਜਤਿੰਦਰ ਸਿੰਘ ਤੇ ਪਾਵਰਕਾਮ ਉਪ ਮੰਡਲ ਝਬਾਲ ਦੇ ਐੱਸ. ਡੀ. ਓ. ਸ਼ਰਨਜੀਤ ਸਿੰਘ ਵਿਰਦੀ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਨੇ ਬਿਜਲੀਘਰ ਲਈ ਨਿਧਾਰਤ ਕੀਤੀ ਗਈ ਜਗ੍ਹਾ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਨੂੰ ਪਿੱਛਲੇ ਲੰਮੇਂ ਸਮੇਂ ਤੋਂ ਬਿਜਲੀ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਮਿਲ ਰਹੀ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਵੱਲੋਂ ਮਤਾ ਪਾਸ ਕਰਕੇ ਗੁਰਦੁਆਰਾ ਸਾਹਿਬ ਨੂੰ ਬਿਜਲੀ ਸਪਲਾਈ ਦੇਣ ਲਈ ਪਾਵਰਕਾਮ ਤੋਂ ਇਥੇ ਵੱਖਰਾ 66 ਕੇ. ਵੀ. ਬਿਜਲੀਘਰ ਰੱਖੇ ਜਾਣ ਲਈ ਚਾਰਾਜੋਈ ਅਰੰਭੀ ਗਈ ਹੈ। ਨਿਘਰਾਣ ਇੰਜੀਨੀਅਰ ਸਕੱਤਰ ਸਿੰਘ ਨੇ ਗੁਰਦੁਆਰਾ ਬੀੜ ਸਾਹਿਬ ਵਿਖੇ ਬਹੁਤ ਜਲਦ ਵੱਖਰਾ ਬਿਜਲੀਘਰ ਸਥਾਪਿਤ ਕੀਤੇ ਜਾਣ ਦਾ ਭਰੋਸਾ ਦਿਵਾਂਉਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਦੇ ਮਤੇ ਨੂੰ ਪ੍ਰਵਾਨ ਕਰਦਿਆਂ ਪਾਵਰਕਾਮ ਦੇ ਚੀਫ਼ ਪਟਿਆਲਾ ਵੱਲੋਂ ਬਿਜਲੀਘਰ ਲਾਉਣ ਲਈ ਜਗ੍ਹਾਂ ਦਾ ਨਰੀਖਣ ਕਰਨ ਲਈ ਉਨ੍ਹਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਹੈ ਤੇ ਇਸ ਦੀ ਰਿਪੋਰਟ ਤਿਆਰ ਕਰਕੇ ਪਾਵਰਕਾਮ ਦੇ ਚੀਫ਼ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੀੜ ਸਾਹਿਬ ਵਿਖੇ 66 ਕੇ. ਵੀ. ਵੱਖਰਾ ਬਿਜਲੀਘਰ ਲੱਗਣ ਨਾਲ ਜਿਥੇ ਗੁਰਦੁਆਰਾ ਸਾਹਿਬ ਨੂੰ ਨਿਰੰਤਰ ਨਿਰਵਿਘਣ ਬਿਜਲੀ ਸਪਲਾਈ ਪ੍ਰਾਪਤ ਹੋਵੇਗੀ ਉਥੇ ਹੀ ਬਿਜਲੀਘਰ ਝਬਾਲ ਤੋਂ ਵਾਧੂ ਬੋਝ ਵੀ ਘੱਟ ਹੋਵੇਗਾ। ਇਸ ਮੌਕੇ ਉਕਤ ਅਧਿਕਾਰੀਆਂ ਨੂੰ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਅਤੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜੇ. ਈ. ਹਰਪਾਲ ਸਿੰਘ, ਜੇ. ਈ. ਸਤਨਾਮ ਸਿੰਘ, ਲਖਣਪਾਲ ਸਿੰਘ ਲਾਲੀ ਇੰਸਪੈਕਟਰ ਮੀਟਰ, ਸੁਖਵੰਤ ਸਿੰਘ, ਗੁਰਚਰਨ ਸਿੰਘ, ਸਤਪਿੰਦਰ ਸਿੰਘ, ਦਿਲਬਾਗ ਸਿੰਘ ਝਬਾਲ ਆਦਿ ਹਾਜ਼ਰ ਸਨ।


Related News