ਜਲੰਧਰ ਵਿਖੇ ਕਲੱਬ ਦੇ ਬਾਹਰ ਜਿਊਲਰ ਭਰਾਵਾਂ ਨੇ ਚਲਾਈ ਗੋਲ਼ੀ, ਪੁਲਸ ਨੇ ਇਕ ਨੂੰ ਕੀਤਾ ਗ੍ਰਿਫ਼ਤਾਰ
Monday, Aug 28, 2023 - 04:38 PM (IST)
ਜਲੰਧਰ- ਲੋਕਾਂ ਦੇ ਮਨਾਂ ਵਿੱਚੋਂ ਪੁਲਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਮਹਾਨਗਰ ਜਲੰਧਰ ਸ਼ਹਿਰ ਵਿਚ ਰੋਜ਼ਾਨਾ ਸ਼ਰੇਆਮ ਗੋਲ਼ੀਬਾਰੀ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਪੁਲਸ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਮਕਸੂਦਾਂ 'ਚ ਸ਼ਰੇਆਮ ਗੋਲ਼ੀਬਾਰੀ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਹੁਣ ਜਲੰਧਰ ਦੇ ਮਾਲ ਰੋਡ 'ਤੇ ਸਥਿਤ ਸਤਵਾ ਕਲੱਬ ਤੋਂ ਵੀ ਅਜਿਹੀ ਹੀ ਇਕ ਖ਼ਬਰ ਸੁਣਨ ਨੂੰ ਮਿਲੀ ਹੈ।
ਜਾਣਕਾਰੀ ਅਨੁਸਾਰ ਸਤਵਾ ਕਲੱਬ ਦੇ ਬਾਹਰ ਦੋ ਜਿਊਲਰ ਭਰਾਵਾਂ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਜਿਊਲਰ ਭਰਾਵਾਂ ਨੇ ਉਕਤ ਰੈਸਟੋਰੈਂਟ ਵਿਚ ਸ਼ਨੀਵਾਰ ਦੀ ਰਾਤ ਗੋਲ਼ੀ ਚਲਾ ਦਿੱਤਾ ਜੋ ਇਕ ਹੋਰ ਵਿਅਕਤੀ ਨੂੰ ਲੱਗੀ। ਜ਼ਖ਼ਮੀ ਵਿਅਕਤੀ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਵਾ ਕਲੱਬ ’ਚ 2 ਸ਼ਰਾਬੀ ਦੋਸਤ ਆਪਸ ’ਚ ਭਿੜ ਗਏ, ਜਿਸ ਤੋਂ ਬਾਅਦ ਇਕ ਦੋਸਤ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਦੂਜੇ ’ਤੇ ਹਮਲਾ ਕਰ ਦਿੱਤਾ ਅਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਚਲਾਉਣ ਵਾਲਾ ਨੌਜਵਾਨ ਕੋਈ ਹੋਰ ਨਹੀਂ ਸਗੋਂ ਸ਼ਹਿਰ ਦੇ ਨਾਮਵਰ ਜਿਊਲਰ ਨਿਊ ਲਾਲਾ ਵਜ਼ੀਰ ਚੰਦ ਮਲਹੋਤਰਾ ਦੇ ਮਾਲਕ ਜਤਿੰਦਰ ਮਲਹੋਤਰਾ ਦਾ ਪੁੱਤਰ ਪਾਰਸ ਮਲਹੋਤਰਾ ਹੈ। ਪੁਲਸ ਨੇ ਮੁਲਜ਼ਮ ਪਾਰਸ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।
ਏ. ਡੀ. ਸੀ. ਪੀ. ਅਦਿੱਤਿਆ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਪਠਾਨਕੋਟ ਬਾਈਪਾਸ ਚੌਕ ਸਥਿਤ ਇਕ ਨਿੱਜੀ ਹਸਪਤਾਲ ਤੋਂ ਫ਼ੋਨ ਆਇਆ ਕਿ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਨੂੰ ਉਨ੍ਹਾਂ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਵਾਸੀ ਚੀਮਾ ਨਗਰ ਨੂੰ 2 ਗੋਲ਼ੀਆਂ ਲੱਗੀਆਂ ਸਨ, ਜੋ ਰਾਤ ਕਰੀਬ 2.30 ਵਜੇ ਸਤਵਾ ਕਲੱਬ ਦੇ ਬਾਹਰ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਬਾਹਰ ਨਿਕਲਦੇ ਹੀ ਉਸ ਦੀ ਆਪਣੇ ਦੋਸਤ ਪਾਰਸ ਮਲਹੋਤਰਾ ਪੁੱਤਰ ਜਤਿੰਦਰ ਮਲਹੋਤਰਾ ਵਾਸੀ ਟਾਵਰ ਇਨਕਲੇਵ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।
ਹੁਣ ਦੋਵੇਂ ਨੌਜਵਾਨਾਂ ਨੇ ਸ਼ਰਾਬ ਪੀਤੀ ਸੀ। ਇਸੇ ਦੌਰਾਨ ਜਦੋਂ ਅਰਸ਼ਦੀਪ ਦੀ ਪਾਰਸ ਨਾਲ ਬਹਿਸ ਹੋ ਗਈ ਤਾਂ ਪਾਰਸ ਨੇ ਗੁੱਸੇ ’ਚ ਆ ਕੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ 3 ਗੋਲ਼ੀਆਂ ਚਲਾ ਦਿੱਤੀਆਂ। ਪਹਿਲਾ ਹਵਾਈ ਫਾਇਰ ਪਾਰਸ ਨੇ ਕੀਤਾ, ਜਦਕਿ ਦੋ ਫਾਇਰ ਜ਼ਮੀਨ ’ਤੇ ਕੀਤੇ ਗਏ। ਚਲਾਈ ਗੋਲੀ ਜ਼ਮੀਨ 'ਤੇ ਜਾ ਵੱਜੀ ਤੇ ਉਲਟਾ ਮੁੜ ਕੇ ਜ਼ਖਮੀ ਅਰਸ਼ਦੀਪ ਸਿੰਘ ਨੂੰ ਜਾ ਲੱਗੀ। ਇਕ ਗੋਲ਼ੀ ਉਸ ਦੇ ਢਿੱਡ ਨੂੰ ਲੱਗੀ ਤੇ ਦੂਜੀ ਉਸ ਦੇ ਚੂਲ੍ਹੇ ਨੂੰ ਛੂਹ ਕੇ ਬਾਹਰ ਨਿਕਲ ਗਈ। ਅਚਾਨਕ ਹੋਈ ਗੋਲ਼ੀਬਾਰੀ ਕਾਰਨ ਲੋਕਾਂ ’ਚ ਹਫੜਾ-ਦਫੜੀ ਮੱਚ ਗਈ, ਜਿਸ ਤੋਂ ਬਾਅਦ ਤੁਰੰਤ ਪਰਿਵਾਰ ਨੇ ਜਾ ਕੇ ਜ਼ਖਮੀ ਅਰਸ਼ਦੀਪ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਉਥੇ ਹੀ ਸਤਵਾ ਕਲੱਬ ਦੇ ਬਾਹਰ ਸ਼ਨੀਵਾਰ ਦੀ ਰਾਤ ਗੋਲ਼ੀ ਚਲਾਉਣ ਵਾਲੇ ਜਿਊਲਰ ਦੇ ਬੇਟੇ ਨੂੰ ਥਾਣਾ ਨੰਬਰ-6 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਪਾਰਸ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਪਾਰਸ ਨੇ ਇਸੇ ਕਲੱਬ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸੀ। ਉਦੋਂ ਵੀ ਪਾਰਸ ਨੇ ਸ਼ਰੇਆਮ ਪਿਸਤੌਲ ਲਹਿਰਾਈ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪਾਰਸ ਦੇ ਲਾਇਸੈਂਸ ਰੱਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਿਆਰ 'ਚ ਪਾਗਲ ਹੋਇਆ ਨੌਜਵਾਨ ਟੈਂਕੀ 'ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ
ਪਹਿਲਾਂ ਰਾਜ਼ੀਨੀਮੇ ਦੀ ਉੱਡੀ ਅਫ਼ਵਾਹ ਪਰ ਏ. ਡੀ. ਸੀ. ਪੀ. ਦੇ ਹੁਕਮਾਂ ’ਤੇ ਹੋਇਆ ਕੇਸ ਦਰਜ
ਉੱਥੇ ਹੀ ਜਦੋਂ ਪੁਲਸ ਇਸ ਮਾਮਲੇ ’ਚ ਪਹਿਲਾਂ ਜ਼ਖ਼ਮੀ ਅਰਸ਼ਦੀਪ ਦੇ ਬਿਆਨ ਲੈਣ ਗਈ ਤਾਂ ਉਸ ਦੇ ਅਨਫਿੱਟ ਹੋਣ ਕਾਰਨ ਬਿਆਨ ਦਰਜ ਨਹੀਂ ਕੀਤਾ ਗਿਆ। ਅਰਸ਼ਦੀਪ ਸਿੰਘ ਤੇ ਪਾਰਸ ਦੀ ਪੁਰਾਣੀ ਦੋਸਤੀ ਕਾਰਨ ਦੋਵੇਂ ਇਕ-ਦੂਜੇ ਖ਼ਿਲਾਫ਼ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਸਨ, ਕਿਉਂਕਿ ਦੋਵੇਂ ਸਤਵਾ ਕਲੱਬ ’ਚ ਪਾਰਟੀ ਦੌਰਾਨ ਇਕੱਠੇ ਆਏ ਸਨ ਪਰ ਝਗੜੇ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਸਾਰੀ ਕਾਰਵਾਈ ਨੂੰ ਠੰਡੇ ਬਸਤੇ ’ਚ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ। ਸਵੇਰ ਤੱਕ ਸਮਝੌਤੇ ਦੀ ਅਫ਼ਵਾਹ ਵੀ ਉੱਡਣੀ ਸ਼ੁਰੂ ਹੋ ਗਈ ਸੀ ਪਰ ਏ. ਡੀ. ਸੀ. ਪੀ. ਅਦਿੱਤਿਆ ਕੁਮਾਰ ਦੇ ਹੁਕਮਾਂ ’ਤੇ ਸਬ-ਇੰਸ. ਬਲਜੀਤ ਸਿੰਘ ਨੇ ਆਪਣੇ ਬਿਆਨਾਂ ’ਤੇ ਕੇਸ ਦਰਜ ਕਰ ਦਿੱਤਾ।
ਕਿਸ ਦੇ ਹੁਕਮਾਂ ’ਤੇ 2.30 ਵਜੇ ਤੱਕ ਖੁੱਲ੍ਹਾ ਰਿਹਾ ਸਤਵਾ ਕਲੱਬ?
ਜ਼ਿਕਰਯੋਗ ਹੈ ਕਿ ਸਤਵਾ ਕਲੱਬ ’ਚ ਪਹਿਲਾਂ ਵੀ ਕਈ ਵਿਵਾਦ ਹੋ ਚੁੱਕੇ ਹਨ ਪਰ ਸਭ ਤੋਂ ਵੱਡਾ ਸਵਾਲ ਹਰ ਵਾਰ ਲੋਕਾਂ ਦੀ ਜ਼ੁਬਾਨ ’ਤੇ ਹੁੰਦਾ ਹੈ ਕਿ ਕਿਸ ਦੇ ਹੁਕਮਾਂ 'ਤੇ ਸੱਤਵਾ ਕਲੱਬ ਦੇਰ ਰਾਤ 2.30-3 ਵਜੇ ਤੱਕ ਖੁੱਲ੍ਹ ਰਹਿੰਦਾ ਹੈ। ਇੰਨਾ ਹੀ ਨਹੀਂ ਸਤਵਾ ਕਲੱਬ ਨੂੰ ਦੇਖ ਕੇ ਮਾਡਲ ਟਾਊਨ ਦੇ ਬਾਕੀ ਕਲੱਬ ਵੀ ਖੁੱਲ੍ਹੇਆਮ ਪੁਲਸ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਰ ਰਾਤ ਤੱਕ ਪਾਰਟੀਆਂ ਕਰਦੇ ਹਨ ਤੇ ਸ਼ਰਾਬ ਵਰਤਾਉਂਦੇ ਹਨ। ਚਰਚਾ ਹੈ ਕਿ ਇਹ ਸਾਰਾ ਕਾਰੋਬਾਰ ਕਈ ਸਿਆਸਤਦਾਨਾਂ ਅਤੇ ਪੁਲਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਜੋ ਸਰਕਾਰ ਦੇ ਇਮਾਨਦਾਰੀ ਦੇ ਦਾਅਵਿਆਂ ਨੂੰ ਝੁਠਲਾਉਂਦਾ ਹੈ।
ਇਹ ਵੀ ਪੜ੍ਹੋ- ਫਿਲੌਰ 'ਚ ਪੈਟਰੋਲ ਪੰਪ 'ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ