ਪਾਕਿਸਤਾਨੀ ਲੋਕ ਹੀ ਨਹੀਂ, ਪਸ਼ੂ ਵੀ ਨੇ ਸਰਹੱਦ ''ਤੇ ਰਹਿਣ ਵਾਲੇ ਭਾਰਤੀਆਂ ਦੇ ਦੁਸ਼ਮਣ

Sunday, Jun 28, 2020 - 11:00 AM (IST)

ਪਾਕਿਸਤਾਨੀ ਲੋਕ ਹੀ ਨਹੀਂ, ਪਸ਼ੂ ਵੀ ਨੇ ਸਰਹੱਦ ''ਤੇ ਰਹਿਣ ਵਾਲੇ ਭਾਰਤੀਆਂ ਦੇ ਦੁਸ਼ਮਣ

ਜੰਮੂ-ਕਸ਼ਮੀਰ/ਜਲੰਧਰ (ਜੋਤੀ)— ਸੱਜੇ-ਖੱਬੇ ਦੋਹਾਂ ਪਾਸੇ ਦੂਰ ਤੱਕ 10 ਫੁੱਟ ਦੇ ਕਰੀਬ ਉੱਚੀ ਕੰਡਿਆਲੀ ਤਾਰ, ਤਾਰ ਦੇ ਨਾਲ ਇਕ ਗੇਟ ਅਤੇ ਗੇਟ 'ਤੇ ਤਾਇਨਾਤ ਹਥਿਆਰਬੰਦ ਬੀ. ਐੱਸ. ਐੱਫ. ਦੇ ਜਵਾਨ ਅਤੇ ਤਾਰ ਦੇ ਉਸ ਪਾਰ ਪਾਕਿਸਤਾਨ ਦੇ ਰੇਂਜਰਸ ਅਤੇ ਉਸ ਦੇ ਪਿੱਛੇ ਖੇਤਾਂ 'ਚ ਕੰਮ ਕਰਦੇ ਪੰਜਾਬ ਕੇਸਰੀ ਦੀ ਗੱਡੀ ਨੂੰ ਘੂਰਦੇ ਪਾਕਿਸਤਾਨੀ ਕਿਸਾਨ, ਇਹ ਮੰਜਰ ਹੈ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਜੈਦਪੁਰ ਦਾ, ਪੰਜਾਬ ਕੇਸਰੀ ਦੀ ਰਾਹਤ ਸਮੱਗਰੀ ਵੰਡਣ ਵਾਲੀ ਟੀਮ ਇਸ ਸਰਹੱਦੀ ਪਿੰਡ 'ਚ 571ਵੇਂ ਰਾਹਤ ਸਮੱਗਰੀ ਦੇ ਟਰੱਕ ਦਾ ਸਾਮਾਨ ਭੇਂਟ ਕਰਨ ਜਾ ਰਹੀ ਸੀ, ਜਿਸ ਨੂੰ ਲੁਧਿਆਣਾ ਦੀ 'ਇਕ ਆਸ ਵੂਮੈਨ ਹੈਲਪ ਲਾਈਨ' ਐੱਨ. ਜੀ. ਓ. ਵੱਲੋਂ ਚੇਅਰਪਰਸਨ ਸਿੰਮੀ ਚੋਪੜਾ ਪਾਸ਼ਾਨ ਦੀ ਪ੍ਰੇਰਣਾ ਨਾਲ ਭਿਜਵਾਇਆ ਗਿਆ ਸੀ।
ਟੀਮ ਦੀ ਗੱਡੀ ਦੇ ਅੱਗੇ-ਅੱਗੇ ਤਾਰਾਗੜ੍ਹ ਪੁਲਸ ਦੀ ਗੱਡੀ ਚੱਲ ਰਹੀ ਸੀ ਜੋ ਟੀਮ ਦੇ ਮੈਂਬਰਾਂ ਨੂੰ ਜੈਦਪੁਰ ਤੱਕ ਲੈ ਕੇ ਜਾ ਰਹੀ ਸੀ ਅਤੇ ਬਾਰਡਰ ਰੋਡ 'ਤੇ ਚੱਲਦੇ ਹੋਏ ਦੂਰ ਤੱਕ ਉਹ ਤਾਰ ਦਿਖਾਈ ਦੇ ਰਹੀ ਸੀ, ਜਿਸ ਨੇ ਇਕ ਹੀ ਦੇਸ਼ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ। ਸਰੱਖਿਆ ਕਰਮਚਾਰੀ ਟੀਮ ਦੇ ਨਾਲ ਚੱਲ ਰਹੇ ਸਨ ਪਰ ਇਸ ਦੇ ਬਾਵਜੂਦ 3 ਸਥਾਨਾਂ 'ਤੇ ਸਥਾਨਕ ਸੁਰੱਖਿਆ ਬਲਾਂ ਨੇ 3 ਵਾਰ ਰੋਕ ਕੇ ਪੁੱਛਗਿੱਛ ਕੀਤੀ ਤਾਂ ਅੱਗੇ ਜਾਣ ਦਿੱਤਾ।

ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਹੱਦ 'ਤੇ ਹਾਲਾਤ ਕਿਹੋ ਜਿਹੇ ਹਨ ਅਤੇ ਕਿੰਨੀ ਮੁਸਤੈਦੀ ਵਰਦੀ ਜਾ ਰਹੀ ਹੈ। ਪਾਕਿਸਤਾਨ ਦੇ ਨਾਲ ਲਗਦੀ ਰਾਵੀ ਅਤੇ ਉਸ ਨਦੀ ਦੇ ਦਰਮਿਆਨ ਲਗਦੀ ਇਹ ਓਹੀ ਸਰਹੱਦ ਹੈ, ਜਿੱਥੋਂ ਪਾਕਿਸਤਾਨ ਦੇ ਘੁਸਪੈਠੀਏ ਅਕਸਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜਿਵੇਂ ਹੀ ਪੰਜਾਬ ਕੇਸਰੀ ਦੀ ਟੀਮ ਪਿੰਡ 'ਚ ਸਥਿਤ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਉਥੇ ਇਕੱਠੇ ਹੋਏ ਲੋਕ ਟੀਮ ਦੇ ਮੈਂਬਰਾਂ ਦੇ ਆਲੇ-ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਬੜੀ ਨਿਮਰਤਾ ਨਾਲ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਵਾਸਤਾ ਦੇ ਕੇ ਖੜ੍ਹੇ ਹੋਣ ਨੂੰ ਰਾਜ਼ੀ ਕੀਤਾ ਗਿਆ। ਅਸਲ 'ਚ ਸਰਹੱਦ ਦੇ ਨਾਲ ਲਗਦੇ ਖੇਤਰਾਂ ਦੇ ਵਾਸੀਆਂ ਦੀਆਂ ਸਮੱਸਿਆਵਾਂ ਹੀ ਇੰਨੀਆਂ ਹਨ ਕਿ ਉਨ੍ਹਾਂ ਨੂੰ ਜਿਵੇਂ ਹੀ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਸਰਕਾਰ ਤੱਕ ਪਹੁੰਚ ਸਕਦੀ ਹੈ ਤਾਂ ਉਹ ਆਪਣੀ ਸਮੱਸਿਆ ਸੁਣਾਉਣ ਉਸ ਦੇ ਨੇੜੇ ਪਹੁੰਚ ਜਾਂਦੇ ਹਨ।

PunjabKesari

ਇਸ ਮੌਕੇ ਪਿੰਡ ਦੇ ਹੀ 75 ਸਾਲਾ ਰਿਟਾਇਰਡ ਸੂਬੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਜ਼ਬਰਦਸਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਹੱਦ ਦੇ ਨਾਲ ਲਗਦੇ ਸਾਰੇ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨਾਂ ਸੁਰੱਖਿਆ ਲਈ ਲੱਗੀ ਤਾਰ ਦੇ ਉਸ ਪਾਰ ਵੀ ਹਨ, ਜਿੱਥੇ ਉਨ੍ਹਾਂ ਨੂੰ ਖੇਤੀ ਕਰਨ ਲਈ ਬੀ. ਐੱਸ. ਐੱਫ. ਦੀ ਮਨਜ਼ੂਰੀ ਨਾਲ ਅਤੇ ਸੁਰੱਖਿਆ ਫੋਰਸਾਂ ਦੀ ਦੇਖ-ਰੇਖ 'ਚ ਹੀ ਜਾਣ ਦੀ ਇਜਾਜ਼ਤ ਹੁੰਦੀ ਹੈ। ਅਜਿਹੇ 'ਚ ਜਦੋਂ ਵੀ ਸਰਹੱਦ 'ਤੇ ਤਣਾਅ ਹੁੰਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਜ਼ਮੀਨ 'ਤੇ ਜਾਣ ਦੀ ਆਗਿਆ ਨਹੀਂ ਮਿਲਦੀ, ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਅਨੇਕਾਂ ਵਾਰ ਪਾਕਿਸਤਾਨ ਦੇ ਕਿਸਾਨ ਉਨ੍ਹਾਂ ਦੀਆਂ ਫਸਲਾਂ ਕੱਟ ਕੇ ਲੈ ਜਾਂਦੇ ਹਨ ਅਤੇ ਕਈ ਵਾਰ ਪਾਕਿਸਤਾਨ ਵੱਲੋਂ ਜੰਗਲੀ ਜਾਨਵਰ ਉਨ੍ਹਾਂ ਦੀਆਂ ਫਸਲਾਂ ਨੂੰ ਖਰਾਬ ਕਰ ਦਿੰਦੇ ਹਨ। ਸੂਬੇਦਾਰ ਪੂਰਨ ਸਿੰਘ ਕਹਿੰਦੇ ਹਨ ਕਿ ਇਕ ਤਾਂ ਵਿਚੌਲੀਏ ਕਾਰਣ ਕਿਸਾਨਾਂ ਨੂੰ ਪੂਰੀ ਰਕਮ ਮਿਲਦੀ ਹੀ ਨਹੀਂ ਅਤੇ ਦੂਜਾ ਪਿਛਲੇ 3 ਸਾਲਾਂ ਤੋਂ ਸਰਕਾਰ ਨੇ ਉਹ ਰਕਮ ਹਾਲੇ ਤੱਕ ਨਹੀਂ ਭੇਜੀ ਹੈ।
ਪੰਜਾਬ ਕੇਸਰੀ ਰਾਹਤ ਸਮੱਗਰੀ ਵੰਡ ਟੀਮ ਦੇ ਪ੍ਰਮੁੱਖ ਵਰਿੰਦਰ ਸ਼ਰਮਾ ਯੋਗੀ ਅਤੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਕਾਰਜਕਾਰੀ ਮੈਂਬਰ ਪਵਨ ਕੁਮਾਰ ਭੋਡੀ ਦੀ ਅਗਵਾਈ 'ਚ ਜੋ ਰਾਹਤ ਸਮੱਗਰੀ ਵੰਡੀ ਗਈ ਉਸ 'ਚ 30 ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਅਤੇ ਚੌਲ ਭੇਂਟ ਕੀਤੇ ਗਏ। ਕੋਰੋਨਾ ਸੰਕਟ ਕਾਰਣ ਕੋਈ ਸਮਾਰੋਹ ਆਯੋਜਿਤ ਨਹੀਂ ਕੀਤਾ ਗਿਆ ਸਗੋਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਲੋੜਵੰਦ ਲੋਕਾਂ ਨੂੰ ਲਾਈਨ 'ਚ ਹੀ ਰਾਹਤ ਸਮੱਗਰੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਰਾਹਤ ਸਮੱਗਰੀ ਦੇ 570 ਟਰੱਕ ਵੰਡੇ ਜਾ ਚੁੱਕੇ ਹਨ।

ਰਾਹਤ ਸਮੱਗਰੀ ਜੈਦਪੁਰ, ਖੁਦਾਈਪੁਰ, ਭਗਵਾਲ ਅਤੇ ਬਮਿਆਲ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਭੇਟ ਕੀਤੀ ਗਈ, ਜਿਸ 'ਚ ਸਰਪੰਚ ਹਰਭਜਨ ਕੌਰ, ਸਰਪੰਚ ਰਜਨੀ ਬਾਲਾ, ਸਰਪੰਚ ਸੁਖਜਿੰਦਰ ਕੌਰ, ਅਕਾਲੀ ਨੇਤਾ ਹਰਜੀਤ ਸਿੰਘ, ਹਿੰਦੂ ਸੁਰੱਖਿਆ ਸਮਿਤੀ ਦੇ ਚੇਅਰਮੈਨ ਮਹਿੰਦਰ ਪਾਲ ਸਿੰਘ, ਸਮਾਜ ਸੇਵਕ ਸੁਮਿਤ ਠਾਕੁਰ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਬਮਿਆਲ ਪੁਲਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

ਨੇਤਾ ਚੋਣਾਂ ਤੋਂ ਬਾਅਦ ਕਿਉਂ ਨਜ਼ਰ ਨਹੀਂ ਆਉਂਦੇ : ਇਕ ਵਿਧਵਾ ਦਾ ਪ੍ਰਸ਼ਨ
ਜੈਦੁਪਰ ਪਿੰਡ ਦੀ ਰਹਿਣ ਵਾਲੀ ਵਿਧਵਾ ਸੁਰਜੀਤ ਕੌਰ ਕਹਿੰਦੀ ਹੈ ਕਿ ਨਾ ਤਾਂ ਸਰਕਾਰ ਕੋਈ ਖਬਰ ਲੈ ਰਹੀ ਹੈ ਅਤੇ ਨਾ ਹੀ ਖੇਤਰ ਦੇ ਚੁਣੇ ਪ੍ਰਤੀਨਿਧੀ ਕਦੀ ਪਿੰਡ 'ਚ ਆ ਕੇ ਲੋੜਵੰਦ ਲੋਕਾਂ ਦੀ ਸਾਰ ਲੈਂਦੇ ਹਨ। ਉਨ੍ਹਾਂ ਦੇ ਬੁੱਲਾਂ 'ਤੇ ਇਹ ਪ੍ਰਸ਼ਨ ਵਾਰ-ਵਾਰ ਆ ਰਿਹਾ ਸੀ ਕਿ ਚੋਣਾਂ ਤੋਂ ਬਾਅਦ ਕਿਉਂ ਦਿਖਾਈ ਨਹੀਂ ਦਿੰਦੇ ਲੀਡਰ? ਉਨ੍ਹਾਂ ਦਾ ਮੰਣਨਾ ਹੈ ਕਿ ਸਰਹੱਦੀ ਪਿੰਡ ਹੋਣ ਕਾਰਨ ਪਹਿਲਾਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਸੀ ਅਤੇ ਜਦੋਂ ਤੋਂ ਕੋਰੋਨਾ ਆਇਆ ਹੈ, ਉਦੋਂ ਤੋਂ ਉਨ੍ਹਾਂ ਦੇ ਬੱਚੇ ਬਿਲਕੁਲ ਬੇਕਾਰ ਹੋ ਗਏ ਹਨ ਅਤੇ ਘਰ 'ਚ ਹੁਣ ਰੋਟੀ ਦੇ ਵੀ ਲਾਲੇ ਹਨ। ਉਹ ਕਹਿੰਦੀ ਹੈ ਕਿ ਸਰਕਾਰ ਨੂੰ ਘੱਟ ਤੋਂ ਘੱਟ ਖਾਣੇ ਦੀ ਵਿਵਸਥਾ ਤਾਂ ਜ਼ਰੂਰ ਕਰਨੀ ਚਾਹੀਦੀ ਸੀ।

ਉਨ੍ਹਾਂ ਦੀ ਸਭ ਤੋਂ ਵੱਡੀ ਮੰਗ ਹੈ ਕਿ ਸਰਹੱਦੀ ਖੇਤਰਾਂ ਦੇ ਨੌਜਵਾਨ ਬੱਚਿਆਂ ਨੂੰ ਸਰਕਾਰ ਨੂੰ ਉੱਚ ਸਿੱਖਿਆ ਮੁਫਤ ਦੇ ਕੇ ਉਨ੍ਹਾਂ ਨੂੰ ਸੁਰੱਖਿਆ ਫੋਰਸਾਂ 'ਚ ਨੌਕਰੀ ਜ਼ਰੂਰ ਦੇਣੀ ਚਾਹੀਦੀ ਹੈ। ਸੁਰਜੀਤ ਕੌਰ ਆਪਣਾ ਦਰਦ ਬਿਆਨ ਕਰਦੇ ਹੋਏ ਆਪਣੇ ਹੰਝੂਆਂ ਨੂੰ ਵੀ ਨਹੀਂ ਰੋਕ ਪਾਈ ਅਤੇ ਆਪਣੇ ਪਤੀ ਦੀ ਮੌਤ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ ਕਿ ਬਹੁਤ ਮੁਸ਼ਕਲ ਨਾਲ ਉਨ੍ਹਾਂ ਨੇ ਜਵਾਨੀ 'ਚ ਮਿਹਨਤ ਕਰ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ ਅਤੇ ਬੁਰੇ ਸਮੇਂ 'ਚ ਵੀ ਉਹ ਆਪਣੀ ਧਰਤੀ ਨੂੰ ਛੱਡ ਕੇ ਨਹੀਂ ਗਈ। ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਸ ਸੀ ਕਿ ਬੁਢਾਪੇ 'ਚ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ, ਪਰ ਅੱਜ ਸਰਕਾਰ ਦੀ ਉਦਾਸੀਨਤਾ ਤੋਂ ਉਹ ਦੁਖੀ ਹਨ।

ਨਿਰਸੁਆਰਥ ਸੇਵਾ 'ਚ ਲੱਗੀ ਹੈ 'ਇਕ ਆਸ ਵੂਮੈਨ ਹੈਲਪ ਲਾਈਨ'
ਪਿੰਡ ਜੈਦਪੁਰ 'ਚ ਵੰਡਿਆ ਗਿਆ 571ਵਾਂ ਟਰੱਕ ਐੱਨ. ਜੀ. ਓ. 'ਇਕ ਆਸ ਵੂਮੈਨ ਹੈਲਪ ਲਾਈਨ' ਵੱਲੋਂ ਚੇਅਰਪਰਸਨ ਸਿੰਮੀ ਚੋਪੜਾ ਪਾਸ਼ਾਨ ਦੀ ਪ੍ਰੇਰਣਾ ਸਦਕਾ ਭਿਜਵਾਇਆ ਗਿਆ ਸੀ। ਸ਼੍ਰੀਮਤੀ ਚੋਪੜਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਐੱਨ. ਜੀ. ਓ. ਭਵਿੱਖ 'ਚ ਇਸ ਰਾਹਤ ਮੁਹਿੰਮ ਨਾਲ ਜੁੜੀ ਰਹੇਗੀ ਅਤੇ ਛੇਤੀ ਹੀ ਰਾਸ਼ਨ ਦਾ ਇਕ ਟਰੱਕ ਵੀ ਭਿਜਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਐੱਨ. ਜੀ. ਓ. ਨਾਲ ਜਿੰਨੇ ਵੀ ਮੈਂਬਰ ਜੁੜੇ ਹੋਏ ਹਨ ਉਹ ਨਿਰਸੁਆਰਥ ਕੰਮ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ ਅਤੇ ਜਦੋਂ ਵੀ ਜਿਥੇ ਵੀ ਕਿਸੇ ਲੋੜਵੰਦ ਨੂੰ ਮਦਦ ਦੀ ਲੋੜ ਪਵੇਗੀ, ਉਹ ਮਦਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐੱਨ. ਜੀ. ਓ. ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਮਾਰਗਦਰਸ਼ਨ 'ਚ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ 'ਚ ਵੀ ਕਰਦੀ ਰਹੇਗੀ।


author

shivani attri

Content Editor

Related News