ਜ਼ਮੀਨੀ ਵਿਵਾਦ : 2 ਭਰਾਵਾਂ ''ਚ ਹੋਇਆ ਝਗੜਾ
Monday, Jul 15, 2019 - 10:54 AM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ) : ਪਿੰਡ ਪੰਡੋਰੀ ਸਿੱਧਵਾਂ ਦੇ ਵਾਸੀ 2 ਸਕੇ ਭਰਾਵਾਂ ਦਰਮਿਆਨ ਪੁਸ਼ਤੈਨੀ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਸ ਸਬੰਧੀ ਭਗਵਾਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਪੰਡੋਰੀ ਸਿੱਧਵਾਂ ਵੱਲੋਂ ਪੁਲਸ ਨੂੰ ਦਰਜ ਕਰਾਏ ਗਏ ਬਿਆਨਾਂ 'ਚ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਨੂੰ ਉਨ੍ਹਾਂ ਦੇ ਪਿਤਾ ਸੁੱਚਾ ਸਿੰਘ ਵੱਲੋਂ ਆਪਣੇ ਜਿਊਂਦਿਆਂ ਉਨ੍ਹਾਂ ਤਿੰਨਾਂ ਨੂੰ ਬਰਾਬਰ ਹਿੱਸਿਆਂ 'ਚ ਵੰਡ ਦਿੱਤਾ ਗਿਆ ਸੀ।
ਉਸ ਨੇ ਦੱਸਿਆ ਕਿ ਉਸ ਵਲੋਂ ਆਪਣੇ ਹਿੱਸੇ ਆਉਂਦੀ ਜ਼ਮੀਨ ਪਿੰਡ ਕੱਕਾ ਕੰਡਿਆਲਾ ਦੇ ਵਾਸੀ ਇਕ ਕਿਸਾਨ ਨੂੰ ਕਾਸ਼ਤ ਕਰਨ ਲਈ ਠੇਕੇ 'ਤੇ ਦਿੱਤੀ ਹੋਈ ਹੈ, ਜਦੋਂ ਕਿ ਉਹ ਪਰਿਵਾਰ ਸਣੇ ਇਸ ਸਮੇਂ ਪੱਕੇ ਤੌਰ 'ਤੇ ਕੈਨੇਡਾ 'ਚ ਰਹਿ ਰਿਹਾ ਹੈ। ਉਸ ਦੇ ਇਕ ਭਰਾ ਸੁਰਜੀਤ ਸਿੰਘ ਵੱਲੋਂ ਉਕਤ ਜ਼ਮੀਨ ਦੀ ਸਹੀ ਵੰਡ ਨਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨਾਲ ਰੰਜਿਸ਼ ਰੱਖੀ ਜਾ ਰਹੀ ਸੀ, ਜਿਸ ਕਾਰਣ ਕਈ ਵਾਰ ਪਹਿਲਾਂ ਵੀ ਸੁਰਜੀਤ ਸਿੰਘ ਵੱਲੋਂ ਉਨ੍ਹਾਂ ਨਾਲ ਤਕਰਾਰਬਾਜ਼ੀ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਮਿਤੀ 28 ਅਪ੍ਰੈਲ 2019 ਤੋਂ ਉਹ ਵਿਦੇਸ਼ ਤੋਂ ਇੱਥੇ ਆਪਣੇ ਘਰ ਪਿੰਡ ਪੰਡੋਰੀ ਸਿੱਧਵਾਂ ਵਿਖੇ ਆਇਆ ਹੋਇਆ ਸੀ ਅਤੇ ਜਦੋਂ ਉਹ ਮਿਤੀ 27 ਮਈ ਦੀ ਸ਼ਾਮ ਨੂੰ ਖੇਤ ਨੂੰ ਗੇੜਾ ਮਾਰਨ ਲਈ ਗਿਆ ਤਾਂ ਪਹਿਲਾਂ ਤੋਂ ਹੀ ਹਮਸਲਾਹ ਹੋ ਕੇ ਦਾਤਰ, ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੀ ਮੋਟਰ 'ਤੇ ਬੈਠੇ ਉਸਦੇ ਭਰਾ ਸੁਰਜੀਤ ਸਿੰਘ ਅਤੇ ਭਤੀਜੇ ਜਤਿੰਦਰ ਸਿੰਘ ਵੱਲੋਂ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਹਮਲਾ ਕਰਦਿਆਂ ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਉੱਥੇ ਹੀ ਉਲਟੇ ਪਾਸਿਓਂ ਲੱਤਾਂ ਅਤੇ ਬਾਹਾਂ 'ਤੇ ਦਾਤਰ ਦੇ ਵਾਰ ਕਰਦਿਆਂ ਦੋਵੇਂ ਲੱਤਾਂ ਅਤੇ ਬਾਹਾਂ ਤੋੜ ਦਿੱਤੀਆਂ ਗਈਆਂ। ਉਸ ਨੇ ਦੱਸਿਆ ਕਿ ਉਸ ਦਾ ਲਾਇਸੈਂਸੀ ਪਿਸਤੌਲ ਵੀ ਉਕਤ ਮੁਲਜ਼ਮਾਂ ਵੱਲੋਂ ਉਸ ਤੋਂ ਖੋਹ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਦੱਸਿਆ ਕਿ ਮੁਦੱਈ ਦੇ ਬਿਆਨਾਂ ਨੂੰ ਕਲਮਬੱਧ ਕਰਨ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਮੁਕੰਮਲ ਮੈਡੀਕਲ ਰਿਪੋਰਟ ਆਉਣ ਉਪਰੰਤ ਥਾਣਾ ਝਬਾਲ ਵਿਖੇ ਮੁਕੱਦਮਾ ਨੰਬਰ 73 ਦਰਜ ਕਰਦਿਆਂ ਭ. ਦ. ਸ. ਦੀ ਧਾਰਾ 323, 326, 506, 34 ਆਈ. ਪੀ. ਸੀ. ਤਹਿਤ ਸੁਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਨਾਮਜ਼ਦ ਕਰਦਿਆਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।