ਜੰਡਿਆਲਾ ਦੇ ਨਸ਼ਾ ਛੁਡਾਊ ਕੇਂਦਰ ''ਚ ਨੌਜਵਾਨ ਦਾ ਕਤਲ, ਸੈਂਟਰ ਦੇ ਮਾਲਕ ਸਣੇ 3 ਵਿਅਕਤੀਆਂ ''ਤੇ ਕੇਸ ਦਰਜ

Monday, Jan 10, 2022 - 12:25 PM (IST)

ਜੰਡਿਆਲਾ ਦੇ ਨਸ਼ਾ ਛੁਡਾਊ ਕੇਂਦਰ ''ਚ ਨੌਜਵਾਨ ਦਾ ਕਤਲ, ਸੈਂਟਰ ਦੇ ਮਾਲਕ ਸਣੇ 3 ਵਿਅਕਤੀਆਂ ''ਤੇ ਕੇਸ ਦਰਜ

ਜਲੰਧਰ (ਮਹੇਸ਼)- ਜੰਡਿਆਲਾ ਦੇ ਨਸ਼ਾ ਛੁਡਾਊ ਕੇਂਦਰ 'ਆਸ ਦੀ ਕਿਰਨ' ਵਿਚ 32 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਵਿਚ ਪੈਂਦੇ ਇਲਾਕੇ ਪੱਤੀ ਸਾਹਨ ਕੀ (ਜੰਡਿਆਲਾ) ਦੇ ਰਹਿਣ ਵਾਲੇ 32 ਸਾਲਾ ਹਰਜੀਤ ਸਿੰਘ ਪੁੱਤਰ ਸੁਲੱਖਣ ਸਿੰਘ ਦੇ ਕਤਲ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਆਸ ਦੀ ਕਿਰਨ (ਨਸ਼ਾ ਛੁਡਾਊ ਸੈਂਟਰ) ਪਿੰਡ ਅਰਮਾਨਪੁਰ ਦੇ ਮਾਲਕ ਪਵਿੱਤਰ ਸਿੰਘ ਕੰਗ ਵਾਸੀ ਪਿੰਡ ਦਾਦੂਵਾਲ, ਜ਼ਿਲ੍ਹਾ ਜਲੰਧਰ ਅਤੇ ਦਿਨੇਸ਼ ਕੁਮਾਰ ਸ਼ਰਮਾ ਪੁੱਤਰ ਪ੍ਰਾਣ ਨਾਥ ਵਾਸੀ ਕਮਲ ਵਿਹਾਰ, ਥਾਣਾ ਰਾਮਾ ਮੰਡੀ, ਜਲੰਧਰ ਸਮੇਤ 3 ਲੋਕਾਂ ਖ਼ਿਲਾਫ਼ 302 ਅਤੇ 34 ਆਈ. ਪੀ. ਸੀ. ਤਹਿਤ ਐੱਫ. ਆਈ. ਆਰ. ਨੰਬਰ 4 ਦਰਜ ਕੀਤੀ ਗਈ ਹੈ।

ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਉਕਤ ਕੇਸ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਸੁਲੱਖਣ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੀ ਲਾਸ਼ ਪੁਲਸ ਨੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਸੋਮਵਾਰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਰਿਆੜ ਨੇ ਦੱਸਿਆ ਕਿ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਕਰਦੇ ਪੱਤੀ ਸਾਹਨ ਕੀ ਦੇ ਵਾਸੀ ਸੁਲੱਖਣ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਲੜਕਾ ਹਰਜੀਤ ਸਿੰਘ 5 ਜਨਵਰੀ ਨੂੰ ਆਪਣੇ ਦੋਸਤ ਜੋਤਾ ਪੁੱਤਰ ਸੁਰਿੰਦਰ ਸਿੰਘ ਵਾਸੀ ਜੰਡਿਆਲਾ (ਜੋ ਕਿ ਨਸ਼ਾ ਕਰਨ ਦਾ ਆਦੀ ਹੈ) ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ, ਜਿੱਥੋਂ ਨਸ਼ਾ ਛੁਡਾਊ ਕੇਂਦਰ (ਆਸ ਦੀ ਕਿਰਨ) ਅਰਮਾਨਪੁਰ ਵਾਲੇ ਉਸ ਨੂੰ ਚੁੱਕ ਕੇ ਲੈ ਗਏ।

ਇਹ ਵੀ ਪੜ੍ਹੋ: ਕਾਂਗਰਸ ਦੀ ਬਦੌਲਤ ਹੀ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਪਹੁੰਚਿਆ ਹਾਂ : ਸੁਖਜਿੰਦਰ ਰੰਧਾਵਾ

ਇਸ ਸਬੰਧੀ ਸੈਂਟਰ ਵਾਲਿਆਂ ਨੇ ਜੋਤੇ ਦੇ ਜ਼ਰੀਏ ਉਨ੍ਹਾਂ ਦੇ ਘਰ ਵਿਚ ਫੋਨ ਕਰਵਾਇਆ ਤਾਂ ਉਸ ਦੀ ਪਤਨੀ ਰਣਜੀਤ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਬੀਮਾਰ ਰਹਿੰਦਾ ਹੈ ਅਤੇ ਉਸ ਦੀ ਦਵਾਈ ਚੱਲਦੀ ਹੈ। ਇਸੇ ਲਈ ਉਹ ਉਸ ਦੇ ਲੜਕੇ ਨੂੰ ਘਰ ਛੱਡ ਜਾਣ ਪਰ ਸੈਂਟਰ ਵਾਲਿਆਂ ਨੇ ਉਸ ਦੀ ਕੋਈ ਗੱਲ ਨਾ ਸੁਣੀ। 6 ਜਨਵਰੀ ਨੂੰ ਜੋਤੇ ਦੀ ਮਾਂ ਦਾ ਫੋਨ ਆਇਆ ਤਾਂ ਉਸ ਨੂੰ ਵੀ ਕਿਹਾ ਕਿ ਉਹ ਸੈਂਟਰ ਵਾਲਿਆਂ ਨੂੰ ਕਹੇ ਕਿ ੳਸ ਦੇ ਲੜਕੇ ਨੂੰ ਘਰ ਛੱਡ ਜਾਣ, ਫਿਰ ਵੀ ਸੈਂਟਰ ਵਾਲਿਆਂ ਨੇ ਕੋਈ ਗੌਰ ਨਹੀਂ ਕੀਤਾ। 9 ਜਨਵਰੀ ਨੂੰ ਨਸ਼ਾ ਛੁਡਾਊ ਸੈਂਟਰ ਦਾ ਮਾਲਕ ਪਵਿੱਤਰ ਸਿੰਘ ਕੰਗ ਅਤੇ ਦਿਨੇਸ਼ ਕੁਮਾਰ ਸ਼ਰਮਾ ਨੇ ਜੋਤੇ ਦੀ ਮਾਂ ਤੋਂ ਫੋਨ ਕਰਵਾਇਆ ਕਿ ਹਰਜੀਤ ਸਿੰਘ ਦੀ ਤਬੀਅਤ ਜ਼ਿਆਦਾ ਖ਼ਰਾਬ ਹੈ। ਉਹ ਉਸ ਨੂੰ ਲੈ ਕੇ ਨਕੋਦਰ ਮੋੜ, ਜੰਡਿਆਲਾ ਲੈ ਕੇ ਆ ਰਹੇ ਹਨ ਅਤੇ ਉਥੋਂ ਆ ਕੇ ਉਸ ਨੂੰ ਲੈ ਜਾਣ।

ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਸੁਖਪਾਲ ਸਿੰਘ ਪੁੱਤਰ ਬਲਜੀਤ ਸਿੰਘ ਨੂੰ ਨਾਲ ਲੈ ਕੇ ਆਪਣੀ ਕਾਰ ਵਿਚ ਨਕੋਦਰ ਮੋੜ ਜੰਡਿਆਲਾ ਪਹੁੰਚ ਗਿਆ, ਜਿੱਥੇ ਸੈਂਟਰ ਦੇ ਮਾਲਕ ਪਵਿੱਤਰ ਸਿੰਘ ਕੰਗ ਨਾਲ ਉਸ ਦੀ ਕਾਰ ਵਿਚ ਕੁਝ ਹੋਰ ਵੀ ਵਿਅਕਤੀ ਸਨ। ਉਨ੍ਹਾਂ ਜਲਦੀ-ਜਲਦੀ ਆਪਣੀ ਕਾਰ ਵਿਚੋਂ ਹਰਜੀਤ ਸਿੰਘ ਦੀ ਲਾਸ਼ ਕੱਢ ਕੇ ਉਨ੍ਹਾਂ ਦੀ ਕਾਰ ਵਿਚ ਰੱਖ ਦਿੱਤੀ ਅਤੇ ਤੇਜ਼ ਰਫ਼ਤਾਰ ਆਪਣੀ ਕਾਰ ਲੈ ਕੇ ਫਰਾਰ ਹੋ ਗਏ। ਹਰਜੀਤ ਸਿੰਘ ਨੂੰ ਲੈ ਕੇ ਉਹ ਸਿਮਰਨ ਹਸਪਤਾਲ ਪਹੁੰਚ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਕਾਫ਼ੀ ਸਮੇਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ: ਕੁੜੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਰਾਲ

ਸੁਲੱਖਣ ਸਿੰਘ ਨੇ ਦੱਸਿਆ ਕਿ ਨਸ਼ਾ ਛੁਡਾਊ ਸੈਂਟਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਹਰਜੀਤ ਬੀਮਾਰ ਰਹਿੰਦਾ ਹੈ ਅਤੇ ਕਿਸੇ ਚੰਗੇ ਹਸਪਤਾਲ ਤੋਂ ਉਸ ਦਾ ਇਲਾਜ ਨਾ ਕਰਵਾਇਆ ਗਿਆ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਉਸ ਨੇ ਕਿਹਾ ਕਿ ਸੈਂਟਰ ਵਾਲਿਆਂ ਵੱਲੋਂ ਤਸ਼ੱਦਦ ਕੀਤੇ ਜਾਣ ਕਾਰਨ ਹੀ ਹਰਜੀਤ ਸਿੰਘ ਦੀ ਮੌਤ ਹੋਈ ਹੈ। ਉਸ ਨੇ ਕਿਹਾ ਕਿ ਉਸ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ, ਜਿਸ ਕਾਰਨ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪਵਿੱਤਰ ਸਿੰਘ ਦਾ ਸੈਂਟਰ ਵੀ ਤੁਰੰਤ ਬੰਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨਾਲ ਡਿਨਰ ਲਈ ਆਏ ਰਬੜ ਕਾਰੋਬਾਰੀ ਦੀ ਗੰਨ ਪੁਆਇੰਟ ’ਤੇ ਲੁੱਟੀ BMW

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News