ਧੁੰਦਲਾ ਹੋ ਰਿਹੈ ਸਰਹੱਦੀ ਖੇਤਰਾਂ ਦੇ ਬੱਚਿਆਂ ਦਾ ਭਵਿੱਖ

Monday, Jan 13, 2020 - 05:50 PM (IST)

ਜਲੰਧਰ, ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) - ਪਾਕਿਸਤਾਨ ਦੀ ਸਰਹੱਦ ਕੰਢੇ ਸਥਿਤ ਜੰਮੂ-ਕਸ਼ਮੀਰ ਦੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਸਿਰ 'ਤੇ ਖਤਰਾ ਮੰਡਰਾਉਂਦਾ ਰਹਿੰਦਾ ਹੈ, ਜਿਸ ਕਾਰਨ ਬੱਚਿਆਂ ਦਾ ਵਰਤਮਾਨ ਅਤੇ ਭਵਿੱਖ ਡਾਵਾਂ-ਡੋਲ ਹੋ ਰਿਹਾ ਹੈ। ਤੋਤਲੀ ਉਮਰ 'ਚ ਉਨ੍ਹਾਂ ਨੂੰ ਜਿਸ ਤਰ੍ਹਾਂ ਦੀਆਂ ਕਮੀਆਂ ਅਤੇ ਔਕੜਾਂ ਪੇਸ਼ ਆ ਰਹੀਆਂ ਹਨ, ਯਕੀਨਨ ਇਸ ਨਾਲ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ। ਖੁਰਾਕ ਦੀ ਘਾਟ ਕਾਰਨ ਉਨ੍ਹਾਂ ਦੇ ਸਰੀਰ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਰਹੇ। ਕਈ ਵਾਰ ਤਾਂ ਜਣੇਪੇ ਵਿਚ ਹੀ ਉਨ੍ਹਾਂ ਨੂੰ ਗੰਭੀਰ ਕਿਸਮ ਦੇ ਰੋਗ ਹੋ ਜਾਂਦੇ ਹਨ। ਸਰਹੱਦੀ ਪਿੰਡਾਂ 'ਚ ਬੱਚਿਆਂ ਦੀ ਦੇਖਭਾਲ ਲਈ ਲੋੜੀਂਦੇ ਹਸਪਤਾਲ ਜਾਂ ਹੋਰ ਸਿਹਤ ਸਹੂਲਤਾਂ ਨਹੀਂ ਹਨ। ਜਿਹੜੇ ਸਕੂਲਾਂ 'ਚ ਜਾਂਦੇ ਹਨ, ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਰਹਿੰਦੀ ਹੈ। ਗੋਲੀਬਾਰੀ ਦੀ ਸਥਿਤੀ 'ਚ ਅਧਿਆਪਕ ਸਕੂਲਾਂ 'ਚ ਨਹੀਂ ਪੁੱਜਦੇ। ਖੇਡ ਮੈਦਾਨ ਨਹੀਂ ਹਨ, ਜਿਮ ਦੀਆਂ ਸਹੂਲਤਾਂ, ਸਵਿਮਿੰਗ ਪੂਲ ਆਦਿ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਜਿਹੇ ਮਾਹੌਲ 'ਚ ਪਲਣ-ਪੜ੍ਹਨ ਵਾਲੇ ਬੱਚੇ ਜ਼ਿੰਦਗੀ ਦੀ ਦੌੜ 'ਚ ਆਮ ਬੱਚਿਆਂ ਦਾ ਮੁਕਾਬਲਾ ਕਿਵੇਂ ਕਰ ਸਕਣਗੇ?

ਪੰਜਾਬ ਕੇਸਰੀ ਦੀ ਰਾਹਤ ਟੀਮ ਜਿਸ ਦਿਨ ਮੇਂਢਰ ਤਹਿਸੀਲ (ਪੁੰਛ) ਦੇ ਪਿੰਡ ਬਸੂਨੀ 'ਚ ਰਾਹਤ ਸਮੱਗਰੀ ਵੰਡਣ ਲਈ ਪੁੱਜੀ ਸੀ ਤਾਂ ਉਥੇ ਆਈਆਂ ਔਰਤਾਂ ਵਲੋਂ ਕੁੱਛੜ ਚੁੱਕੇ ਬਾਲਾਂ ਦੇ ਮਾਸੂਮ ਚਿਹਰੇ ਤੋਂ ਉਨ੍ਹਾਂ ਦੇ ਭਵਿੱਖ ਦੀ ਤਸਵੀਰ ਕਿਸੇ ਹੱਦ ਤਕ ਪੜ੍ਹੀ ਜਾ ਸਕਦੀ ਸੀ। ਇਸ  ਪਿੰਡ 'ਚ 325 ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ, ਜੋ ਓਸਵਾਲ ਸ਼ਾਲ ਇੰਪੋਰੀਅਮ ਲੁਧਿਆਣਾ ਤੋਂ ਜੈਨ ਪਰਿਵਾਰ ਵਲੋਂ ਭਿਜਵਾਈਆਂ ਗਈਆਂ ਸਨ। ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਭਾਜਪਾ ਆਗੂ ਜਨਾਬ ਜ਼ੁਲਿਫਕਾਰ ਖਾਨ ਨੇ ਕਿਹਾ ਕਿ ਪਾਕਿ ਵਲੋਂ ਕੀਤੀਆਂ ਜਾ ਰਹੀਆਂ ਘਟੀਆਂ ਸਾਜ਼ਿਸ਼ਾਂ ਕਾਰਨ ਇਸ ਖੇਤਰ ਦਾ ਬਹੁਤ ਨੁਕਸਾਨ ਹੋਇਆ ਹੈ। ਬਹੁਤ ਸਾਰੇ ਪਰਿਵਾਰ ਆਪਣੇ ਘਰ-ਬਾਹਰ ਛੱਡ ਕੇ ਪਲਾਇਨ ਕਰ ਗਏ ਹਨ। ਕਿਸਾਨਾਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਫਸਲਾਂ ਦੀ ਕਟਾਈ ਦਾ ਸਮਾਂ ਹੁੰਦਾ ਹੈ ਤਾਂ ਪਾਕਿ ਵਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਨਤੀਜੇ ਵਜੋਂ ਫਸਲਾਂ ਤਬਾਹ ਹੋ ਜਾਂਦੀਆਂ ਹਨ। ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਇਸ ਦੇਸ਼ ਦੀ ਰਖਵਾਲੀ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਹ ਧਰਤੀ ਹੈ, ਤਾਂ ਅਸੀਂ ਹਾਂ, ਇਸ ਲਈ ਕਿਸੇ ਦੁਸ਼ਮਣ ਨੂੰ ਇਸ ਵੱਲ ਬੁਰੀ ਨਜ਼ਰ ਨਾਲ ਦੇਖਣ ਵੀ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਦੇਸ਼ ਦੇ ਰਖਵਾਲੇ ਹਨ। ਜਿਹੜੇ ਹਰ ਵੇਲੇ ਦੁਸ਼ਮਣ ਦੇ ਸਾਹਮਣੇ ਡਟੇ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ ਹੈ।

ਸਰਹੱਦੀ ਖੇਤਰਾਂ 'ਚ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਦੇਸ਼ ਦੀ ਵੰਡ ਵੇਲੇ ਤੋਂ ਹਾਲਾਤ ਖਰਾਬ ਬਣੇ ਰਹਿੰਦੇ ਹਨ। ਇਥੋਂ ਦੇ ਲੋਕਾਂ ਨੂੰ ਜਿਥੇ ਅੱਤਵਾਦ ਅਤੇ ਗੋਲੀਬਾਰੀ ਦੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦੇ ਜੀਵਨ 'ਚ ਮੁਸ਼ਕਲਾਂ ਵਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਅਤੇ ਹਾਲਾਤ ਦੀ ਨਾਜ਼ੁਕਤਾ ਕਾਰਨ ਇਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਬੁਨਿਆਦੀ ਢਾਂਚਾ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਲੋਕਾਂ ਨੂੰ  ਹਰ ਹਾਲਤ 'ਚ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਸੜਕਾਂ ਵਰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ।

ਗੋਲੀਬਾਰੀ ਅਤੇ ਗਰੀਬੀ ਕਾਰਣ ਮਰ ਰਹੇ ਨੇ ਲੋਕ : ਆਰਿਫ ਖਾਨ
ਇਲਾਕੇ ਦੇ ਪਿੰਡ ਬਹਿਰੋਟੀ ਦੇ ਸਰਪੰਚ ਜਨਾਬ ਆਰਿਫ ਖਾਨ ਨੇ ਇਸ ਮੌਕੇ 'ਤੇ ਕਿਹਾ ਕਿ ਇਲਾਕੇ ਦੀ ਤਸਵੀਰ ਇੰਨੀ ਦਰਦਨਾਕ ਹੈ ਕਿ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਖੇਤਰ ਨਾਲ ਕਈ ਕਿਲੋਮੀਟਰਾਂ ਤੱਕ ਮਕਬੂਜ਼ਾ ਕਸ਼ਮੀਰ ਦਾ ਇਲਾਕਾ ਲੱਗਦਾ ਹੈ, ਜਿਥੇ ਬਾਲਾਕੋਟ ਅਤੇ ਉਸਦੇ ਆਸ-ਪਾਸ ਅੱਤਵਾਦੀਆਂ ਦੇ ਕੈਂਪ ਹਨ। ਅੱਤਵਾਦੀਆਂ ਨੂੰ ਭਾਰਤੀ ਖੇਤਰ 'ਚ ਘੁਸਪੈਠ ਕਰਵਾਉਣ ਲਈ ਪਾਕਿਸਤਾਨੀ ਫੌਜ ਗੋਲੀਬਾਰੀ ਕਰਦੀ ਹੈ ਅਤੇ ਇਧਰ ਆ ਕੇ ਅੱਤਵਾਦੀ ਲੋਕਾਂ ਦਾ ਖੂਨ ਵਹਾਉਂਦੇ ਹਨ। ਕਈ ਸਾਲਾਂ ਤੋਂ ਲੋਕ ਇਸ ਦੂਹਰੀ ਦਹਿਸ਼ਤ ਦੀ ਮਾਰ ਸਹਿਣ ਕਰ ਰਹੇ ਹਨ। ਆਰਿਫ ਖਾਨ ਨੇ ਕਿਹਾ ਕਿ ਇਥੋਂ ਦੇ ਲੋਕ ਆਮ ਮੌਤ ਕਾਰਨ ਘੱਟ,  ਜਦੋਂਕਿ ਗੋਲੀਬਾਰੀ ਅਤੇ ਗਰੀਬੀ ਕਾਰਨ ਜ਼ਿਆਦਾ ਮਰ ਰਹੇ ਹਨ। ਸਾਡੀਆਂ ਸਰਕਾਰਾਂ ਤੋਂ ਇਨ੍ਹਾਂ ਦੋਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਹੋਇਆ। ਅਜਿਹੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪਰਿਵਾਰ ਨੇ ਪੁੰਨ ਦਾ ਬਹੁਤ ਵੱਡਾ ਕੰਮ ਕੀਤਾ ਹੈ।

ਇਸ ਮੌਕੇ 'ਤੇ ਲੁਧਿਆਣਾ ਤੋਂ ਰਾਹਤ ਸਮੱਗਰੀ ਲੈ ਕੇ ਪੁੱਜੇ ਸੁਰੇਸ਼ ਜੈਨ, ਰਜਨੀ ਜੈਨ, ਸੰਨੀ ਜੈਨ, ਰਮਾ ਜੈਨ, ਅੰਮ੍ਰਿਤਸਰ ਦੇ ਸੰਜੇ ਜੈਨ, ਰਾਜੇਸ਼ ਜੈਨ, ਪ੍ਰਵੀਨ ਜੈਨ, ਮਿੰਟੂ, ਮੁਕੇਸ਼ ਜੈਨ, ਪਿੰਡ ਬਸੂਨੀ ਦੇ ਨੰਬਰਦਾਰ ਆਰਿਫ ਖਾਨ, ਪੰਚ ਮਹਿਮੂਦ ਕੁਰੈਸ਼ੀ, ਇਕਬਾਲ ਖਾਨ, ਰਹਿਮਾਨ ਖਾਨ ਅਤੇ ਚੌਧਰੀ ਮੁਹੰਮਦ ਯੂਸਫ ਵੀ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਬਸੂਨੀ ਤੋਂ ਇਲਾਵਾ ਕਾਲਾਬਨ, ਬਹਿਰੋਟੀ, ਧਾਰਗਲੂਨ, ਡੱਬੀ, ਧਰਾਟੀ ਅਤੇ ਕੋਟਾ ਆਦਿ ਪਿੰਡਾਂ ਨਾਲ ਸਬੰਧਤ ਸਨ।


rajwinder kaur

Content Editor

Related News