ਬੁਨਿਆਦੀ ਸਹੂਲਤਾਂ ਤੋਂ ਹਾਲੇ ਵੀ ਵਾਂਝੇ ਹਨ ਸਰਹੱਦੀ ਖੇਤਰ ਦੇ ਵਸਨੀਕ
Thursday, May 30, 2019 - 02:06 PM (IST)

ਝਬਾਲ, ਬੀੜ ਸਾਹਿਬ (ਲਾਲੂਘੁੰਮਣ) : ਦੇਸ਼ ਆਜ਼ਾਦ ਹੋਏ ਨੂੰ ਬੇਸ਼ੱਕ 72 ਸਾਲ ਹੋ ਚੁੱਕੇ ਹਨ ਪਰ ਪੂਰੇ ਦੇਸ਼ ਸਮੇਤ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਪਿੰਡਾਂ ਦੀ ਹਾਲਤ ਆਜ਼ਾਦੀ ਤੋਂ ਪਹਿਲਾਂ ਵਾਲੇ ਹਾਲਾਤਾਂ ਦੇ ਦ੍ਰਿਸ਼ ਪੇਸ਼ ਕਰ ਰਹੀ ਹੈ। ਇਨ੍ਹਾਂ ਪਿੰਡਾਂ 'ਚ ਵੱਸਦੇ ਲੋਕ ਜਿੱਥੇ ਅੱਜ ਵੀ ਸਿਹਤ, ਸਿੱਖਿਆ ਅਤੇ ਸਮਾਜਿਕ ਹੱਕਾਂ ਤੋਂ ਅਧੂਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਉੱਥੇ ਹੀ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਖਸਤਾ ਹਾਲਤ, ਟੁੱਟੀਆਂ ਗਲੀਆਂ ਤੇ ਨਾਲੀਆਂ ਸਮੇਤ ਕੱਚੇ ਘਰਾਂ ਦੀ ਹਾਲਤ ਸਮੇਂ ਦੀਆਂ ਸਰਕਾਰਾਂ ਵਲੋਂ ਕਰਵਾਏ ਜਾਂਦੇ ਬਹੁਪੱਖੀ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਦਿਖਾਈ ਦਿੰਦੀ ਹੈ। ਤਰਾਸਦੀ ਇਹ ਹੈ ਕਿ ਸਰਹੱਦੀ ਪਿੰਡਾਂ ਦੇ ਲੋਕ ਸਮਾਜਿਕ ਤੌਰ 'ਤੇ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦੇ ਪਰਛਾਵੇਂ ਤੋਂ ਵੀ ਦੂਰ ਹਨ। ਤਰਨਤਾਰਨ ਜ਼ਿਲੇ ਦੇ ਸਰਹੱਦੀ ਖੇਤਰ ਦੇ ਪਿੰਡਾਂ ਛੀਨਾ ਬਿਧੀ ਚੰਦ, ਦਾਉਕੇ, ਬੁਰਜ 169, ਰਾਜਾਤਾਲ, ਨੌਸ਼ਹਿਰਾ, ਢਾਲਾ, ਰਸੂਲਪੁਰ, ਹਵੇਲੀਆਂ, ਭੁੱਸੇ, ਲਹੀਆਂ ਅਤੇ ਚਾਹਲ ਆਦਿ ਸਮੇਤ ਦਰਜਨ ਦੇ ਕਰੀਬ ਪਿੰਡਾਂ ਦਾ ਜਦੋਂ 'ਜਗਬਾਣੀ' ਦੇ ਇਸ ਪ੍ਰਤੀਨਿਧੀ ਵਲੋਂ ਸਰਵੇਖਣ ਕੀਤਾ ਗਿਆ ਤਾਂ ਇਹ ਗੱਲ ਸਪੱਸ਼ਟ ਰੂਪ 'ਚ ਸਾਹਮਣੇ ਆਈ ਕਿ ਬੁਨਿਆਦੀ ਹੱਕਾਂ ਤੋਂ ਵਾਂਝੇ ਇਨ੍ਹਾਂ ਪਿੰਡਾਂ ਦੇ ਹਰ ਵਰਗ ਦੇ ਲੋਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਕਾਣੀ ਵੰਡ ਅਤੇ ਹਾਲਾਤ ਦੀ ਮਾਰ ਕਾਰਨ ਗੁਰਬਤ, ਬੇਰੋਜ਼ਗਾਰੀ, ਅਨਪੜ੍ਹਤਾ, ਢਿੱਲੀ ਸਿਹਤ ਅਤੇ ਨਸ਼ਾਖੋਰੀ ਦੀ ਜਕੜ ਹੋਣ ਕਰਕੇ ਆਪਣੇ ਆਪ ਨੂੰ ਅਜੇ ਵੀ ਅਜਿਹੀਆਂ ਅਲਾਮਤਾਂ ਦੇ ਗੁਲਾਮ ਸਮਝ ਰਹੇ ਹਨ।
'ਸਵੱਛ ਭਾਰਤ ਤੇ ਉਜਵਲਾ ਯੋਜਨਾ' ਤੋਂ ਕੋਹਾਂ ਦੂਰ ਸਰਹੱਦੀ ਪਿੰਡਾਂ ਦੇ ਲੋਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀਆਂ 'ਸਵੱਛ ਭਾਰਤ' ਅਤੇ 'ਉਜਵਲਾ ਯੋਜਨਾਵਾਂ' ਤੋਂ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕ ਅਣਜਾਣ ਹੀ ਨਹੀਂ ਬਲਕਿ ਕੋਹਾਂ ਦੂਰ ਵੀ ਹਨ। 70 ਸਾਲਾ ਮਾਤਾ ਸਵਰਨ ਕੌਰ ਜੋ ਕਿ ਸੜਕ ਕਿਨਾਰੇ ਕੰਡਿਆਲੇ ਦਰੱਖ਼ਤਾਂ ਦੀਆਂ ਸੁੱਕੀਆਂ ਟਾਹਣੀਆਂ ਕੱਟ ਰਹੀ ਸੀ ਦਾ ਕਹਿਣਾ ਸੀ ਕਿ ਰੋਟੀ, ਸਬਜ਼ੀ ਬਣਾਉਣ ਲਈ ਬਾਲਣ ਦਾ ਇੰਤਜ਼ਾਮ ਰੋਜ਼ਾਨਾ ਕਰਨਾ ਪੈਂਦਾ ਹੈ, ਕਿਉਂਕਿ ਗਰੀਬ ਹੋਣ ਕਰਕੇ ਉਹ ਜਿੱਥੇ ਗੈਸ ਕੁਨੈਕਸ਼ਨ ਨਹੀਂ ਲੈ ਸਕਦੇ ਹਨ, ਉੱਥੇ ਹੀ ਗੋਹੇ ਦੀਆਂ ਪਾਥੀਆਂ ਵੀ ਮਹਿੰਗੇ ਭਾਅ ਖ੍ਰੀਦਣ ਤੋਂ ਅਸਮਰੱਥ ਹਨ। ਮਾਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਕੋਈ ਗੈਸ ਕੁਨੈਕਸ਼ਨ ਮਿਲਣਾ ਤਾਂ ਦੂਰ ਦੀ ਗੱਲ 'ਆਟਾ ਦਾਲ ਸਕੀਮ' ਤੋਂ ਵੀ ਉਹ ਵਾਂਝੇ ਹਨ, ਜਦੋਂ ਕਿ ਉਸਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ 65 ਸਾਲਾਂ ਦੀ ਮਾਤਾ ਕਸ਼ਮੀਰ ਕੌਰ ਦੇ ਸਿਰ 'ਤੇ ਛੱਤ ਨਾ ਹੋਣ ਕਰਕੇ ਉਹ ਵੀ ਘਰ ਦੇ ਦਰਵਾਜੇ ਦੇ ਨਜ਼ਦੀਕ ਤਰਪੈਲ ਦੀ ਛੱਤ ਦਾ ਤੰਬੂ ਲਗਾ ਕੇ ਆਪਣੀ ਰਹਿੰਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ। ਮਾਤਾ ਕਸ਼ਮੀਰ ਕੌਰ ਦਾ ਕਹਿਣਾ ਹੈ 'ਸਵੱਛ ਭਾਰਤ' ਮੁਹਿੰਮ ਤਹਿਤ ਉਨ੍ਹਾਂ ਨੂੰ ਕੋਈ ਵੀ ਲਾਭ ਨਾ ਮਿਲਣ ਕਰਕੇ ਉਹ ਖੁੱਲ੍ਹੇ 'ਚ ਬਾਹਰ ਜਾਣ ਲਈ ਮਜਬੂਰ ਹਨ।
ਸਿੱਖਿਆ ਤੇ ਸਿਹਤ ਸਹੂਲਤਾਂ ਦੇ ਹਨ ਘਟੀਆ ਪ੍ਰਬੰਧ
ਭਾਵੇਂ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸਰਹੱਦੀ ਖੇਤਰ ਅੰਦਰ ਕਮਿਊਨਿਟੀ ਹੈੱਲਥ ਸੈਂਟਰ ਅਤੇ ਆਦਰਸ਼ ਸਕੂਲ ਖੋਲ੍ਹਣ ਦੇ ਦਮਗਜੇ ਮਾਰੇ ਗਏ ਸਨ, ਪਰੰਤੂ ਸਰਹੱਦੀ ਪਿੰਡਾਂ ਦੇ ਲੋਕ ਸਿੱਖਿਆ ਅਤੇ ਸਿਹਤ ਸਹੂਲਤਾਂ ਪੱਖੋਂ ਬਹੁਤ ਪਤਲੀ ਹਾਲਤ 'ਚੋਂ ਲੰਘ ਰਹੇ ਹਨ, ਪਿੰਡ ਬਿਧੀ ਚੰਦ ਛੀਨਾ ਦੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਐਲੀਮੈਂਟਰੀ ਤੋਂ ਲੈ ਕੇ 10ਵੀਂ ਤੱਕ ਦੇ ਸਕੂਲ ਤਾਂ ਹਨ ਪਰ ਵਿੱਦਿਅਕ ਸਟਾਫ਼ ਦੀ ਭਾਰੀ ਘਾਟ ਹੋਣ ਕਰਕੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਹਨੇਰੇ 'ਚ ਹੈ। ਉਨ੍ਹਾਂ ਦੱਸਿਆ ਕਿ ਸਿਹਤ ਡਿਸਪੈਂਸਰੀ ਵੀ ਮੌਜੂਦ ਹੈ, ਜਿਸ ਦੀ ਇਮਾਰਤ ਖਸਤਾ ਹਾਲਤ ਹੋਣ ਕਰਕੇ ਉਹ ਖੁਦ ਬੀਮਾਰ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਆਉਣ ਵਾਲੀ ਲਿੰਕ ਸੜਕ ਵੀ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਡੂੰਘੇ ਟੋਇਆਂ ਅਤੇ ਖੱਡਿਆਂ 'ਚ ਤਬਦੀਲ ਹੋ ਚੁੱਕੀ ਹੈ।
ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਤੋਂ ਵਾਂਝੇ ਸਰਹੱਦੀ ਲੋਕ
ਹਿੰਦ, ਪਾਕਿ ਸਰਹੱਦ 'ਤੇ ਵੱਸੇ ਪਿੰਡ ਨੌਸ਼ਹਿਰਾ, ਢਾਲਾ, ਹਵੇਲੀਆਂ, ਬੁਰਜ, ਰਾਜਾਤਾਲ ਆਦਿ ਅਜਿਹੇ ਪਿੰਡ ਹਨ ਜੋ ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਤੋਂ ਵੀ ਵਾਂਝੇ ਹਨ। ਬੇਸ਼ੱਕ ਪਿਛਲੀ ਗਠਜੋੜ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਦੇਣ ਲਈ ਆਰ.ਓ. ਸਿਸਟਮ ਨਾਲ ਲੈਸ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਹਕੀਕੀ ਤੌਰ 'ਤੇ ਹਾਲਾਤ ਇਹ ਹਨ ਕਿ ਇਨ੍ਹਾਂ ਪਿੰਡਾਂ ਅੰਦਰ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਪਿਛਲੇ ਕਈ ਕਈ ਸਾਲਾਂ ਤੋਂ ਬੰਦ ਪਈਆਂ ਹੋਣ ਕਰਕੇ ਗਰੀਬ ਤਬਕੇ ਦੇ ਲੋਕ ਦੂਸ਼ਿਤ ਪਾਣੀ ਪੀਣ ਕਰਕੇ ਕਈ ਬੀਮਾਰੀਆਂ ਦੀ ਜਕੜ 'ਚ ਆ ਰਹੇ ਹਨ। ਪਿੰਡਾਂ 'ਚ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਫੈਲਣ ਵਾਲੇ ਮੱਖੀ, ਮੱਛਰ ਕਾਰਨ ਟਾਈਫਾਈਡ, ਪੀਲੀਆ, ਨਮੂਨੀਆ, ਅੰਤੜੀਆਂ ਦੇ ਰੋਗ, ਮਲੇਰੀਆ, ਗੁਰਦੇ ਅਤੇ ਸਾਹ ਵਰਗੀਆਂ ਬੀਮਾਰੀਆਂ ਤੋਂ ਇਨ੍ਹਾਂ ਪਿੰਡਾਂ ਦੇ ਬਹੁ ਗਿਣਤੀ ਲੋਕ ਗ੍ਰਸਤ ਹਨ।
ਉੱਜੜ ਕੇ ਕਈ ਵਾਰ ਵੱਸਦੇ ਹਨ ਸਰਹੱਦੀ ਪਿੰਡਾਂ ਦੇ ਲੋਕ : ਆਗੂ
ਪਿੰਡਾਂ ਦੇ ਕੀਤੇ ਗਏ ਸਰਵੇਖਣ ਤੋਂ ਇਹ ਗੱਲ ਵੱਡੀ ਪੱਧਰ 'ਤੇ ਉੱਭਰ ਕੇ ਸਾਹਮਣੇ ਆਈ ਕਿ ਨਸ਼ਾਖੋਰੀ ਦੀ ਮਾਰ ਹੇਠ ਇਨ੍ਹਾਂ ਪਿੰਡਾਂ ਦੇ ਨੌਜਵਾਨ ਵਰਗ ਦਾ ਵੱਡਾ ਹਿੱਸਾ ਗ੍ਰਿਫਤ 'ਚ ਹੋਣ ਕਰਕੇ ਕਈ ਘਰਾਂ ਦੇ ਚਿਰਾਗ ਨਸ਼ੇ ਨੇ ਬੁਝਾ ਕੇ ਰੱਖ ਦਿੱਤੇ ਹਨ। ਜ਼ਿਲਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾ, ਜਥੇਦਾਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਸਰਪੰਚ ਜਥੇਦਾਰ ਸਰਮੁਖ ਸਿੰਘ ਹਵੇਲੀਆਂ, ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ ਅਤੇ ਰਣਜੀਤ ਸਿੰਘ ਰਾਣਾ ਹਵੇਲੀਆਂ ਦੀ ਮੰਨੀਏ ਤਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਮੇਸ਼ਾ ਸਮੇਂ ਦੀਆਂ ਮਾਰਾਂ ਦੀ ਸੱਟ ਝੱਲਣੀ ਪੈਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਇਨ੍ਹਾਂ ਪਿੰਡਾਂ ਨੂੰ ਵੱਡੀ ਮਾਰ ਦਾ ਦੁੱਖ ਝੱਲਣਾ ਪਿਆ ਹੈ। ਜਦੋਂ ਵੀ ਦੇਸ਼ ਅੰਦਰ ਜੰਗੀ ਮਸ਼ਕਾਂ ਬੱਝਦੀਆਂ ਹਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਉਜਾੜੇ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਲੋਂ ਨਸ਼ੇ ਦੀਆਂ ਭਾਰਤ ਅੰਦਰ ਭੇਜੀਆਂ ਜਾਂਦੀਆਂ ਖੇਪਾਂ ਦਾ ਅਸਰ ਵੀ ਇਨ੍ਹਾਂ ਪਿੰਡਾਂ ਦੀ ਨੌਜਵਾਨ ਪੀੜ੍ਹੀ 'ਤੇ ਮਾੜਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀਆਂ ਤਾਰੋਂ ਪਾਰਲੀਆਂ ਜ਼ਮੀਨਾਂ ਅੰਦਰ ਜਿੱਥੇ ਉਹ ਖੇਤੀ ਕਰਨ ਤੋਂ ਅਸਮਰੱਥ ਹਨ ਉੱਥੇ ਹੀ ਕਿਸਾਨਾਂ ਨੂੰ ਸਰਕਾਰ ਵਲੋਂ ਕੋਈ ਵੀ ਮੁਆਵਜ਼ਾ ਨਾ ਦੇਣ ਕਰਕੇ ਕਿਸਾਨ ਗੁਰਬਤ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ।
ਸਰਹੱਦੀ ਪਿੰਡਾਂ ਦੀ ਹੋਵੇਗੀ ਕਾਇਆ ਕਲਪ : ਡਾ. ਅਗਨੀਹੋਤਰੀ
ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਮੰਨੀਏ ਤਾਂ ਸੂਬੇ ਅੰਦਰ 10 ਸਾਲ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਥਾਪਿਤ ਰਹੀ ਹੈ, ਜਿਸ ਵਲੋਂ ਸਰਹੱਦੀ ਖੇਤਰ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਹੀ ਵਤੀਰਾ ਨਹੀਂ ਕੀਤਾ ਗਿਆ ਸਗੋਂ ਸਰਹੱਦੀ ਖੇਤਰ ਦੇ ਇਨ੍ਹਾਂ ਪਿੰਡਾਂ ਨੂੰ ਅਣਗੌਲਿਆਂ ਵੀ ਕੀਤਾ ਗਿਆ ਹੈ। ਵਿਧਾਇਕ ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਨੂੰ ਲੈ ਕੇ 5 ਸਵਾਲ ਵਿਧਾਨ ਸਭਾ ਸੈਸ਼ਨ 'ਚ ਉਠਾਏ ਗਏ ਹਨ, ਜਿਨ੍ਹਾਂ 'ਚ ਸੜਕਾਂ, ਸਿਹਤ ਅਤੇ ਸਿੱਖਿਆ ਸਹੂਲਤਾਂ, ਤਾਰੋਂ ਪਾਰਲੇ ਕਿਸਾਨਾਂ ਦੀਆਂ ਸਮੱਸਿਆਵਾਂ ਸਮੇਤ ਬੁਨਿਆਦੀ ਸਹੂਲਤਾਂ ਆਦਿ ਤੋਂ ਇਲਾਵਾ 'ਐਕਸਟਰਾ' ਲਾਭ ਦੇਣ ਤੱਕ ਦੀਆਂ ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸਰਹੱਦੀ ਖੇਤਰ ਲਈ ਵਿਸ਼ੇਸ਼ ਏਜੰਡਾ ਲਾਗੂ ਕੀਤਾ ਜਾਵੇਗਾ ਅਤੇ ਸਰਹੱਦੀ ਪਿੰਡਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕਰਨ ਲਈ ਕੋਈ ਕਸਰ ਬਾਕੀ ਕਾਂਗਰਸ ਸਰਕਾਰ ਨਹੀਂ ਛੱਡੇਗੀ।