ਰਾਵੀ ਤੇ ਪਾਕਿਸਤਾਨ ਦੇ ਖੌਫ ਹੇਠ ਜੀਅ ਰਹੇ ਨੇ ਸਰਹੱਦੀ ਖੇਤਰ ਦੇ ਲੋਕ

Monday, Dec 24, 2018 - 03:34 PM (IST)

ਰਾਵੀ ਤੇ ਪਾਕਿਸਤਾਨ ਦੇ ਖੌਫ ਹੇਠ ਜੀਅ ਰਹੇ ਨੇ ਸਰਹੱਦੀ ਖੇਤਰ ਦੇ ਲੋਕ

ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਕਸਰ ਡਰ ਅਤੇ ਖੌਫ ਦੇ ਸਾਏ ਹੇਠ ਜੀਵਨ ਗੁਜ਼ਾਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦੇਸ਼ ਦੀ ਵੰਡ ਵੇਲੇ ਤੋਂ ਹੀ ਪਾਕਿਸਤਾਨ ਵਲੋਂ ਭਾਰਤ ਵਿਰੋਧੀ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਚਾਲਾਂ ਅਧੀਨ ਕਦੇ ਸਿੱਧੀਆਂ ਜੰਗਾਂ ਠੋਸੀਆਂ ਗਈਆਂ, ਕਦੇ ਅੱਤਵਾਦ ਨੂੰ ਸ਼ਹਿ ਦਿੱਤੀ ਗਈ ਅਤੇ ਕਦੇ ਬਿਨਾਂ ਕਾਰਨ ਭਾਰਤੀ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ ਗਈ। ਜਾਅਲੀ ਕਰੰਸੀ ਅਤੇ ਨਸ਼ਿਆਂ ਦੇ ਜ਼ਹਿਰ ਨੂੰ ਵੀ ਭਾਰਤ ਵਿਰੁੱਧ ਵਰਤਿਆ ਗਿਆ। ਇਸ ਤਰ੍ਹਾਂ ਦੀ ਸਥਿਤੀ 'ਚ ਸਰਹੱਦੀ ਖੇਤਰਾਂ ਦੇ ਲੋਕਾਂ ਦੀ ਜਾਨ ਹਮੇਸ਼ਾ ਮੁੱਠੀ 'ਚ ਆਈ ਰਹਿੰਦੀ ਹੈ। ਗੁਰਦਾਸਪੁਰ ਜ਼ਿਲੇ ਦੇ ਸਰਹੱਦ ਨਾਲ ਲੱਗਦੇ ਕੁਝ ਪਿੰਡਾਂ ਦੀ ਭੂਗੋਲਿਕ ਹਾਲਤ ਤਾਂ ਅਜਿਹੀ ਹੈ ਕਿ ਉਨ੍ਹਾਂ 'ਤੇ ਰਾਵੀ ਦਾ ਖਤਰਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ। ਕੁਝ ਪਿੰਡ ਦਰਿਆ ਦੀ ਮਾਰ ਨਾ ਸਹਿੰਦੇ ਹੋਏ ਵੱਡੀ ਹੱਦ ਤਕ ਢਹਿ-ਢੇਰੀ ਹੋ ਗਏ ਤੇ ਲੋਕਾਂ ਨੂੰ ਉਥੋਂ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ। ਕੁਝ ਲੋਕ ਪੰਜਾਬ ਜਾਂ ਦੇਸ਼ ਦੇ ਹੋਰ  ਹਿੱਸਿਆਂ 'ਚ ਜਾ ਕੇ ਵੱਸ ਗਏ ਤੇ ਕਈਆਂ ਨੇ ਆਪਣਾ ਵੱਖਰਾ ਪਿੰਡ ਵਸਾ ਲਿਆ।
ਵੱਖ-ਵੱਖ ਪਿੰਡਾਂ ਤੋਂ, ਹੜ੍ਹਾਂ ਕਾਰਨ, ਉੱਜੜੇ ਲੋਕ ਆਪਣੇ ਹੌਸਲਿਆਂ ਦੀ  ਉਡਾਣ ਸਦਕਾ ਕੱਖਾਂ ਦੀਆਂ ਕੁੱਲੀਆਂ ਬਣਾ ਕੇ ਰਹਿਣ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਮਜ਼ਾਕ ਵਿਚ 'ਚੰਡੀਗੜ੍ਹ' ਦੇ ਵਾਸੀ ਕਹਿਣਾ ਸ਼ੁਰੂ ਕਰ ਦਿੱਤਾ। ਇਥੋਂ ਹੀ ਮੁੱਢ ਬੱਝਿਆ ਸੀ ਦੀਨਾਨਗਰ ਥਾਣੇ ਅਧੀਨ ਆਉਂਦੇ ਉਸ ਪਿੰਡ ਦਾ, ਜਿਸ ਨੂੰ ਸਰਕਾਰੀ ਰਿਕਾਰਡ ਵਿਚ ਵੀ 'ਚੰਡੀਗੜ੍ਹ' ਵਜੋਂ ਹੀ ਦਰਜ ਕੀਤਾ ਗਿਆ। ਇਸੇ ਪਿੰਡ ਵਿਚ ਹੀ ਵੰਡੀ ਗਈ ਸੀ 487ਵੇਂ ਟਰੱਕ ਦੀ ਰਾਹਤ ਸਮੱਗਰੀ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਪਰਿਵਾਰਾਂ ਨੂੰ ਸਾਬਕਾ ਸਰਪੰਚ ਜੋਧ ਸਿੰਘ ਦੀ ਅਗਵਾਈ ਹੇਠ 360 ਰਜਾਈਆਂ ਵੰਡੀਆਂ ਗਈਆਂ। ਇਹ ਰਜਾਈਆਂ ਕੁਲਦੀਪ ਓਸਵਾਲ ਹੌਜ਼ਰੀ ਦੇ ਮਾਲਕ ਸ਼੍ਰੀ ਕੁਲਦੀਪ ਜੈਨ ਵਲੋਂ ਲੁਧਿਆਣਾ ਤੋਂ ਭਿਜਵਾਈਆਂ ਗਈਆਂ ਸਨ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਦੀਨਾ ਨਗਰ ਪੁਲਸ ਥਾਣੇ ਦੇ ਐੈੱਸ. ਐੈੱਚ. ਓ.  ਇੰਸਪੈਕਟਰ ਬਲਦੇਵ ਰਾਜ ਸ਼ਰਮਾ ਨੇ ਕਿਹਾ ਕਿ ਪੀੜਤ ਪਰਿਵਾਰਾਂ  ਲਈ ਰਾਹਤ ਮੁਹਿੰਮ ਚਲਾ ਕੇ ਪੰਜਾਬ ਕੇਸਰੀ ਗਰੁੱਪ ਨੇ ਇਕ ਇਤਿਹਾਸਕ ਕਾਰਨਾਮਾ ਕੀਤਾ ਹੈ, ਜਿਸ ਅਧੀਨ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਤੇ ਅੱਤਵਾਦ ਦੇ ਜ਼ਖਮ ਸਹਿਣ ਕਰਨ  ਵਾਲਿਆਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਖੁਦ ਵੀ ਅੱਤਵਾਦ ਦਾ ਸੰਤਾਪ  ਹੰਢਾਇਆ ਹੈ, ਜਿਸ ਦੌਰਾਨ ਗਰੁੱਪ ਦੇ ਬਾਨੀ ਲਾਲਾ ਜਗਤ ਨਾਰਾਇਣ ਜੀ ਅਤੇ ਉਨ੍ਹਾਂ ਦੇ ਬੇਟੇ ਸ਼੍ਰੀ ਰੋਮੇਸ਼ ਚੰਦਰ ਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਕੁਰਬਾਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਪਰਿਵਾਰ ਵੱਲੋਂ ਸ਼ਹੀਦਾਂ ਅਤੇ ਅੱਤਵਾਦ ਦੀ ਮਾਰ ਸਹਿਣ ਵਾਲਿਆਂ ਦੇ ਪਰਿਵਾਰਾਂ ਦੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ।

ਰਾਹਤ ਮੁਹਿੰਮ ਦੇ ਮੁਖੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਦੱਸਿਆ ਕਿ ਅਕਤੂਬਰ 1999 'ਚ ਸ਼ੁਰੂ ਕੀਤੇ ਗਏ ਸੇਵਾ ਦੇ ਇਸ ਕੁੰਭ ਅਧੀਨ ਕਰੋੜਾਂ ਰੁਪਏ ਦੀ ਸਮੱਗਰੀ ਹਜ਼ਾਰਾਂ ਪ੍ਰਭਾਵਿਤ ਪਰਿਵਾਰਾਂ ਤਕ ਪਹੁੰਚਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲਗਾਇਆ ਗਿਆ ਸੇਵਾ ਦਾ ਇਹ ਬੂਟਾ 20 ਸਾਲਾਂ 'ਚ ਇਕ ਵੱਡਾ ਰੁੱਖ ਬਣ ਚੁੱਕਿਆ ਹੈ, ਜਿਸ ਅਧੀਨ ਲੋੜਵੰਦਾਂ ਨੂੰ ਰਾਹਤ ਮੁਹੱਈਆ ਕਰਵਾਈ ਜਾ ਰਹੀ ਹੈ।

ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਚੰਡੀਗੜ੍ਹ' ਦੇ ਲੋਕਾਂ ਨੇ ਇਹ ਸਾਬਤ ਕਰ ਦਿਖਾਇਆ ਹੈ ਕਿ ਪੰਜਾਬੀ ਲੋਕ ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਹੌਸਲੇ ਅਤੇ ਦਲੇਰੀ ਨਾਲ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਪਿੰਡ ਦੇ ਲੋਕ ਰਾਵੀ ਦੇ ਦੂਜੇ ਪਾਸੇ ਸਥਿਤ ਪਿੰਡਾਂ 'ਚੋਂ ਉੱਜੜ ਕੇ ਆਏ ਅਤੇ ਇਸ ਪਾਸੇ ਫਿਰ ਆਪਣੇ ਆਲ੍ਹਣੇ ਬਣਾ ਲਏ। ਵੱਡੇ ਸੰਘਰਸ਼ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਆਪਣੇ ਪੈਰ ਮਜ਼ਬੂਤੀ ਵੱਲ ਵਧਾ ਲਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਿੰਡਾਂ  ਅਤੇ ਲੋਕਾਂ ਲਈ ਸਰਕਾਰ ਨੂੰ ਵਿਸ਼ੇਸ਼ ਸਕੀਮਾਂ ਉਲੀਕ ਕੇ ਵਿਕਾਸ ਕਰਨਾ ਚਾਹੀਦਾ ਹੈ।

ਸੀ. ਆਰ. ਪੀ. ਐੈੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਆਗੂ ਸ. ਸੁਲਿੰਦਰ ਸਿੰਘ ਕੰਡੀ ਅਤੇ ਰਾਜ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਇਕ ਅਜਿਹਾ ਪਿੰਡ ਹੈ, ਜਿਹੜਾ ਸਹੂਲਤਾਂ ਦੇ ਨਜ਼ਰੀਏ ਤੋਂ ਅੱਜ ਵੀ ਪਛੱੜਿਆਂ ਹੋਇਆ ਹੈ। ਪਿੰਡ ਦੇ ਲੋਕ ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਮਾਰ ਵੀ ਸਹਿਣ ਕਰ ਰਹੇ ਹਨ। ਬਹੁਤ ਸਾਰੇ ਨੌਜਵਾਨ ਬੜੇ ਮੁਸ਼ਕਲ ਹਾਲਾਤ 'ਚ ਪੜ੍ਹਾਈ ਪੂਰੀ ਕਰਨ ਉਪਰੰਤ ਵੀ ਵਿਹਲੇ ਘੁੰਮ ਰਹੇ ਹਨ। ਸਰਕਾਰ ਦੀਆਂ ਰੋਜ਼ਗਾਰ-ਸਕੀਮਾਂ ਅਤੇ ਘਰ-ਘਰ ਰੋਜ਼ਗਾਰ ਦੇ ਵਾਅਦਿਆਂ ਦੀ ਪੂਰਤੀ ਦੀਆਂ ਗੱਲਾਂ ਇਨ੍ਹਾਂ ਪਿੰਡਾਂ ਤਕ ਨਹੀਂ ਪਹੁੰਚੀਆਂ। ਉਨ੍ਹਾਂ ਨੇ ਕਿਹਾ ਕਿ ਇਥੋਂ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ 'ਪੰਜਾਬ ਕੇਸਰੀ' ਪੱਤਰ ਸਮੂਹ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।

ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੈੱਮ. ਡੀ. ਸੱਭਰਵਾਲ ਅਤੇ ਇਕਬਾਲ ਸਿੰਘ ਅਰਨੇਜਾ ਨੇ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ 'ਤੇ ਸੀ. ਆਰ. ਪੀ. ਐੈੱਫ. ਦੇ ਰਿਟਾਇਰਡ ਕਾਮਡੈਂਟ ਸ਼੍ਰੀ ਪੂਰਨ ਚੰਦ ਸੈਣੀ ਅਤੇ ਮਾਸਟਰ ਅਰਜਨ ਸਿੰਘ ਵੀ ਮੌਜੂਦ ਸਨ।


author

shivani attri

Content Editor

Related News