ਸੜਕ ਪੁੱਟਣ ਦੇ ਮਾਮਲੇ ''ਚੋਂ ਜੱਸੋਵਾਲ ਦੇ 4 ਪੰਚਾਇਤ ਮੈਂਬਰ ਦੋਸ਼-ਮੁਕਤ

01/19/2018 6:45:27 AM

ਪਟਿਆਲਾ, (ਪ. ਪ.)- ਸ਼ਹਿਰ ਦੇ ਬਾਹਰਵਾਰ ਭਾਦਸੋਂ ਰੋਡ 'ਤੇ ਵੱਡੇ ਪਿੰਡ ਜੱਸੋਵਾਲ ਦੇ ਰਕਬੇ ਵਿਚ ਪੈਂਦੀ ਸੜਕ ਪੁੱਟਣ ਦੇ 2 ਸਾਲ ਪੁਰਾਣੇ ਮਾਮਲੇ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਚਾਇਤ ਦੇ 4 ਮੈਂਬਰਾਂ ਨੂੰ ਦੋਸ਼ ਮੁਕਤ ਕਰਾਰ ਦੇ ਕੇ ਬਹਾਲ ਕਰ ਦਿੱਤਾ ਹੈ।
ਸੜਕ ਪੁੱਟਣ ਦੀ ਇਹ ਘਟਨਾ 1 ਸਤੰਬਰ 2015 ਨੂੰ ਵਾਪਰੀ ਸੀ। ਇਸਦੀ ਖਬਰ 'ਜਗ ਬਾਣੀ' ਵੱਲੋਂ 2 ਸਤੰਬਰ 2015 ਦੇ ਅੰਕ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ। ਅਸਲ ਵਿਚ ਸੜਕ ਲਈ ਇਹ ਥਾਂ ਪਹਿਲਾਂ ਜੱਸੋਵਾਲ ਗ੍ਰਾਮ ਪੰਚਾਇਤ ਵੱਲੋਂ ਦਿੱਤੀ ਗਈ ਸੀ। ਬਾਅਦ ਵਿਚ ਮਤਾ ਪਾਸ ਕਰ ਕੇ ਸੜਕ ਦੇਣ ਦੀ ਤਜਵੀਜ਼ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪੰਚਾਇਤ ਅਤੇ ਸ਼ਹਿਰ ਦੇ ਇਕ ਵੱਡੇ ਕਾਲੋਨਾਈਜ਼ਰ ਦਰਮਿਆਨ ਟਕਰਾਅ ਦੀ ਸਥਿਤੀ ਬਣ ਗਈ ਸੀ ਤੇ ਫਿਰ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ।
ਸੜਕ ਪੁੱਟਣ ਦੇ ਮਾਮਲੇ ਵਿਚ ਮੰਡੀ ਬੋਰਡ ਵੱਲੋਂ ਥਾਣਾ ਤ੍ਰਿਪੜੀ ਵਿਖੇ ਐੈੱਫ. ਆਈ. ਆਰ. ਨੰਬਰ 279 ਮਿਤੀ 2.9.2015 ਦਰਜ ਕਰਵਾਈ ਗਈ ਸੀ। ਇਨ੍ਹਾਂ ਪੰਚਾਇਤ ਮੈਂਬਰਾਂ 'ਤੇ ਦੋਸ਼ ਲਾਏ ਗਏ ਸਨ ਕਿ ਸੜਕ ਇਨ੍ਹਾਂ ਵੱਲੋਂ ਪੁੱਟੀ ਗਈ ਹੈ। ਮਾਮਲੇ ਵਿਚ 4 ਪੰਚਾਇਤ ਮੈਂਬਰ ਭਗਵੰਤ ਸਿੰਘ, ਯੁਵਰਾਜ ਸ਼ਰਮਾ, ਕੁਲਦੀਪ ਸਿੰਘ ਤੇ ਮਲਕੀਤ ਸਿੰਘ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਸ਼੍ਰੀ ਸਿਬਿਨ ਸੀ. ਵੱਲੋਂ ਕੱਲ ਸੁਣਾਏ ਆਪਣੇ ਫੈਸਲੇ ਵਿਚ ਕਿਹਾ ਗਿਆ ਕਿ ਇਨ੍ਹਾਂ ਪੰਚਾਇਤ ਮੈਂਬਰਾਂ ਦੇ ਸੜਕ ਪੁੱਟਣ ਦੀ ਕੋਈ ਫੋਟੋ ਜਾਂ ਕੋਈ ਹੋਰ ਠੋਸ ਸਬੂਤ ਪੰਜਾਬ ਮੰਡੀ ਬੋਰਡ ਜਾਂ ਕਿਸੇ ਹੋਰ ਧਿਰ ਵੱਲੋਂ ਪੜਤਾਲ ਵਾ ਤਫਤੀਸ਼ ਦੌਰਾਨ ਪੇਸ਼ ਨਹੀਂ ਕੀਤੀ ਗਈ ਤੇ ਨਾ ਹੀ ਇਨ੍ਹਾਂ ਦਾ ਵਕੂਆ ਵਿਚ ਸ਼ਾਮਲ ਹੋਣਾ ਪਾਇਆ ਗਿਆ। 
ਇਸਦੀ ਪੜਤਾਲ ਰਿਪੋਰਟ ਸੀਨੀਅਰ ਕਪਤਾਨ ਪੁਲਸ ਪਟਿਆਲਾ ਵੱਲੋਂ ਵੀ ਪ੍ਰਵਾਨ ਕੀਤੀ ਗਈ ਹੈ। ਡਾਇਰੈਕਟਰ ਮੁਤਾਬਕ ਮਾਮਲੇ ਵਿਚ ਅਦਾਲਤੀ ਕੇਸ ਵੀ ਚਲ ਰਿਹਾ ਹੈ, ਜਦੋਂ ਤੱਕ ਅਦਾਲਤ ਦਾ ਫੈਸਲਾ ਨਹੀਂ ਹੋ ਜਾਂਦਾ, ਉਸ ਵੇਲੇ ਤੱਕ ਇਨ੍ਹਾਂ ਪੰਚਾਇਤ ਮੈਂਬਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਡਾਇਰੈਕਟਰ ਨੇ ਆਪਣੇ ਇਸ ਹੁਕਮ ਰਾਹੀਂ ਇਨ੍ਹਾਂ ਪੰਚਾਇਤ ਮੈਂਬਰਾਂ ਨੂੰ ਬਹਾਲ ਕਰਦਿਆਂ ਡਵੀਜ਼ਨਲ ਡਿਪਟੀ ਡਾਇਰੈਕਟਰ ਪੰਚਾਇਤ ਪਟਿਆਲਾ ਨੂੰ ਕਿਹਾ ਕਿ ਜੇਕਰ ਅਦਾਲਤ ਦਾ ਕੋਈ ਵੀ ਫੈਸਲਾ ਹੋਇਆ ਤਾਂ ਇਸ ਸਬੰਧੀ ਦਫਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਆਖਿਰ ਸੱਚ ਦੀ ਜਿੱਤ ਹੋਈ : ਪੰਚਾਇਤ ਮੈਂਬਰ
ਪੰਚਾਇਤ ਮੈਂਬਰ ਭਗਵੰਤ ਸਿੰਘ, ਯੁਵਰਾਜ ਸ਼ਰਮਾ, ਕੁਲਦੀਪ ਸਿੰਘ ਤੇ ਮਲਕੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਆਖਿਰਕਾਰ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੜਕ ਨੂੰ ਸਰਕਾਰੀ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਸਰਕਾਰੀ ਨਹੀਂ ਹੈ। ਸ਼ਹਿਰ ਦੇ ਵੱਡੇ ਕਾਲੋਨਾਈਜ਼ਰ ਵੱਲੋਂ ਕਰੋੜਾਂ ਰੁਪਏ ਦਾ ਮੁਨਾਫਾ ਕਮਾਉਣ ਲਈ ਪੰਚਾਇਤ ਦੀ ਥਾਂ ਵਰਤਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸਦਾ ਅਸੀਂ ਵਿਰੋਧ ਕਰ ਰਹੇ ਹਾਂ ਤੇ ਇਸੇ ਲਈ ਅਜਿਹੇ ਕੇਸ ਭੁਗਤ ਰਹੇ ਹਾਂ ਪਰ ਤਾਜ਼ਾ ਫੈਸਲੇ ਨਾਲ ਸਾਡਾ ਮਨੋਬਲ ਹੋਰ ਵਧਿਆ ਹੈ ਕਿ ਆਖਿਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। 


Related News