ਕਿਉਂ ਡੁੱਬੀ ''ਆਪ'' ਦੀ ਬੇੜੀ, ਜੱਸੀ ਜਸਰਾਜ ਨੇ ਖੋਲ੍ਹੇ ਰਾਜ਼

Tuesday, Jan 29, 2019 - 06:44 PM (IST)

ਕਿਉਂ ਡੁੱਬੀ ''ਆਪ'' ਦੀ ਬੇੜੀ, ਜੱਸੀ ਜਸਰਾਜ ਨੇ ਖੋਲ੍ਹੇ ਰਾਜ਼

ਚੰਡੀਗੜ੍ਹ : ਪੰਜਾਬੀ ਗਾਇਕ ਜੱਸੀ ਜਸਰਾਜ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਜੱਸੀ ਜਸਰਾਜ ਨੇ ਪਾਰਟੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ 'ਚ ਉਨ੍ਹਾਂ ਨੂੰ ਪਾਰਟੀ ਨੇ ਉਹ ਅਹਿਮੀਅਤ ਨਹੀਂ ਦਿੱਤੀ, ਜੋ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ। ਜੱਸੀ ਜਸਰਾਜ ਨੇ ਪ੍ਰੈਸ ਕਾਨਫਰੰਸ ਦੌਰਾਨ ਉਹ ਰਾਜ਼ ਵੀ ਖੋਲ੍ਹੇ, ਜਿਨ੍ਹਾਂ ਕਾਰਨ 'ਆਪ' ਦੀ ਬੇੜੀ ਡੁੱਬ ਗਈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕੇਜਰੀਵਾਲ ਦੀਆਂ ਨੀਤੀਆਂ ਸਹੀ ਨਹੀਂ ਹਨ, ਜ੍ਹਿਨਾਂ ਦਾ ਫਾਇਦਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਚੁੱਕਿਆ ਹੈ। ਜੱਸੀ ਜਸਰਾਜ ਨੇ ਕਿਹਾ ਕਿ ਇਨ੍ਹਾਂ 2 ਆਗੂਆਂ ਦੀ ਮਨਮਾਨੀ ਕਾਰਨ ਹੀ ਅੱਜ ਪਾਰਟੀ ਡੁੱਬਣ ਦੀ ਕਗਾਰ 'ਤੇ ਪੁੱਜ ਗਈ ਹੈ।

ਉਨ੍ਹਾਂ ਕਿਹਾ ਕਿ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਵਰਗੇ ਲੋਕਾਂ ਨੂੰ ਪੰਜਾਬ 'ਚੋਂ ਕਰੋੜਾਂ ਰੁਪਏ ਮਿਲੇ ਹਨ, ਜਿਸ ਕਾਰਨ ਇਨ੍ਹਾਂ ਦਾ ਦਿਮਾਗ ਖਰਾਬ ਹੋ ਗਿਆ ਅਤੇ ਇਹੀ ਕਾਰਨ ਹੈ ਕਿ ਪਾਰਟੀ ਨੇ ਕਦੇ ਵੀ ਆਪਣੇ ਵਾਲੰਟੀਅਰਾਂ ਦੀ ਗੱਲ ਨਹੀਂ ਸੁਣੀ, ਜਿਸ ਦਾ ਖਾਮਿਆਜ਼ਾ ਪੂਰੀ ਤਰ੍ਹਾਂ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਜੱਸੀ ਜਸਰਾਜ ਨੇ ਕਿਹਾ ਕਿ ਉਨ੍ਹਾਂ ਨੇ 'ਗਦਰ ਫੈਡਰੇਸ਼ਨ' ਨਾਂ ਦੀ ਇਕ ਸੰਸਥਾ ਬਣਾਈ ਹੈ, ਜੋ ਕਿ ਰਾਜਨੀਤਕ ਅਤੇ ਸਮਾਜਿਕ ਦੋਹਾਂ ਤਰ੍ਹਾਂ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਜਾਣਗੇ।


author

Babita

Content Editor

Related News