ਸ਼ਾਸਨ ਬਦਲੇ, ਰੁੱਤ ਬਦਲ ਗਈ, ਨਹੀਂ ਬਦਲੀ ਤਕਦੀਰ

Wednesday, Jan 27, 2021 - 01:36 PM (IST)

ਸ਼ਾਸਨ ਬਦਲੇ, ਰੁੱਤ ਬਦਲ ਗਈ, ਨਹੀਂ ਬਦਲੀ ਤਕਦੀਰ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)- ਦੇਸ਼ ਦੀ 1947 ’ਚ ਹੋਈ ਵੰਡ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੀਆਂ ਅੱਖਾਂ ’ਚ ਕਸ਼ਮੀਰ ਰੜਕਦਾ ਰਿਹਾ ਹੈ ਅਤੇ ਇਸ ਮਸਲੇ ਨੂੰ ਬਿਨਾ ਕਾਰਣ ਭੜਕਾਉਣ ਦੇ ਯਤਨਾਂ ਅਧੀਨ ਉਸ ਨੇ ਭਾਰਤ ਖਿਲਾਫ 3-4 ਸਿੱਧੀਆਂ ਲੜਾਈਆਂ ਲੜੀਆਂ। ਜਦੋਂ ਲੜਾਈਆਂ ਵਿਚ ਪਾਕਿਸਤਾਨ ਨੂੰ ਸਫ਼ਲਤਾ ਹਾਸਲ ਨਹੀਂ ਹੋਈ ਤਾਂ ਉਸ ਨੇ ਅੱਤਵਾਦ ਦੇ ਰੂਪ ’ਚ ਛਾਇਆ-ਜੰਗ ਛੇੜ ਦਿੱਤੀ, ਜਿਸ ਨੇ ਨਾ ਸਿਰਫ ਜੰਮੂ-ਕਸ਼ਮੀਰ ਦੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਕੀਤਾ ਸਗੋਂ ਭਾਰਤ ਦੇ ਹੋਰ ਹਿੱਸਿਆਂ ’ਚ ਵੀ ਕਈ ਜਗ੍ਹਾ ਖੂਨ-ਖਰਾਬਾ ਕੀਤਾ। ਇਸ ਤੋਂ ਇਕ ਕਦਮ ਹੋਰ ਅੱਗੇ ਵਧਦਿਆਂ ਪਾਕਿਸਤਾਨੀ ਸੈਨਿਕਾਂ ਨੇ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਸਿਲਸਿਲਾ ਵੀ ਛੇੜ ਦਿੱਤਾ ਅਤੇ ਉਸ ਵੱਲੋਂ ਬਾਲੇ ਜਾ ਰਹੇ ‘ਅੱਗ ਦੇ ਭਾਂਬੜ’ ਅੱਜ ਵੀ ਜਾਰੀ ਹਨ। ਇਨ੍ਹਾਂ ਭਾਂਬੜਾਂ ਕਾਰਣ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਬਰਬਾਦੀ ਦੇ ਕੰਢੇ ਪੁੱਜ ਗਿਆ। ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਣ ਕੱਖਾਂ ਵਾਂਗ ਰੁਲਣ ਲਈ ਮਜਬੂਰ ਹੋਏ ਇਨ੍ਹਾਂ ਭਾਰਤੀ ਨਾਗਰਿਕਾਂ ਦੇ ਦੁੱਖਾਂ-ਤਕਲੀਫਾਂ ਦਾ ਹੱਲ ਕਰਨ ਵਿੱਚ ਸਾਡੀਆਂ ਸਰਕਾਰਾਂ ਦੇ ਯਤਨ ਵੀ ਨਾਮਾਤਰ ਹੀ ਰਹੇ।

ਪਾਕਿਸਤਾਨ ਵਿੱਚ ਵੀ ਅਤੇ ਭਾਰਤ ਵਿੱਚ ਵੀਕਈ ਸਰਕਾਰਾਂ ਆਈਆਂ, ਕਈ ਸ਼ਾਸਨ ਬਦਲੇ, ਰੁੱਤਾਂ ਅਤੇ ਮੌਸਮ ਵੀ ਬਦਲ ਗਏ ਪਰ ਮੁਸੀਬਤਾ ਦੇ ਪਹਾੜਾਂ ਹੇਠ ਸਿਸਕ ਰਹੇ ਲੋਕਾਂ ਦੀ ਤਕਦੀਰ ਨਹੀਂ ਬਦਲ ਸਕੀ। ਇਨ੍ਹਾਂ ਕਰਮਾਂ ਮਾਰੇ ਲੋਕਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਨੂੰ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਉਣੀ ਪਈ ਜਿਸ ਅਧੀਨ 581ਵੇਂ ਟਰੱਕ ਦੀ ਸਮੱਗਰੀ ਸਾਂਬਾ ਜ਼ਿਲੇ ਦੇ ਸਰਹੱਦੀ ਪਿੰਡ ਰਾੜੀਆਂ ਵਿਖੇ ਵੰਡੀ ਗਈ। ਇਸ ਮੌਕੇ ’ਤੇ ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ (ਰਜਿ.) ਲੁਧਿਆਣਾ ਵੱਲੋਂ ਭਿਜਵਾਈਆਂ ਗਈਆਂ ਰਜਾਈਆਂ 300 ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀਆਂ ਗਈਆਂ।

ਇਸ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਸ੍ਰੀ ਦੀਪਕ ਕੁਮਾਵਤ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨ ਕਈ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ। ਕਦੀ ਉਹ ਡਰੋਨ ਰਾਹੀਂ ਭਾਰਤੀ ਇਲਾਕੇ ’ਚ ਹਥਿਆਰ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਦੀ ਫਾਇਰਿੰਗ ਕਰਨ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੇਸ਼ ਦੀਆਂ ਸਰਹੱਦਾਂ ’ਤੇ ਬੜੀ ਮੁਸਤੈਦੀ ਨਾਲ ਤਾਇਨਾਤ ਹੈ ਅਤੇ ਪਾਕਿਸਤਾਨ ਦੀ ਕਿਸੇ ਵੀ ਚਾਲ ਨੂੰ ਸਫਲ ਨਹੀਂ ਹੋਣ ਦੇਵੇਗੀ। ਸ਼੍ਰੀ ਕੁਮਾਵਤ ਨੇ ਕਿਹਾ ਕਿ ਅਸੀਂ ਪੰਜਾਬ ਕੇਸਰੀ ਗਰੁੱਪ ਦੇ ਬਹੁਤ ਧੰਨਵਾਦੀ ਹਾਂ, ਜਿਸ ਵੱਲੋਂ ਲਗਾਤਾਰ ਸਰਹੱਦੀ ਲੋਕਾਂ ਲਈ ਸਮੱਗਰੀ ਭਿਜਵਾਈ ਜਾ ਰਹੀ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਅਪਲੀ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਦੀ ਹਰ ਹਰਕਤ ’ਤੇ ਨਜ਼ਰ ਰੱਖਣ ਅਤੇ ਕੋਈ ਵੀ ਸ਼ੱਕੀ ਚੀਜ਼ ਦੇਖਣ ਤਾਂ ਉਸ ਦੀ ਸੂਚਨਾ ਫੋਰਸ ਨੂੰ ਦੇਣ।

PunjabKesari

ਸਰਹੱਦੀ ਲੋਕ ਕਈ ਸਾਲਾਂ ਤੋਂ ਸੰਕਟ ਭੋਗ ਰਹੇ ਹਨ : ਸਰਬਜੀਤ ਜੌਹਲ
ਰਾਮਗੜ੍ਹ ਖੇਤਰ ਦੇ ਸਮਾਜ ਸੇਵੀ ਅਤੇ ਜ਼ਿਲਾ ਚਿਨਾਬ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਕੌਂਸਲਰ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਣ ਸਰਹੱਦੀ ਲੋਕ ਕਈ ਸਾਲਾਂ ਤੋਂ ਸੰਕਟ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਹਮਲਿਆਂ ਕਾਰਣ ਅਣਗਿਣਤ ਪਰਿਵਾਰਾਂ ’ਤੇ ਮੁਸੀਬਤਾਂ ਦਾ ਸਮਾਂ ਆਇਆ। ਕਈ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਈ ਅਪਾਹਜ ਹੋ ਕੇ ਜੀਵਨ ਗੁਜ਼ਾਰ ਰਹੇ ਹਨ। ਸ. ਜੌਹਲ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਦੇ ਦਾਨੀ ਲੋਕ ਪੁੰਨ ਦਾ ਵੱਡਾ ਕਾਰਜ ਕਰ ਰਹੇ ਹਨ।

ਪਾਕਿ ਸਾਡੇ ਅੰਦਰੂਨੀ ਮਾਮਲਿਆਂ ’ਚ ਦਖਲ ਦੇ ਰਿਹੈ : ਸੁਨੀਲ ਧਵਨ
ਪੰਜਾਬ ਕੇਸਰੀ ਦੇ ਜਲੰਧਰ ਸਥਿਤ ਬਿਊਰੋ ਚੀਫ ਸੁਨੀਲ ਧਵਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸਾਡੇ ਅੰਦਰੂਨੀ ਮਾਮਲਿਆਂ ’ਚ ਦਖਲ ਦੇ ਰਿਹਾ ਹੈ। ਉਸ ਵੱਲੋਂ ਕੀਤੀਆਂ ਜਾਂਦੀਆਂ ਘਟੀਆ ਸਾਜ਼ਿਸ਼ਾਂ ਕਾਰਣ ਹਜ਼ਾਰਾਂ ਪਰਿਵਾਰ ਦੁੱਖ ਦਾ ਸਮਾਂ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਸਰਹੱਦੀ ਲੋਕਾਂ ਦੀ ਪੀੜ ਨੂੰ ਸਮਝਦੇ ਹਨ। ਇਸੇ ਕਾਰਣ ਇਹ ਰਾਹਤ ਮੁਹਿੰਮ ਪਿਛਲੇ 21 ਸਾਲਾਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ-ਸਹਾਇਤਾ ਲਈ ਸਾਨੂੰ ਸਭ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਸਰਹੱਦੀ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕੇ ਜਾਣ : ਇਕਬਾਲ ਅਰਨੇਜਾ
ਜਲੰਧਰ ਦੇ ਸਮਾਜ ਸੇਵੀ ਸ. ਇਕਬਾਲ ਸਿੰਘ ਅਰਨੇਜਾ ਨੇ ਰਾਹਤ ਵੰਡ ਆਯੋਜਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿਥੇ ਲੋਕਾਂ ਨੂੰ ਪਾਕਿਸਤਾਨ ਵੱਲੋਂ ਮਾਰ ਪੈਂਧੀ ਹੈ ਅਤੇ ਦੂਜਾ ਸਰਹੱਦੀ ਪਿੰਡਾਂ ’ਚ ਸੜਕਾਂ, ਸੀਵਰੇਜ, ਸਿਹਤ ਸਹੂਲਤਾਂ ਵੀ ਲੋੜ ਅਨੁਸਾਰ ਨਹੀਂ ਹਨ। ਇਸ ਸਥਿਤੀ ਨੂੰ ਦੇਖਦਿਆਂ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਨੂੰ ਪਹਿਲ ਦੇ ਆਧਾਰ ’ਤੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

ਅੱਤਵਾਦ, ਗੋਲੀਬਾਰੀ ਅਤੇ ਗਰੀਬੀ ਸਹਿਣ ਕਰ ਰਹੇ ਨੇ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਪੱਟੀ ’ਚ ਰਹਿਣ ਵਾਲੇ ਲੋਕ ਇਕੋ ਸਮੇਂ ਅੱਤਵਾਦ, ਗੋਲੀਬਾਰੀ ਅਤੇ ਗਰੀਬੀ ਵਰਗੇ ਸੰਕਟ ਸਹਿਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਸਾਡੀਆਂ ਸੁਰੱਖਿਆ ਫੋਰਸਾਂ ਦੇ ਜਵਾਨ ਹਥਿਆਰਾਂ ਨਾਲ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇ ਰਹੇ ਹਨ, ਉਥੇ ਆਮ ਲੋਕ ਬਿਨਾਂ ਹਥਿਆਰਾਂ ਦੇ ਦੁਸ਼ਮਣ ਵਿਰੁੱਧ ਸੀਨਾ ਤਾਣ ਕੇ ਡਟੇ ਹੋਏ ਹਨ। ਇਹ ਲੋਕ ਵੀ ਦੇਸ਼ ਦੇ ਪਹਿਰੇਦਾਰਾਂ ਦੀ ਭੂਮਿਕਾ ਨਿਭਾਅ ਰਹੇ ਹਨ।
ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨ-ਮਜ਼ਦੂਰ ਖਤਰਿਆਂ ਦਾ ਸਾਹਮਣਾ ਕਰ ਕੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਲਈ ਜੂਝਦੇ ਹਨ ਅਤੇ ਨਾਲ ਹੀ ਬੀ. ਐੱਸ. ਐੱਫ. ਵਾਲਿਆਂ ਕਿਸੇ ਵੀ ਸ਼ੱਕੀ ਸਥਿਤੀ ਸਬੰਧੀ ਸੂਚਨਾ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਸੇਵਾ-ਸਹਾਇਤਾ ਲਈ ਦੇਸ਼ ਭਰ ਦੀਆਂ ਦਾਨੀ ਸ਼ਖਸੀਅਤਾਂ ਨੂੰ ਰਾਹਤ ਮੁਹਿੰਮ ’ਚ ਯੋਗਦਾਨ ਪਾਉਣਾ ਚਾਹੀਦਾ ਹੈ।

ਅਪਾਹਜ ਵਾਲਾ ਜੀਵਨ ਹੰਢਾ ਰਿਹੈ ਸਾਬਕਾ ਫੌਜੀ ਰਵੀ ਕੁਮਾਰ
ਪਿੰਡ ਰਾੜੀਆਂ ਦਾ ਰਹਿਣ ਵਾਲਾ ਸਾਬਕਾ ਫੌਜੀ ਰਵੀ ਕੁਮਾਰ ਅੱਜ ਅਪਾਹਜ ਵਾਲਾ ਜੀਵਨ ਗੁਜ਼ਾਰਨ ਲਈ ਮਜਬੂਰ ਹੈ। ਕਾਰਗਿਲ ਦੀ ਜੰਗ ਵੇਲੇ ਭਰ ਜੁਆਨੀ ਦੀ ਉਮਰ (27 ਸਾਲ) ਿਵਚ ਉਹ ਪੁੰਛ ਦੀ ਸਰਹੱਦ ’ਤੇ ਤਾਇਨਾਤ ਸੀ। ਪਾਕਿਸਤਾਨ ਵੱਲੋਂ ਚਲਾਏ ਗਏ ਮੋਰਟਾਰ ਨਾਲ ਹਾਈ ਵੋਲਟੇਜ ਬਿਜਲੀ ਦੀ ਤਾਰ ਟੁੱਟ ਕੇ ਉਸ ’ਤੇ ਡਿੱਗ ਪਈ ਅਤੇ ਉਹ ਸਾਰਾ ਹੀ ਝੁਲਸ ਗਿਆ। ਉਸ ਦੀ ਇਕ ਬਾਂਹ ਪੂਰੀ ਕੱਟੀ ਗਈ ਅਤੇ ਦੂਜੀ ਨਕਾਰਾ ਹੋ ਗਈ। ਸਰਕਾਰ ਨੇ ਉਸ ਨੂੰ ਜੰਗ ਸਬੰਧੀ ਆਪ੍ਰੇਸ਼ਨ ਵਿਜੇ ਦੇ ਸਾਰੇ ਲਾਭ ਦੇਣ ਦਾ ਭਰੋਸਾ ਦੇ ਕੇ ਪੈਨਸ਼ਨ ’ਤੇ ਭੇਜ ਦਿੱਤਾ ਪਰ ਅੱਜ ਤੱਕ ਉਸ ਨੂੰ ਉਹ ਲਾਭ ਨਹੀਂ ਮਿਲੇ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਨੂੰ ਬਣਦੇ ਲਾਭ ਤੁਰੰਤ ਦੇਵੇ।

ਮੁਸ਼ਕਲਾਂ ’ਚ ਜੀਵਨ ਗੁਜ਼ਾਰ ਰਹੀ ਹੈ ਵਿਧਵਾ ਸ਼ਕੁੰਤਲਾ ਦੇਵੀ
ਪਿੰਡ ਰਾਜੇਵਾਲ ਦੀ ਰਹਿਣ ਵਾਲੀ ਸ਼ਕੁੰਤਲਾ ਦੇਵੀ ਦਾ ਪਤੀ ਸਾਈਂ ਦਾਸ 2 ਸਾਲ ਪਹਿਲਾਂ ਹਾਰਟ ਅਟੇਕ ਕਾਰਣ ਸਵਰਗਵਾਸ ਹੋ ਗਿਆ। ਅੱਜ ਤੱਕ ਉਸ ਨੂੰ ਵਿਧਵਾ ਪੈਨਸ਼ਨ ਨਹੀਂ ਮਿਲੀ ਅਤੇ ਉਹ ਬਹੁਤ ਮੁਸ਼ਕਲਾਂ ਵਿਚ ਜੀਵਨ ਗੁਜ਼ਾਰ ਰਹੀ ਹੈ। ਉਸ ਦਾ ਇਕ ਲੜਕਾ ਅਪਾਹਜ ਹੈ ਅਤੇ ਦੂਜਾ ਦਿਹਾੜੀ-ਮਜ਼ਦੂਰੀ ਕਰਕੇ ਲੂਣ-ਤੇਲ ਦਾ ਪ੍ਰਬੰਧ ਕਰਦਾ ਹੈ। ਉਸ ਨੇ ਕਿਹਾ ਕਿ ਸਰਕਾਰ ਉਸ ਦੇ ਲੜਕੇ ਨੂੰ ਨੌਕਰੀ ਦੇਵੇ ਅਤੇ ਉਸ ਦੀ ਵਿਧਵਾ ਪੈਨਸ਼ਨ ਵੀ ਤੁਰੰਤ ਲਗਾਈ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕੇ।

ਕੌਣ-ਕੌਣ ਮੌਜੂਦ ਸਨ
ਇਸ ਮੌਕੇ ’ਤੇ ਚਮਲਿਆਲ ਚੈੱਕ ਪੋਸਟ ਦੇ ਡਿਪਟੀ ਕਮਾਂਡੈਂਟ ਲੋਕੇਸ਼ ਜਸਵਾਲ, ਇਲਾਕਾ ਨਿਵਾਸੀ ਪ੍ਰਵੀਨ ਸ਼ਰਮਾ, ਰਵੀ ਕੁਮਾਰ, ਸ਼ਿਵ ਕੁਮਾਰ, ਤਰਸੇਮ ਲਾਲ, ਅਸ਼ੋਕ ਕੁਮਾਰ, ਰਾਮ ਸ਼ਰਮਾ, ਅਮਰ ਸਿੰਘ, ਅਮਰਜੀਤ ਸਿੰਘ ਅਤੇ ਸੱਜਣ ਸਿੰਘ ਵੀ ਮੌਜੂਦ ਸਨ।


author

shivani attri

Content Editor

Related News