ਪਹਾੜ ਵਰਗੇ ਦੁੱਖਾਂ ਦਾ ਸਬਰ-ਸਿਦਕ ਨਾਲ ਸਾਹਮਣਾ ਕਰ ਰਹੇ ਲੋਕ

12/14/2019 6:48:55 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਲੋਕਾਂ ਦੀ ਹਿੰਮਤ ਅਤੇ ਹੌਸਲੇ ਦੀ ਵਿਲੱਖਣ ਮਿਸਾਲ ਦੇਖਣੀ ਹੋਵੇ ਤਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤ, ਖਾਸ ਕਰ ਕੇ ਪੰਜਾਬ ਅਤੇ ਜੰਮੂ-ਕਸ਼ਮੀਰ, ਦੇ ਪਿੰਡਾਂ 'ਚ ਦੇਖੀ ਜਾ ਸਕਦੀ ਹੈ। ਇਕ ਪਾਸੇ ਪਹਾੜਾਂ ਵਰਗੇ ਦੁੱਖ ਡਾਰਾਂ ਬੰਨ੍ਹ-ਬੰਨ੍ਹ ਕੇ ਆਉਂਦੇ ਹਨ ਅਤੇ ਦੂਜੇ ਪਾਸੇ ਸਿਰਫ ਸਬਰ ਅਤੇ ਸਿਦਕ ਨਾਲ ਉਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੰਮੂ-ਕਸ਼ਮੀਰ ਦੇ ਸੈਂਕੜੇ ਅਜਿਹੇ ਪਿੰਡ ਹੋਣਗੇ ਜਿੱਥੋਂ ਦੇ ਲੋਕਾਂ ਦੀ ਜ਼ਿੰਦਗੀ ਹਰ ਵੇਲੇ ਮੌਤ ਦੇ ਖਤਰੇ ਹੇਠ ਲੜਕਦੀ ਹੈ। ਪਾਕਿਸਤਾਨ ਵਲੋਂ ਕਿਸ ਵੇਲੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਵੇ ਕਿਹਾ ਨਹੀਂ ਜਾ ਸਕਦਾ ਅਤੇ ਕਦੋਂ ਅੱਤਵਾਦੀਆਂ ਦੇ ਟੋਲੇ ਮੌਤ ਦਾ ਰੂਪ ਧਾਰ ਕੇ ਹੱਸਦੇ-ਖੇਡਦੇ ਲੋਕਾਂ ਨੂੰ ਲਾਸ਼ਾਂ ਵਿਚ ਤਬਦੀਲ ਕਰ ਦੇਣ, ਇਹ ਵੀ ਪਤਾ ਨਹੀਂ ਹੁੰਦਾ।

ਪਿਛਲੇ ਦਹਾਕਿਆਂ ਵਿਚ ਸਰਹੱਦੀ ਖੇਤਰਾਂ ਦੇ ਲੋਕਾਂ ਨੇ ਜਿੰਨਾ ਕਸ਼ਟ ਸਹਿਣ ਕੀਤਾ ਹੈ, ਉਸ ਨੂੰ ਸ਼ਾਇਦ ਸ਼ਬਦਾਂ ਵਿਚ ਬਿਆਨ ਨਹੀਂ, ਕੀਤਾ ਜਾ ਸਕਦਾ। ਤ੍ਰਾਸਦੀ ਇਹ ਵੀ ਹੈ ਕਿ ਇਹ ਦੁੱਖ-ਮੁਸੀਬਤਾਂ ਸਿਰਫ ਪਾਕਿਸਤਾਨ ਵਲੋਂ ਹੀ ਨਹੀਂ ਆਉਂਦੀਆਂ ਸਗੋਂ ਆਪਣੇ ਦੇਸ਼ ਵਿਚ ਵੀ ਹਾਲਾਤ ਉਨ੍ਹਾਂ ਲਈ ਬਹੁਤੇ ਠੀਕ ਨਹੀਂ ਹਨ। ਲੋਕ ਭੁੱਖਮਰੀ ਅਤੇ ਬੇਰੋਜ਼ਗਾਰੀ ਦੇ ਪੁੜਾਂ 'ਚ ਪਿਸ ਰਹੇ ਹਨ। ਸਹੂਲਤਾਂ ਦੀ ਸਰਹੱਦੀ ਖੇਤਰਾਂ 'ਚ ਮੌਜੂਦਗੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉੱਚ-ਪੱਧਰ ਦੀ ਸਿੱਖਿਆ ਪ੍ਰਾਪਤ ਕਰ ਸਕਣੀ ਜਿਨ੍ਹਾਂ ਖੇਤਰਾਂ ਦੇ ਵਿਦਿਆਰਥੀਆਂ ਲਈ ਹਿਮਾਲੀਆ ਦੀ ਚੋਟੀ ਚੜ੍ਹਣ ਨਾਲੋਂ ਵੀ ਔਖਾ ਕੰਮ ਹੈ, ਇਸ ਕਰਕੇ ਕੋਈ ਉਸ ਬਾਰੇ ਸੋਚ ਵੀ ਨਹੀਂ ਸਕਦਾ। ਜੇਕਰ ਕਦੇ-ਕਦਾਈਂ ਕੁਝ ਬੱਚੇ ਚੰਗੀ ਤਾਲੀਮ ਹਾਸਲ ਕਰ ਵੀ ਲੈਂਦੇ ਹਨ ਤਾਂ ਫਿਰ ਉਹ ਨੌਕਰੀ ਲਈ ਦਰ-ਦਰ ਦੀਆਂ ਠੋਹਕਰਾਂ ਖਾਂਦੇ ਫਿਰਦੇ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਵਲੋਂ ਵਿਸ਼ੇਸ਼ ਸਹੂਲਤਾਂ ਤਾਂ ਕੀ ਮਿਲਣੀਆਂ ਹਨ, ਉਹ ਬਿਨਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਸੜਕਾਂ, ਸਿਹਤ, ਬਿਜਲੀ-ਪਾਣੀ ਆਦਿ ਦੀ ਸਥਿਤੀ ਬਹੁਤ ਤਰਸਯੋਗ ਹੈ। ਇਨ੍ਹਾਂ ਇਲਾਕਿਆਂ 'ਚ ਫਸਲਾਂ ਦੀ ਖਰੀਦ ਨਾ ਹੋਣ ਕਰਕੇ ਬਰਬਾਦ ਹੋ ਜਾਂਦੀ ਹੈ। ਤਾਰ-ਵਾੜ ਤੋਂ ਅੰਦਰਲੀਆਂ ਜ਼ਮੀਨਾਂ 'ਚ ਤਾਂ ਫਸਲਾਂ ਦੀ ਹਾਲਤ ਹੋਰ ਵੀ ਮਾੜੀ ਹੈ। ਬਹੁਤੀ ਇਨ੍ਹਾਂ ਜ਼ਮੀਨਾਂ 'ਚ ਫਸਲ ਬੀਜੀ ਹੀ ਨਹੀਂ ਜਾ ਸਕਦੀ ਅਤੇ ਜੇ ਕਿਸੇ ਵਾਰ ਫਸਲ ਸਹੀ ਸਲਾਮਤ ਪੱਕ ਜਾਵੇ ਤਾਂ ਪਿਕਸਤਾਨ ਵੱਲੋਂ ਕੋਈ ਸ਼ਰਾਰਤ ਕਰ ਦਿੱਤੀ ਜਾਂਦੀ ਹੈ। ਨਤੀਜੇ ਵਜੋਂ ਪੱਕੀ ਫਸਲ ਦੀ ਕਮਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ।

ਅਜਿਹੇ ਤਰਸਯੋਗ ਹਾਲਾਤ 'ਚ ਵੀ ਲੋਕ ਸਬਰ ਅਤੇ ਹੌਸਲੇ ਨਾਲ ਵਕਤ ਗੁਜ਼ਾਰ ਰਹੇ ਹਨ। ਅਜਿਹੇ ਲਾਚਾਰ ਅਤੇ ਬੇਬਸ ਪਰਿਵਾਰਾਂ ਦਰਮਿਆਨ ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਰਾਹਤ-ਸਮੱਗਰੀ ਮੁਹਿੰਮ ਅਧੀਨ 538ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਆਰ.ਐੱਸ.ਪੁਰਾ 'ਚ ਵੰਡੀ ਗਈ ਸੀ। ਇਸ ਮੌਕੇ 'ਤੇ ਵੱਖ ਵੱਖ ਪਿੰਡਾਂ ਤੋਂ ਜੁੜੇ 300 ਪਰਿਵਾਰਾਂ ਨੂੰ ਰਜਾਈਆਂ ਦੀ ਵੰੰਡ ਕੀਤੀ ਗਈ। ਇਹ ਰਜਾਈਆਂ ਸ਼੍ਰੀ ਰਘੂਨਾਥ ਸੇਵਾ ਦਲ ਲੁਧਿਆਣਾ ਵੱਲੋਂ ਪ੍ਰਧਾਨ ਸ਼੍ਰੀ ਦੀਪਕ ਜੈਨ ਅਤੇ ਸਮੂਹ ਅਹੁਦੇਦਾਰਾਂ, ਮੈਂਬਰਾਂ ਦੇ ਵਿਸ਼ੇਸ਼ ਯਤਨਾਂ ਸਦਕਾ ਭਿਜਵਾਈਆਂ ਗਈਆਂ ਹਨ।
ਰਾਹਤ ਵੰਡ ਆਯੋਜਨ ਦੌਰਾਨ ਜੁੜੇ ਪ੍ਰਭਿਵਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਨੇ ਸਰਹੱਦੀ ਲੋਕਾਂ ਦਾ ਜੀਵਨ ਨਰਕ ਵਰਗਾ ਬਣਾ ਦਿੱਤਾ ਹੈ। ਪਾਕਿਸਤਾਨੀ ਸਿਨਕਾਂ ਵਲੋਂ ਬਿਨਾਂ ਕਾਰਣ ਨਿੱਤ ਦਿਨ ਕੀਤੀ ਜਾਂਦੀ ਗੋਲੀਬਾਰੀ ਕਾਰਣ ਹਜ਼ਾਰਾਂ ਪਰਿਵਾਰਾਂ ਨੂੰ ਨਾ ਸਿਰਫ ਆਪਣੇ ਜੀਵਨ ਲਈ  ਹਰ ਵੇਲੇ ਖਤਰਾ ਮਹਿਸੂਸ ਹੁੰਦਾ ਰਹਿੰਦਾ ਹੈ, ਸਗੋਂ ਉਨ੍ਹਾਂ  ਦੇ ਕੰਮ-ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਲੋਕਾਂ ਲਈ ਸਭ ਤੋਂ ਔਖਾ ਕੰਮ ਆਪਣੀ ਰੋਜ਼ੀ-ਰੋਟੀ ਚਲਾਉਣਾ ਅਤੇ ਪਰਿਵਾਰ ਪਾਲਣਾ ਹੈ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਗੱਲ ਹੈ ਕਿ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਅਤੇ ਦੁੱਖਾਂ ਭਰਿਆ ਜੀਵਨ ਗੁਜ਼ਾਰ ਰਹੇ ਲੋਕਾਂ  ਲਈ  ਸਮੇਂ ਦੀਆਂ ਸਰਕਾਰਾਂ ਕੋਈ ਵਿਸ਼ੇਸ਼ ਨੀਤੀ ਜਾਂ ਪ੍ਰੋਗਰਾਮ ਨਹੀਂ ਬਣਾ ਸਕੀਆਂ। ਜੋ ਸਹੂਲਤਾਂ ਦੇਸ਼ ਦੇ ਹੋਰ ਹਿੱਸਿਆਂ 'ਚ ਰਹਿਣ ਵਾਲੇ ਨਾਗਰਿਕਾਂ ਨੂੰ ਮਿਲ ਰਹੀਆਂ ਹਨ, ਉਹ ਵੀ ਸਰਹੱਦੀ ਖੇਤਰਾਂ 'ਚ ਨਹੀਂ ਪਹੁੰਚਦੀਆਂ। ਉਨ੍ਹਾਂ  ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਪ੍ਰਸ਼ਾਸਨ ਅਤੇ ਸਰਕਾਰਾਂ ਨੇ ਇਨ੍ਹਾਂ  ਲੋਕਾਂ ਨੂੰ ਲਵਾਰਸ ਛੱਡ ਦਿੱਤਾ ਹੋਵੇ।

PunjabKesari

ਯੋਗ ਗੁਰੂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਅਤੇ ਮਾੜੀ ਆਰਥਕ ਸਥਿਤੀ ਨੂੰ ਦੇਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਅਕਤੂਬਰ 1999 'ਚ ਇਹ ਰਾਹਤ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਅਧੀਨ ਹੁਣ ਤਕ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵੱਖ ਵੱਖ ਸਰਹੱਦੀ ਅਤੇ ਅੱਤਵਾਦ ਪੀੜਤ ਪਰਿਵਾਰਾਂ ਲਈ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਭਿਜਵਾਈ ਜਾ ਚੁੱਕੀ ਹੈ। ਇਹ ਸਭ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਨੇਕ-ਦਿਲ ਦਾਨਵੀਰਾਂ ਦੇ ਵੱਡੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਸਾਰੇ ਦੇਸ਼ ਵਾਸੀਆਂ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਅੱਤਵਾਦ ਨੇ ਕਈ ਕਮਾਊ ਪੁੱਤਰ ਖਾ ਲਏ : ਪੀ. ਡੀ. ਰੈਣਾ
ਇਲਾਕੇ ਦੇ ਸਮਾਜ ਸੇਵੀ ਡਾ.ਪਦਮ ਦੇਵ ਰੈਣਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਅੱਤਵਾਦ ਦੇ ਕਹਿਰ ਨੇ ਕਈ  ਪਰਿਵਾਰਾਂ  ਦੇ ਕਮਾਊ ਪੁੱਤਰ ਖਾ ਲਏ  ਹਨ। ਅੱਜ ਸੂਬੇ 'ਚ ਬਹੁਤ ਸਾਰੀਆਂ  ਔਰਤਾਂ  ਨੂੰ ਇਸ ਕਾਰਣ ਵਿਧਵਾ  ਹੋਣ ਦਾ ਸਰਾਪ ਸਹਿਣ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ  ਦਾ ਸੁਹਾਗ ਅੱਤਵਾਦ ਦੀ ਬਲੀ ਚੜ੍ਹ ਚੁੱਕਾ ਹੈ। ਕਈ ਬਜ਼ੁਰਗ ਮਾਂ-ਬਾਪ ਆਪਣੇ ਬੱਚਿਆਂ ਦੀਆਂ ਮੌਤਾਂ ਦਾ ਸਦਮਾ ਨਾ ਸਹਾਰਦੇ ਹੋਏ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਅਤੇ ਕਈ ਹੋਰ ਬੇਸਹਾਰਾ ਹੋ ਕੇ ਰਹਿ ਗਏ ਹਨ।
ਡਾ. ਰੈਣਾ ਨੇ ਕਿਹਾ ਕਿ ਲੋਕਾਂ ਦੀ ਬਰਬਾਦੀ ਵਿਚ ਜਿਹੜੀ ਕਸਰ ਅੱਤਵਾਦ ਤੋਂ ਰਹਿ  ਗਈ ਸੀ, ਉਹ ਪਾਕਿਸਤਾਨੀ  ਗੋਲੀਬਾਰੀ ਨੇ ਪੂਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਠੂਆ ਤੋਂ ਬਾਰਾਂਗੂਲਾ ਤੱਕ ਸਰਹੱਦ ਕੰਢੇ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ  ਨੂੰ ਗੋਲੀਬਾਰੀ ਦਾ ਕਹਿਰ ਸਹਿਣ ਕਰਨਾ ਪਿਆ ਅਤੇ ਇਹ ਅੱਜ ਵੀ ਜਾਰੀ ਹੈ। ਇਨ੍ਹਾਂ  ਦੋ ਕਾਰਣਾਂ ਕਰ ਕੇ ਇਸ ਸੂਬੇ ਦਾ ਹੁਲੀਆ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਖੇਤਰਾਂ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ  ਲਈ ਵਿਸ਼ੇਸ਼ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ  ਪਰਿਵਾਰਾਂ ਦਾ ਵਸੇਬ ਯਕੀਨੀ ਬਣਾਇਆ ਜਾ ਸਕੇ।
ਜੰਮੂ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਇਸ ਮੌਕੇ ਕਿਹਾ ਕਿ ਸਰਹੱਦੀ ਪਰਿਵਾਰਾਂ ਦਾ ਦਰਦ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਜਿਥੇ ਪੰਜਾਬ ਵਾਲੇ ਇਨ੍ਹਾਂ ਲੋਕਾਂ ਦੀ ਸੇਵਾ-ਸਹਾਇਤਾ ਲਈ ਵੱਡੇ ਯਤਨ ਕਰ ਰਹੇ ਹਨ, ਉੱਥੇ ਜੰਮੂ-ਕਸ਼ਮੀਰ ਦੀਆਂ ਸਮਾਜ ਸੇਵੀ  ਸੰਸਥਾਵਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਵੀ  ਇਕਜੁੱਟ ਹੋ ਕੇ ਇਸ ਦਿਸ਼ਾ ਵਿਚ ਕੋਈ ਉਪਰਾਲਾ ਕਰਨਾ ਚਾਹੀਦਾ ਹੈ।

ਰਾਹਤ ਮੁਹਿੰਮ ਪੀੜਤ ਪਰਿਵਾਰਾਂ ਲਈ  ਵੱਡਾ ਸਹਾਰਾ ਹੈ : ਜਗਜੀਤ ਸਿੰਘ ਜੱਗਾ
ਆਲ ਜੰਮੂ-ਕਸ਼ਮੀਰ ਲੁਬਾਣਾ ਸਮਾਜ ਸੁਧਾਰ ਸਭਾ ਦੇ ਚੇਅਰਮੈਨ ਅਤੇ ਜ਼ਿਲਾ ਗੁਰਦੁਆਰਾ ਪ੍ਰਬੰਧਰ ਕਮੇਟੀ ਜੰਮੂ ਦੇ ਪ੍ਰਧਾਨ ਸ. ਜਗਜੀਤ ਿਸੰਘ ਜੱਗਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਦਾ ਪੀੜਤ ਪਰਿਵਾਰਾਂ  ਨੂੰ ਬਹੁਤ ਵੱਡਾ ਸਹਾਰਾ ਹੈ। ਸਰਕਾਰ ਅਤੇ ਪ੍ਰਸ਼ਾਸਨ ਤੋਂ ਮਾਯੂਸ ਹੋਏ ਇਹ ਪਰਿਵਾਰ ਮਦਦ ਲਈ ਪੰਜਾਬ ਵਲ ਦੇਖਦੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਸਹਾਇਤਾ ਸਮੱਗਰੀ ਨਾਲ ਮਦਦ ਵੀ ਅਤੇ ਹੌਸਲਾ ਵੀ  ਮਿਲਦਾ ਹੈ। ਸ. ਜੋਗਾ ਨੇ ਕਿਹਾ ਕਿ ਪਿਛਲੇ 20 ਸਾਲਾਂ  ਤੋਂ ਲਗਾਤਾਰ ਚੱਲ ਰਹੀ ਇਸ ਮੁਹਿੰਮ ਨੇ  ਸੇਵਾ ਦੇ ਖੇਤਰ ਵਿਚ ਇਕ ਵਿਲੱਖਣ ਇਤਿਹਾਸ ਸਿਰਜਿਆ ਹੈ। ਉਨ੍ਹਾਂ  ਕਿਹਾ ਿਕ ਜਿਹੜੇ ਲੋਕ ਅਜੇ ਵੀ ਇਸ ਰਾਹਤ ਤੋਂ ਵਾਂਝੇ ਹਨ, ਉਨ੍ਹਾਂ ਨੂੰ ਵੀ  ਸਹਾਇਤਾ ਪਹੁੰਚਾਈ ਜਾਣੀ ਚਾਹੀਦੀ ਹੈ।
ਇਸ ਮੌਕੇ 'ਤੇ ਆਰ. ਐੱਸ. ਪੁਰਾ ਲਾਇਨਜ਼ ਕਲੱਬ ਦੇ ਪ੍ਰਧਾਨ ਸਵਤੰਤਰ ਸਿੰਘ, ਡਾ. ਅਸ਼ੋਕ ਕੁਮਾਰ ਗੁਪਤਾ, ਦੀਪ ਸ਼ਰਮਾ, ਸਾਹਿਲ ਗੁਪਤਾ, ਦੀਪਕ ਗੁਪਤਾ, ਦਿਨੇਸ਼ ਗੁਪਤਾ, ਕੁਲਦੀਪ ਸਿੰਘ, ਮਦਨ ਗੁਪਤਾ ਅਤੇ ਜਲੰਧਰ ਦੇ ਸ਼੍ਰੀ ਰਜਿੰਦਰ ਸ਼ਰਮਾ ਭੋਲਾ ਜੀ ਵੀ  ਮੌਜੂਦ ਸਨ।


shivani attri

Content Editor

Related News