ਬਾਰੂਦ ਦੇ ਢੇਰ ਕੰਢੇ ਸਥਿਤ ''ਬਾਲਾਕੋਟ'' ਦੀ  ਕਦੋਂ ਬਦਲੇਗੀ ਤਕਦੀਰ

Tuesday, Feb 04, 2020 - 06:48 PM (IST)

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦਾ ਿਜਹੜਾ ਇਲਾਕਾ ਹੜੱਪ ਲਿਆ ਗਿਆ ਸੀ, ਉਸ 'ਚ ਪੁੰਛ ਜ਼ਿਲੇ ਦਾ ਬਾਲਾਕੋਟ ਬਲਾਕ ਵੀ ਸ਼ਾਮਲ ਹੈ। ਇਸ ਦਾ ਬਹੁਤਾ ਰਕਬਾ ਹੁਣ ਮਕਬੂਜ਼ਾ ਕਸ਼ਮੀਰ ਦਾ ਹਿੱਸਾ ਹੈ ਅਤੇ ਕੁਝ ਪਿੰਡ ਭਾਰਤ 'ਚ ਸਥਿਤ ਹਨ। ਭਾਰਤ ਵਾਲੇ ਪਾਸੇ ਦੇ ਇਨ੍ਹਾਂ ਸਰਹੱਦੀ ਪਿੰਡਾਂ ਅਤੇ ਪੁੰਛ ਸਮੇਤ ਕਸ਼ਮੀਰ ਦੇ ਹੋਰ ਇਲਾਕਿਆਂ 'ਤੇ ਪਾਕਿਸਤਾਨ ਦੀ ਮਾੜੀ ਨੀਅਤ ਅਕਸਰ ਵਰ੍ਹਦੀ ਰਹਿੰਦੀ ਹੈ। ਬਾਲਾਕੋਟ ਅਤੇ ਇਸਦੇ ਨਾਲ ਲਗਦੇ ਹੋਰ ਭਾਰਤੀ ਪਿੰਡਾਂ-ਬਸੂਨੀ, ਡੱਬੀ, ਧਰਾਟੀ, ਬਹਿਰੋਟੀ, ਕੋਟਾ, ਧਾਰਗਲੂਮ ਆਦਿ 'ਤੇ ਪਾਕਿਸਤਾਨੀ ਸੈਨਿਕ ਗੋਲੀਆਂ ਅਤੇ ਗੋਲਿਆਂ ਦੀ ਵਾਛੜ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਅੱਤਵਾਦੀ ਵੀ ਘੁਸਪੈਠ ਕਰਕੇ ਇਨ੍ਹਾਂ ਪਿੰਡਾਂ 'ਚ ਕਹਿਰ ਵਰਤਾਉਂਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਰਹੱਦ ਪਾਰ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀਆਂ ਦੇ ਕਈ ਸਿਖਲਾਈ ਕੈਂਪ ਅਤੇ ਗੋਲਾ-ਬਾਰੂਦ ਦੇ ਭੰਡਾਰ ਸਥਿਤ ਹਨ। ਇਨ੍ਹਾਂ ਭਾਰਤੀ ਇਲਾਕਿਆਂ ਨੂੰ ਸੌਖਾ ਨਿਸ਼ਾਨਾ ਸਮਝ ਕੇ ਪਾਕਿਸਤਾਨ ਅਕਸਰ ਹਮਲੇ ਕਰਦਾ ਰਹਿੰਦਾ ਹੈ, ਜਿਨ੍ਹਾਂ 'ਚ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਬਾਲਾਕੋਟ ਦੇ ਇਨ੍ਹਾਂ ਪਿੰਡਾਂ 'ਚ ਇੰਨੀ ਜ਼ਿਆਦਾ ਦਹਿਸ਼ਤ ਹੈ ਕਿ ਬਹੁਤ ਸਾਰੇ ਲੋਕ ਪਲਾਇਨ ਕਰ ਗਏ ਹਨ ਅਤੇ ਜਿਹੜੇ ਉਥੇ ਰਹਿੰਦੇ ਹਨ, ਉਨ੍ਹਾਂ ਦੇ ਕਾਰੋਬਾਰ ਠੱਪ ਹੋਣ ਕਰਕੇ ਲੋਕਾਂ ਨੂੰ ਰੋਜ਼ੀ-ਰੋਟੀ ਸਮੇਤ ਕਈ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੋਲੀਬਾਰੀ ਅਤੇ ਬਰਫਬਾਰੀ 'ਚ ਪੀਸੇ ਜਾ ਰਹੇ ਲੋਕਾਂ ਦੀ ਜੂਨ ਨਰਕ ਵਰਗੀ ਹੋ ਗਈ ਹੈ। ਤਰਸਯੋਗ ਹਾਲਤ 'ਚ ਰਹਿੰਦੇ ਇਨ੍ਹਾਂ ਪਰਿਵਾਰਾਂ ਲਈ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਅਧੀਨ ਬੀਤੇ ਦਿਨੀਂ 555ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ ਸੀ, ਜਿਸ ਦਾ ਯੋਗਦਾਨ ਬਾਲ ਯੋਗੀ ਸੁਆਮੀ ਸੁੰਦਰ ਮੁਨੀ ਜੀ ਮਹਾਰਾਜ ਬੋਰੀ ਵਾਲਿਆਂ ਨੇ ਕੁਨੈਲ (ਹੁਸ਼ਿਆਰਪੁਰ) ਤੋਂ ਦਿੱਤਾ ਸੀ।

ਭੀਂਬਰ ਗਲੀ (ਬੀ.ਜੀ.) ਵਿਖੇ ਹੋਏ ਰਾਹਤ ਵੰਡ ਆਯੋਜਨ ਦੌਰਾਨ 300 ਦੇ ਕਰੀਬ ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਕੰਬਲ ਮੁਹੱਈਆ ਕਰਵਾਏ ਗਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂਪੁੰਛ ਦੇ ਐੱਸ. ਐੱਸ. ਪੀ. ਰੋਮੇਸ਼ ਅੰਗਰਾਲ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਹਮੇਸ਼ਾ ਦੁਸ਼ਮਣ ਦੇ ਨਾਪਾਕ ਇਰਾਦਿਆਂ ਕਾਰਨ ਸੰਕਟ ਦਾ ਸਾਹਮਣਾ ਕਰਦੇ ਹਨ। ਦਿਨ-ਰਾਤ ਗੋਲੀਬਾਰੀ ਦਾ ਖਤਰੇ ਬਣਿਆ ਰਹਿੰਦਾ ਹੈ, ਜਿਸ ਨਾਲ ਨਾ ਸਿਰਫ ਲੋਕਾਂ ਦੇ ਘਰ-ਪਰਿਵਾਰ ਲਈ ਸੰਕਟ ਬਣਦਾ ਹੈ, ਸਗੋਂ ਉਨ੍ਹਾਂ ਦੇ ਕੰਮੇ-ਧੰਦੇ ਵੀ ਪ੍ਰਭਾਵਿਤ ਹੁੰਦੇ ਹਨ।
ਐੱਸ. ਐੱਸ. ਪੀ. ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਨੇ ਮਨੁੱਖਤਾ ਦੀ ਸੇਵਾ ਦੇ ਨਜ਼ਰੀਏ ਤੋਂ ਬਹੁਤ ਵੱਡਾ ਕਾਰਜ ਕੀਤਾ ਹੈ, ਜਿਸ ਅਧੀਨ ਜੰਮੂ-ਕਸ਼ਮੀਰ ਦੇ ਦੂਰ-ਦਹਾਡੇ ਸਥਿਤ ਪਹਾੜੀ-ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਰਾਹਤ ਸਮੱਗਰੀ ਭਿਜਵਾਈ ਹੈ। ਇਹ ਲੋਕ ਆਰਥਕ ਪੱਖੋਂ ਕਮਜ਼ੋਰ ਅਤੇ ਸਹੀ ਅਰਥਾਂ 'ਚ ਸਹਾਇਤਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ 'ਚ ਦੇਸ਼ ਭਗਤੀ ਦਾ ਭਰਪੂਰ ਜਜ਼ਬਾ ਹੈ, ਿਜਸ ਕਾਰਨ ਉਹ ਦੁਸ਼ਮਣ ਦੇ ਵਿਰੁੱਧ ਡਟੇ ਬੈਠੇ ਹਨ। ਇਨ੍ਹਾਂ ਪਰਿਵਾਰਾਂ ਲਈ ਹੋਰ ਸਮੱਗਰੀ ਭਿਜਵਾਈ ਜਾਣੀ ਚਾਹੀਦੀ ਹੈ ਅਤੇ ਇਸ ਕਾਰਜ 'ਚ ਪ੍ਰਸ਼ਾਸਨ ਪੂਰਾ ਸਹਿਯੋਗ ਕਰੇਗਾ। ਬਲਾਕ ਸੰਮਤੀ ਸੁੰਦਰਬਨੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਅੱਜ ਦੇ ਯੁਗ 'ਚ ਬਹੁਤੇ ਲੋਕ ਸਬਜ਼ਬਾਗ ਦਿਖਾਉਣ ਵਾਲੇ ਹੁੰਦੇ ਹਨ, ਜਿਹੜੇ ਸਿਰਫ ਸਲਾਹ ਦੇ ਸਕਦੇ ਹਨ, ਜਦੋਂਿਕ ਹਕੀਕਤ 'ਚ ਕੁਝ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਮਾਮਲੇ 'ਚ ਵੀ ਅਜਿਹੀ ਹੀ ਸਥਿਤੀ ਹੈ, ਜਿਨ੍ਹਾਂ ਦੀ ਸਹਾਇਤਾ ਲਈ ਕਿਸੇ ਨੇ ਅਮਲੀ ਤੌਰ 'ਤੇ ਕੁਝ ਨਹੀਂ ਕੀਤਾ। ਸ਼ਰਮਾ ਨੇ ਕਿਹਾ ਕਿ ਸਿਰਫ ਪੰਜਾਬ ਕੇਸਰੀ ਪਰਿਵਾਰ ਹੀ ਇਸ ਮਾਮਲੇ 'ਚ ਅੱਗੇ ਆਇਆ ਹੈ, ਜਿਸ ਨੇ ਸੇਵਾ ਦਾ ਕੁੰਭ ਚਲਾਇਆ ਹੋਇਆ ਹੈ।

PunjabKesari

ਬਾਲਾਕੋਟ ਦੇ ਲੋਕਾਂ ਦਾ ਮੁਕੱਦਰ ਰੁੱਸ ਗਿਐ : ਨਿਸਾਰ ਸ਼ਾਹ
ਇਲਾਕੇ ਦੇ ਭਾਜਪਾ ਆਗੂ ਨਿਸਾਰ ਹੁਸੈਨ ਸ਼ਾਹ ਨੇ ਹਾਲਾਤ ਦਾ ਜ਼ਿਕਰ ਕਰਦੇ ਕਿਹਾ ਕਿ ਬਾਲਾਕੋਟ ਖੇਤਰ ਦੇ ਲੋਕਾਂ ਦਾ ਮੁਕੱਦਰ ਰੁੱਸ ਗਿਆ ਹੈ। ਇਸ ਕਾਰਨ ਹੀ ਉਨ੍ਹਾਂ ਦੀ ਕਿਸਮਤ 'ਚ ਸਿਰਫ ਬਰਸਾਤ, ਬਰਫਬਾਰੀ, ਗੋਲੀਬਾਰੀ ਅਤੇ ਗਰੀਬੀ ਹੀ ਰਹਿ ਗਈ ਹੈ। ਅੱਜ ਕੋਈ ਅਜਿਹਾ ਫਰਿਸ਼ਤਾ ਨਹੀਂ ਹੈ, ਜਿਹੜਾ ਉਨ੍ਹਾਂ ਦੀ ਤਕਦੀਰ ਬਦਲ ਸਕੇ ਅਤੇ ਇਸ ਦਰਦਨਾਕ ਸਥਿਤੀ 'ਚ ਸਿਰਫ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਹੀ ਇਨ੍ਹਾਂ ਲਈ ਆਸ ਦੀ ਕਿਰਨ ਬਣੀ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ 10-20 ਦਿਨ ਜਾਂ ਮਹੀਨਾ-ਦੋ ਮਹੀਨੇ ਇਕ ਕੰਮ ਕਰ ਕੇ ਉਸ ਤੋਂ ਥੱਕ ਜਾਂਦਾ ਹੈ ਪਰ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਹੀ ਅਜਿਹੀ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ 20 ਸਾਲਾਂ ਤੋਂ ਪੀੜਤ ਪਰਿਵਾਰਾਂ ਦੀ ਸੇਵਾ ਦਾ ਬੇੜਾ ਚੁੱਕਿਆ ਹੋਇਆ ਹੈ।

ਬਾਲਾਕੋਟ ਹਲਕੇ ਦੇ ਇਕ ਹੋਰ ਭਾਜਪਾ ਨੇਤਾ ਜਨਾਬ ਜ਼ੁਲਿਫਕਾਰ ਪਠਾਣ ਨੇ ਇਸ ਗੱਲ 'ਤੇ ਚਿੰਤਾ ਜ਼ਾਹਿਰ ਕੀਤੀ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਿਨੋ-ਦਿਨ ਵਧ ਰਹੀਆਂ ਹਨ, ਜਿਸ ਕਾਰਣ ਜੰਮੂ-ਕਸ਼ਮੀਰ ਦੇ ਲੋਕਾਂ ਦਾ ਜੀਵਨ ਦੁਸ਼ਵਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਹੱਦੀ ਲੋਕਾਂ ਦੇ ਸਿਰ ਤੋਂ ਖਤਰੇ ਦੀ ਤਲਵਾਰ ਨਹੀਂ ਹਟਦੀ, ਉਦੋਂ ਤਕ ਉਨ੍ਹਾਂ ਦੀ ਸੁਰੱਖਿਆ ਅਤੇ ਰੋਜ਼ੀ-ਰੋਟੀ ਦੇ ਪ੍ਰਬੰਧ ਲਈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਔਰਤਾਂ ਅਤੇ ਬੱਚਿਆਂ ਲਈ ਵਧੇਰੇ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਦੀ ਭਲਾਈ ਲਈ ਉਚੇਚੇ ਪ੍ਰਬੰਧ ਕਰਨ ਦੀ ਲੋੜ ਹੈ।

ਦੇਸ਼ ਭਗਤ ਹਨ ਬਾਲਾਕੋਟ ਦੇ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਰਾਹਤ ਲੈਣ ਲਈ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਸਹਿਣ ਕਰ ਰਹੇ ਬਾਲਾਕੋਟ ਖੇਤਰ ਦੇ ਲੋਕ ਪੱਕੇ ਦੇਸ਼ ਭਗਤ ਹਨ। ਗੋਲੀਬਾਰੀ  ਅਤੇ ਅੱਤਵਾਦ ਦੀਆਂ ਅਣਗਿਣਤ ਘਟਨਾਵਾਂ ਦੇ ਬਾਵਜੂਦ ਉਹ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਬੈਠੇ ਹਨ। ਪਾਕਿਸਤਾਨ ਜਿਸ ਤਰ੍ਹਾਂ ਨਿੱਤ-ਦਿਨ ਕਹਿਰ ਵਰਤਾਅ ਰਿਹਾ ਹੈ, ਉਸ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਸਹਿਣ ਕਰਨ ਵਾਲੇ ਲੋਕ ਦੇਸ਼ ਦੇ ਫੌਜੀਆਂ ਨਾਲੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਲੋਕ ਜਿਸ ਤਰ੍ਹਾਂ ਬਹਾਦਰੀ ਨਾਲ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ, ਉਹ ਬੇਮਿਸਾਲ ਹੈ।
ਸ਼ਰਮਾ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀ ਸੇਵਾ ਸਹਾਇਤਾ ਲਈ ਸਾਰੇ ਦੇਸ਼ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਹ ਰਾਹਤ ਮੁਹਿੰਮ ਪੀੜਤ ਪਰਿਵਾਰਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਹੀ ਚਲਾਈ ਜਾ ਰਹੀ ਹੈ ਕਿ ਹਰ ਦੁੱਖ-ਸੁੱਖ 'ਚ ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਿੱਥੇ ਇਹ ਮੁਹਿੰਮ ਜਾਰੀ ਰਹੇਗੀ, ਉਥੇ ਕੈਂਸਰ ਵਰਗੇ ਗੰਭੀਰ ਰੋਗਾਂ ਦੀ ਜਾਂਚ ਲਈ ਸੂਬੇ 'ਚ ਮੈਡੀਕਲ ਕੈਂਪ ਵੀ ਲਾਏ ਜਾਣਗੇ।
ਇਲਾਕੇ ਦੇ ਨੌਜਵਾਨ ਆਗੂ ਅਤੇ ਭਾਰਤ ਦੀ ਇਕਜੁੱਟਤਾ ਦੀ ਗੱਲ ਕਰਨ ਵਾਲੇ ਜਨਾਬ ਨਜ਼ੀਰ ਨੇ ਕਿਹਾ ਕਿ ਇਸ ਖੇਤਰ ਦਾ ਬੱਚਾ-ਬੱਚਾ ਭਾਰਤ ਲਈ ਮਰ-ਮਿਟਣ ਵਾਸਤੇ ਤਿਆਰ ਹੈ। ਇਹੋ ਕਾਰਣ ਹੈ ਕਿ ਇਥੋਂ ਦੇ ਲੋਕ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਪਰਵਾਹ ਕੀਤੇ ਬਗੈਰ ਆਪਣੇ ਕੰਮਾਂ-ਧੰਦਿਆਂ ਅਤੇ ਘਰਾਂ 'ਚ ਡਟੇ ਰਹਿੰਦੇ ਹਨ। ਉਨ੍ਹਾਂ ਨੇ ਲੋਕਾਂ ਦੀ ਦੇਸ਼ ਭਗਤੀ ਦੀ ਤਰਜ਼ਮਾਨੀ ਕਰਨ ਸਬੰਧੀ ਇਕ ਸ਼ੇਅਰ ਵੀ ਪੜ੍ਹਿਆ ਕਿ :
ਮੇਰੀ ਕਬਰ ਕੀ ਮਿੱਟੀ ਸੇ ਭੀ,
ਵਤਨ ਕੀ ਖੁਸ਼ਬੂ ਆਏਗੀ।

ਪੰਜਾਬ ਕੇਸਰੀ ਦੇ ਪੁੰਛ ਤੋਂ ਪ੍ਰਤੀਨਿਧੀ ਧਨੁਜ ਸ਼ਰਮਾ ਨੇ ਇਲਾਕੇ ਦੇ ਲੋੜਵੰਦਾਂ ਲਈ ਸਮੱਗਰੀ ਭਿਜਵਾਉਣ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਐੱਸ. ਡੀ. ਪੀ. ਓ. ਨੀਰਜ ਬਡਿਆਲ, ਬਾਲਾਕੋਟ ਬਲਾਕ ਦੀ ਚੇਅਰਪਰਸਨ ਮੈਡਮ ਸ਼ਮੀਮ ਅਖਤਰ, ਆਸ਼ੀਸ਼ ਸ਼ਰਮਾ, ਮੇਂਢਰ ਤੋਂ ਪ੍ਰਤੀਨਿਧੀ ਨਾਜ਼ਿਮ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

PunjabKesari

ਹਨ੍ਹੇਰੀ ਸੁਰੰਗ ਬਣ ਗਈ ਬਾਨੀ ਬੀ. ਦੀ ਜ਼ਿੰਦਗੀ
ਰਾਹਤ ਸਮੱਗਰੀ ਲੈਣ ਆਈ ਲੋੜਵੰਦ ਬਾਨੀ ਬੀ. ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਉਸ ਵੇਲੇ ਹਨ੍ਹੇਰੀ ਸੁਰੰਗ ਵਰਗੀ ਹੋ ਗਈ ਸੀ, ਜਦੋਂ ਉਸਦਾ ਪਤੀ ਸੈਦ ਮੁਹੰਮਦ ਇਲਾਜ ਦੀ ਘਾਟ ਕਾਰਣ ਦੋਹਾਂ ਅੱਖਾਂ ਦੀ ਰੌਸ਼ਨੀ ਗੁਆ  ਬੈਠਾ। ਉਸ ਦਿਨ ਤੋਂ ਉਹ ਮੰਜੇ ਨਾਲ  ਬੱਝ ਗਿਆ ਹੈ। ਇਲਾਕੇ 'ਚ ਮਿਹਨਤ-ਮਜ਼ਦੂਰੀ ਵੀ ਨਹੀਂ ਰਹੀ, ਜਿਸ ਕਾਰਣ ਉਹ ਘੋਰ ਗਰੀਬੀ 'ਚ ਦਿਨ ਕੱਟ ਰਹੀ ਹੈ। ਆਪਣੇ ਨੇਤਰਹੀਣ ਪਤੀ ਨੂੰ ਛੱਡ ਕੇ ਉਹ ਆਪ ਵੀ ਕਿਸੇ ਕੰਮ-ਧੰਦੇ ਦੀ ਭਾਲ 'ਚ ਦੂਰ-ਦੁਰਾਡੇ ਨਹੀਂ ਜਾ ਸਕਦੀ। ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ। ਬਾਨੀ ਬੀ. ਨੇ ਮੰਗ ਕੀਤੀ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।


shivani attri

Content Editor

Related News