ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ

04/08/2020 12:50:37 PM

ਹਰਪ੍ਰੀਤ ਸਿੰਘ ਕਾਹਲੋਂ

ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ
ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ
ਗ਼ਾਲਿਬ

ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਜੀਹਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ। ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ 'ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਹਨ। 1919 ਦਾ ਅੰਮ੍ਰਿਤਸਰ ਆਪਣੀ 160000 ਦੀ ਅਬਾਦੀ ਵਾਲਾ ਸ਼ਹਿਰ ਸੀ। ਇਹ ਵੱਡਾ ਸ਼ਹਿਰ ਸੀ ਅਤੇ ਵਪਾਰ ਦਾ ਵੱਡਾ ਕੇਂਦਰ ਸੀ।

ਸਿੱਖ, ਮੁਸਲਮਾਨ, ਹਿੰਦੂਆਂ ਦੀ ਅਬਾਦੀ ਸੀ। ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਘਟ ਰਹਿੰਦਾ ਸੀ। ਗੰਗਾ-ਜਮੁਨਾ ਦੀ ਧਰਤੀ ਤੋਂ ਹਿੰਦੂ ਵਪਾਰੀਆਂ ਲਈ ਵੀ ਇਹ ਮੁੱਖ ਕੇਂਦਰ ਸੀ ਅਤੇ ਕਸ਼ਮੀਰੀ ਵਪਾਰੀਆਂ ਦਾ ਇੱਥੇ ਪੂਰੇ ਦਾ ਪੂਰਾ ਵੱਡਾ ਬਜ਼ਾਰ ਸੀ। ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ। ਪਵਿੱਤਰ ਸ਼ਹਿਰ ਅਤੇ ਸਿਜਦੇ ਹੁੰਦੇ ਮਨਾਂ ਦੀ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ। ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ। ਵਿਸਾਖੀ ਆਉਣ ਵਾਲੀ ਸੀ ਅਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਖੀ ਭੀੜ ਇਕੱਠੀ ਹੋਣ ਲੱਗੀ ਸੀ।

ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੀ ਹੁਣ ਘਰਾਂ ਨੂੰ ਨਹੀਂ ਪਰਤਣਗੇ। ਕੋਣ ਜਾਣਦਾ ਸੀ ਕਿ ਕੁਝ ਇੰਝ ਹੋ ਜਾਵੇਗਾ? 13ਅਪ੍ਰੈਲ, ਕਾਲੀ ਵਿਸਾਖੀ, ਕਾਲਾ ਐਤਵਾਰ ਅਤੇ ਲਹੂ ਨਾਲ ਸਿੰਜਿਆ ਇਤਿਹਾਸ, ਜੋ ਅੱਜ ਵੀ ਸਾਨੂੰ ਧੁਰ ਅੰਦਰ ਤੱਕ ਹਿਲਾਉਂਦਾ ਹੈ। ਇਹ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਕਾ ਸੀ। 100 ਸਾਲ ਬਾਅਦ ਇਹ ਸਮਝਣਾ ਬਣਦਾ ਹੈ ਕਿ ਉਨ੍ਹਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ 'ਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਕੀ ਹੈ, ਜੋ ਅਸੀਂ ਮਹਿਸੂਸ ਕਰਦੇ ਹਾਂ ? 

ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ। ਉਨ੍ਹਾਂ ਦਿਨਾਂ 'ਚ ਅੰਮ੍ਰਿਤਸਰ ਵਿਸਾਖੀ ਨੂੰ ਇੱਕਠੀਆਂ ਹੋ ਰਹੀਆਂ ਸੰਗਤਾਂ ਵੀ ਸਨ ਅਤੇ ਅਜ਼ਾਦੀ ਦੀ ਭਖ ਰਹੀ ਲੜਾਈ 'ਚ ਜੁਝਦੇ ਲੋਕ ਵੀ ਸਨ। ਉਨ੍ਹਾਂ ਦਿਨਾਂ 'ਚ ਪੰਜਾਬ ਦੇ ਹਲਾਤ ਪਹਿਲੀ ਸੰਸਾਰ ਜੰਗ ਨਾਲ ਪ੍ਰਭਾਵਿਤ ਸਨ। ਆਰਥਿਕਤਾ ਅਤੇ ਖੇਤੀਬਾੜੀ, ਲੋਕਾਂ ਦਾ ਸਮਾਜੀ ਜੀਵਨ ਅਤੇ ਕੁਦਰਤੀ ਕਰੋਪੀ ਦਾ ਵੀ ਅਸਰ ਸੀ।

1919 ਈਸਵੀਂ ਦੇ ਅੰਮ੍ਰਿਤਸਰ ਦੀ ਤਸਵੀਰ (ਸ੍ਰੋਤ - ਬ੍ਰਿਟਿਸ਼ ਲਾਇਬ੍ਰੇਰੀ)

PunjabKesari

ਜਲ੍ਹਿਆਂਵਾਲੇ ਬਾਗ ਦੇ ਸਾਕੇ ਸਮੇਂ ਅਤੇ ਉਹ ਤੋਂ ਪਹਿਲਾਂ ਪੰਜਾਬ 'ਚ ਉਹ ਜ਼ਮੀਨ ਕਿਵੇਂ ਤਿਆਰ ਹੋ ਰਹੀ ਸੀ, ਇਸ ਦੇ ਵਿਸਥਾਰ 'ਚ ਜਾਏ ਬਿਨਾਂ ਅਸੀਂ 101 ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਸਮਝ ਨਹੀਂ ਸਕਾਂਗੇ। ਇਸ ਦੌਰਾਨ ਇਹ ਜ਼ਰੂਰ ਧਿਆਨ 'ਚ ਰਹੇ ਕਿ ਅੰਮ੍ਰਿਤਸਰ ਕਦੀ ਵੀ ਫੌਜੀ ਮੱਹਤਤਾ ਵਾਲਾ ਸ਼ਹਿਰ ਨਹੀਂ ਸੀ। ਅੰਗਰੇਜ਼ਾਂ ਦੀ ਵੱਡੀ ਛਾਉਣੀ ਜਲੰਧਰ ਡਿਵੀਜ਼ਨ 'ਚ ਸੀ ਜਾਂ ਲਾਹੌਰ ਸੀ।

ਅੰਮ੍ਰਿਤਸਰ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਨਗਰ ਸੀ। ਇਸ ਦੀ ਪੁਰਾਣੀ ਕੰਧ ਦੀ ਘੇਰੇਬੰਦੀ 'ਚ ਪੁਰਾਤਣ ਸ਼ਹਿਰ ਸੀ, ਜਿਸ ਦੀਆਂ ਤੰਗ ਗਲੀਆਂ ਅਤੇ ਭੀੜੇ ਬਜ਼ਾਰ ਸਨ। ਦੂਜਾ ਸ਼ਹਿਰ ਕੰਧ ਤੋਂ ਬਾਹਰ ਦਾ ਬ੍ਰਿਟਿਸ਼ ਛਾਉਣੀ ਸੀ। ਇੱਥੇ ਸਿਰਫ ਨਿੱਕੀ ਕੋਤਵਾਲੀ ਅਤੇ ਨਿੱਕੀ ਬਟਾਲੀਅਨ ਸੀ, ਜਿਸ ਨੂੰ ‘ਗੈਰਸੀਨ ਬਟਾਲੀਅਨ’ ਕਿਹਾ ਜਾਂਦਾ ਸੀ। ਇਸ 'ਚ 184 ਪੈਦਲ ਫੌਜ ਅਤੇ 55 ਘੋੜਸਵਾਰ ਅਤੇ ਰੋਇਲ ਫੀਲਡ ਆਰਟੀਲਰੀ ਸੀ। ਗੈਰਸਿਨ ਬਟਾਲੀਅਨ ਦੀ ਕਮਾਨ ਕੈਪਟਨ ਮੈਸੀ ਦੇ ਹੱਥ ’ਚ ਸੀ ਅਤੇ ਇਹ ਟੁਕੜੀ ਜਲੰਧਰ 45 ਬ੍ਰਿਗੇਡ ਨੂੰ ਜਵਾਬਦੇਹ ਸੀ।

ਖੈਰ 101 ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦਾ ਸਾਕਾ ਇਸ ਦੌਰ ਦੀ ਅਸਹਿਣਸ਼ੀਲਤਾ ਵਿਚਕਾਰ ਦੇਸ਼ ਲਈ ਸ਼ਹਾਦਤ ਪਾਉਣ ਵਾਲੀ ਮਿੱਟੀ ਦੀ ਤਾਸੀਰ ਸਮਝਣ ਦਾ ਵੀ ਸਬੱਬ ਹੈ। ਕਿਉਂਕਿ ਜਿਨਾਂ ਸਾਡੇ ਲਈ ਸ਼ਹੀਦੀਆਂ ਪਾਈਆਂ, ਇਹ ਮਹਿਸੂਸ ਕਰਨ ਦੀ ਵੀ ਲੋੜ ਹੈ ਕਿ ਸਾਕੇ ਤੋਂ 101 ਸਾਲ ਬਾਅਦ ਉਨ੍ਹਾਂ ਸ਼ਹੀਦਾਂ ਦਾ ਭਾਰਤ ਕਿਹੋ ਜਿਹਾ ਹੈ?  

ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ

ਜਲ੍ਹਿਆਂਵਾਲੇ ਬਾਗ ਦਾ ਨਕਸ਼ਾ

PunjabKesari

ਸਾਕੇ ਤੋਂ ਪਹਿਲਾਂ ਪੰਜਾਬ ਅਤੇ ਸੰਸਾਰ 'ਚ ਇਹ ਕੁਝ ਵਾਪਰ ਰਿਹਾ ਸੀ।
ਪੰਜਾਬ 1914-1919
(ਓ). ਪਹਿਲੀ ਸੰਸਾਰ ਜੰਗ

ਬਾਰੂਦਾਂ ਦੇ ਢੇਰ 'ਤੇ ਖੜ੍ਹੀ ਦੁਨੀਆਂ 'ਚ ਬਰਤਾਨਵੀ ਸਰਕਾਰ ਵਲੋਂ ਪਹਿਲੀ ਸੰਸਾਰ ਜੰਗ 'ਚ ਭਾਰਤ ਦੇ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਜੰਗ ਵਿਚ 13 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ। ਇਸ ਤੋਂ ਵੱਡਾ ਉਨ੍ਹਾਂ ਪਰਿਵਾਰਾਂ ਦੇ ਲਈ ਜ਼ਖ਼ਮ ਕੀ ਹੋਵੇਗਾ ਕਿ 74000 ਫੌਜੀ ਵਾਪਸ ਨਹੀਂ ਆਏ। ਪਹਿਲੀ ਆਲਮੀ ਜੰਗ (1914-1918) ਲਈ ਪੰਜਾਬੀ ਜੰਗੀ ਸਮਾਨ ਬਣਕੇ ਉਭਰੇ। ਇਹ ਫੌਜੀ ਅਨਪੜ੍ਹ ਸਨ, ਘੱਟ ਪੜ੍ਹੇ ਲਿਖੇ, ਗਰੀਬ ਅਤੇ ਹਾਸ਼ੀਏ 'ਤੇ ਧੱਕੇ ਬੰਦੇ ਸਨ। ਪੰਜਾਬ ਤੋਂ ਇਲਾਵਾ ਬਰਤਾਨਵੀ ਫੌਜ 'ਚ ਸ਼ਾਮਲ ਹੋਣ ਵਾਲੇ ਨੇਪਾਲ, ਉੱਤਰ ਪੱਛਮੀ ਫਰੰਟੀਅਰ ਅਤੇ ਸਾਂਝਾ ਪ੍ਰੋਵੀਨੈਂਸ ਦਾ ਖਿੱਤਾ ਸੀ। ਪੰਜਾਬ ਦਾ ਬਰਤਾਨਵੀ ਫੌਜ 'ਚ ਸ਼ਾਮਲ ਹੋਣ ਦਾ ਹਵਾਲਾ ਖੁਸ਼ੀ ਅਤੇ ਦੁੱਖ ਦੋਵੇਂ ਰੂਪ 'ਚ ਲੋਕ ਧਾਰਾ 'ਚ ਵੀ ਮਿਲਦਾ ਹੈ।

ਇੱਥੇ ਪਾਵੇਂ ਟੁੱਟੇ ਛਿੱਤਰ ਉੱਥੇ ਮਿਲਦੇ ਬੂਟ
ਇੱਥੇ ਖਾਵੇ ਰੁੱਖੀ ਮਿਸੀ,ਉੱਥੇ ਖਾਵੇਂ ਫਰੂਟ
ਭਰਤੀ ਹੋਜਾ ਵੇ ਬਾਹਰ ਖੜ੍ਹੇ ਰੰਗਰੂਟ
ਜਾਂ ਇਹ ਬੋਲੀ ਵੀ ਬਹੁਤ ਮਸ਼ਹੂਰ ਸੀ।
ਬਸਰੇ ਦੀ ਲਾਮ ਟੁੱਟਜੇ ਮੈਂ ਰੰਡੀਓ ਸੁਹਾਗਣ ਹੋਵਾਂ

ਜਰਮਨ ਅਤੇ ਇੰਗਲੈਂਡ ਵਿਚਲੀ ਬਸਰੇ ਦੀ ਥਾਂ 'ਤੇ ਸਭ ਤੋਂ ਲੰਮੀ ਅਤੇ ਲਹੂ ਲੁਹਾਣ ਜੰਗ ਹੋਈ ਸੀ। ਲਾਮ ਫ੍ਰੈਂਚ ਦਾ ਸ਼ਬਦ ਹੈ, ਜੋ ਉਰਦੂ 'ਚ ਆਇਆ। ਇਸ ਦਾ ਅਰਥ ਜੰਗ ਹੁੰਦਾ ਹੈ। ਇੱਥੋਂ ਪੰਜਾਬ ਦੇ ਲੋਕਾਂ ਦਾ ਸੁਭਾਅ ਵੀ ਸਮਝ ਆਉਂਦਾ ਹੈ। ਲੜਾਕੂ ਸੁਭਾਅ, ਆਰਥਿਕਤਾ ਹਰ ਅਜਿਹੇ ਅਧਾਰ ਪੰਜਾਬ ਦੀ ਸਰਜ਼ਮੀਨ 'ਤੇ ਸਨ। ਪਹਿਲੀ ਸੰਸਾਰ ਜੰਗ ਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਵੀ ਬੁਰੀ ਤਰ੍ਹਾਂ ਤੋੜਿਆ ਸੀ। ਇਨ੍ਹਾਂ ਸਭ ਦੇ ਬਾਵਜੂਦ ਪੰਜਾਬ ਬਰਤਾਨੀਆਂ ਲਈ ਫੌਜੀ ਤਾਕਤ ਦਾ ਮਜ਼ਬੂਤ ਅਧਾਰ ਰਿਹਾ ਹੈ। ਇਸ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਪੰਜਾਬ ਅਜ਼ਾਦੀ ਲਈ ਸੰਘਰਸ਼ ਕਰਦਿਆਂ ਬਰਤਾਨੀਆਂ ਲਈ ਵੱਡੀ ਚਣੌਤੀ ਵੀ ਸਦਾ ਰਿਹਾ ਹੈ। ਪੰਜਾਬ ਦੇ ਬੰਦਿਆਂ ਦਾ ਬਰਤਾਨਵੀ ਫੌਜ 'ਚ ਕੀ ਅਧਾਰ ਸੀ, ਇਸ ਦਾ ਅਹਿਸਾਸ ਇਸ ਤੋਂ ਵੀ ਸਮਝ ਸਕਦੇ ਹਾਂ ਕਿ ਚਕਵਾਲ ਪੰਜਾਬ ਤੋਂ 26 ਸਾਲਾ ਖੁਦਾਦ ਖ਼ਾਨ (20 ਅਕਤੂਬਰ 1888-8 ਮਾਰਚ 1971) ਨੂੰ ਪਹਿਲੀ ਸੰਸਾਰ ਜੰਗ 'ਚ ਵਿਕਟੋਰੀਆ ਕ੍ਰੋਸ ਨਾਲ ਨਵਾਜਿਆ ਗਿਆ ਸੀ। ਖੁਦਾਦ ਖ਼ਾਨ ਨੂੰ 31 ਅਕਤੂਬਰ 1914 ਨੂੰ ਹੈਲੇਬੇਕੇ ਬੇਲਜੀਅਮ 'ਚ ਜੰਗ ਦੌਰਾਨ ਬਹਾਦਰੀ ਲਈ ਇਹ ਇਨਾਮ ਮਿਲਿਆ ਸੀ। ਪੰਜਾਬ ਦੀ ਬਰਤਾਨਵੀ ਫੌਜ 'ਚ ਸ਼ਮੂਲੀਅਤ ਨੂੰ ਇਸ ਤੋਂ ਵੀ ਸਮਝ ਸਕਦੇ ਹਾਂ ਕਿ 1916 'ਚ (ਹਵਾਲਾ ਸਰ ਮਾਈਕਲ ਓਡਵਾਇਰ, ਇੰਡੀਆ ਐੱਸ.ਆਈ ਨਿਊ ਇਟ, 1885-1925) 192000 ਭਰਤੀਆਂ 'ਚੋਂ 110000 ਭਰਤੀ ਇੱਕਲੇ ਪੰਜਾਬ ਤੋਂ ਸੀ।

ਅੰਮ੍ਰਿਤਸਰ ਦਾ ਮਸ਼ਹੂਰ ਟਾਊਨ ਹਾਲ ਬਾਜ਼ਾਰ (ਸ੍ਰੋਤ - ਬ੍ਰਿਟਿਸ਼ ਲਾਇਬ੍ਰੇਰੀ)

PunjabKesari

(ਅ) ਗਦਰ
ਗਦਰ ਲਹਿਰ (1913-1917-18) ਨੇ ਅਜ਼ਾਦੀ ਦਾ ਸੰਘਰਸ਼ ਭਾਰਤ ਤੋਂ ਬਾਹਰ ਬੜੀ ਮਜ਼ਬੂਤੀ ਨਾਲ ਲੜਿਆ। ਗਦਰ ਪਾਰਟੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ ਦੇ ਵੇਲਿਆਂ 'ਚ ਹੋਈ ਸੀ। ਅਮਰੀਕਾ ਦੇ ਸੈਨ ਫਰਾਂਸਿਸਕੋ 'ਚ 1913 'ਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ। ਅਮਰੀਕਾ ਅਤੇ ਕੈਨੇਡਾ ਗਦਰ ਲਈ ਲੜਾਈ ਦੀ ਜ਼ਮੀਨ ਸੀ। ਪਹਿਲੀ ਸੰਸਾਰ ਜੰਗ ਵੇਲੇ ਗਦਰ ਪਾਰਟੀ ਨੇ ਬਰਤਾਨੀਆ ਦੀ ਭਾਰਤੀ ਫੌਜੀਆਂ ਦੀ ਟੁਕੜੀ 'ਚ 'ਪੂਅਰ ਪੇਅ' (ਮਾੜੀ ਉਜਰਤ) ਦੇ ਪਰਚੇ ਵੰਡੇ। ਇਹ ਪਰਚੇ ਬਰਲਿਨ 'ਚ ਛਾਪੇ ਗਏ ਅਤੇ ਜਰਮਨ ਜਹਾਜ਼ਾਂ ਨਾਲ ਫਰਾਂਸ ਵਿਖੇ ਜੰਗ ਦੌਰਾਨ ਸੁੱਟੇ ਗਏ। ਇਨ੍ਹਾਂ ਪਰਚਿਆਂ ਦਾ ਮਕਸਦ ਦੱਸਣਾ ਸੀ ਕਿ ਬ੍ਰਿਟਿਸ਼ ਹਕੂਮਤ ਫੌਜ 'ਚ ਤੁਹਾਡੇ ਨਾਲ ਨਸਲ, ਰੰਗ ਅਤੇ ਧਰਮ ਦੇ ਅਧਾਰ 'ਤੇ ਕਿੰਨਾ ਵਿਤਕਰਾ ਕਰਦੀ ਹੈ। ਗਦਰ ਲਹਿਰ ਨੂੰ ਦਬਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ ਅਤੇ ਗਦਰ ਪਾਰਟੀ ਨਾਲ ਸੰਬਧਿਤ ਦੇਸ਼ ਭਗਤਾਂ 'ਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਕੇ ਫਾਂਸੀਆਂ ਦਿੱਤੀਆਂ ਗਈਆਂ। ਇੰਝ ਇਕ ਦਾਸਤਾਨ ਕਾਮਾਗਾਟਾ ਮਾਰੂ ਜਹਾਜ਼ ਦੀ ਹੈ, ਜਿਹੜਾ ਬਜਬਜ ਘਾਟ ਕਲਕੱਤੇ ਉਤਰਣ 'ਤੇ ਹਕੂਮਤ ਵਲੋਂ ਸਜ਼ਾਵਾਂ ਦਾ ਹੱਕਦਾਰ ਬਣਿਆ।

(ੲ) ਸਿਲਕ ਲੈਟਰ ਕੋਨਸਪੀਰੇਸੀ
1916-1917 'ਚ ਰਾਜਾ ਮਹਿੰਦਰ ਪ੍ਰਤਾਪ ਕੁੰਵਰ ਅਤੇ ਮੌਲਵੀ ਬਰਕਤਉੱਲਾ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਐਲਾਨ ਦਿੱਤਾ। ਅਬਦੁੱਲਾ ਸਿੰਧੀ, ਜੋ ਇਸਲਾਮਿਕ ਦੇਵਬੰਦ ਸਕੂਲ ਤੋਂ ਸਨ ਗ੍ਰਹਿ ਮੰਤਰੀ ਬਣ ਗਏ। ਇਹ ਬਰਤਾਨਵੀ ਸਰਕਾਰ ਖਿਲਾਫ ਜਿਹਾਦ ਸੀ। ਅਬਦੁੱਲਾ ਸਿੰਧੀ ਨਾਲ ਕਾਬੁਲ ਤੋਂ ਵਹਾਬੀ ਮੁਹੰਮਦ ਹਸਨ ਸੀ। ਇਨ੍ਹਾਂ ਸਭ ਨੇ ਮਿਲਕੇ 'ਖ਼ੁਦਾ ਦੀ ਫੌਜ' ਬਣਾਈ ਅਤੇ ਇਸੇ ਸਿਲਸਿਲੇ 'ਚ ਰੇਸ਼ਮ ਦੇ ਕਪੜੇ 'ਤੇ ਫਾਰਸੀ 'ਚ ਕੌਮ ਦੇ ਨਾਮ ਚਿੱਠੀ ਲਿਖੀ ਗਈ ਤਾਂ ਕਿ ਬਰਤਾਨੀਆਂ ਸਰਕਾਰ ਖਿਲਾਫ ਬਗਾਵਤ ਲਈ ਕ੍ਰਾਂਤੀ ਕੀਤੀ ਜਾ ਸਕੇ। ਇਤਿਹਾਸ 'ਚ ਇਸ ਨੂੰ 'ਸਿਲਕ ਲੈਟਰ ਪਲਾਟ' ਕਹਿੰਦੇ ਹਨ। ਲਾਹੌਰ, ਦਿੱਲੀ ਅਤੇ ਕਲਕੱਤੇ ਤੋਂ ਸਿਲਕ ਲੈਟਰ ਸਾਜਿਸ਼ ਨਾਲ ਜੁੜੇ 20 ਬਾਗੀਆਂ ਨੂੰ ਫੜ੍ਹਿਆ ਗਿਆ। ਇਹ ਦਿਲਚਸਪ ਹੈ ਕਿ ਅਫਗਾਨਿਸਤਾਨ ਦੇ ਕਾਬੁਲ 'ਚ ਜਦੋਂ ਇਹ ਲਹਿਰ ਸਰਗਰਮ ਹੋਈ, ਉਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਫਗਾਨਿਸਤਾਨ ਦੇ ਸਰਹੱਦ 'ਚ ਸੇਵਾਵਾਂ ਦੇ ਰਿਹਾ ਸੀ। 

(ਸ) ਪੰਜਾਬ ਦੀ ਬਰਬਾਦ ਆਰਥਿਕਤਾ ਅਤੇ ਜ਼ਿੰਦਗੀ
ਪੰਜਾਬ ਦੀ ਆਰਥਿਕਤਾ ਨੇ ਉਸ ਦੌਰ ਅੰਦਰ ਲੋਕਾਂ ਅੰਦਰ ਬਰਤਾਨਵੀ ਸਰਕਾਰ ਲਈ ਚੋਖਾ ਗੁੱਸਾ ਪੈਦਾ ਕੀਤਾ। ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ 1ਅਪ੍ਰੈਲ 1917 ਨੂੰ ਸੁਪਰ ਟੈਕਸ, ਇਸੇ ਤਾਰੀਖ਼ ਨੂੰ 1918 'ਚ ਆਮਦਨ ਟੈਕਸ ਅਤੇ 1919 'ਚ ਇਸੇ ਮਹੀਨੇ ਪ੍ਰੋਫਿਟ ਡਿਊਟੀ ਟੈਕਸ ਲਾਇਆ। ਪਹਿਲੀ ਆਲਮੀ ਜੰਗ ਦੇ ਖਰਚਿਆਂ ਲਈ ਇੰਝ ਹਰ ਸਾਲ ਨਵੇਂ ਟੈਕਸ ਨਾਲ ਉਗਰਾਹੀ ਕਰਦਿਆਂ ਭਾਰਤ ਦੇ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਸੀ। ਪੰਜਾਬ 'ਚ ਇਸ ਦਾ ਅਸਰ ਇਹ ਸੀ ਕਿ ਲਾਹੌਰ 'ਚ ਮਹਿੰਗਾਈ ਦਰ 30 ਫੀਸਦੀ ਅਤੇ ਅੰਮ੍ਰਿਤਸਰ 'ਚ ਇਹੋ ਦਰ 55 ਫੀਸਦੀ ਵਧ ਗਈ। ਇੰਝ ਅੰਮ੍ਰਿਤਸਰ ਦੇ ਕੱਪੜਾ ਵਪਾਰ ਵੱਡੇ ਘਾਟੇ 'ਚ ਜਾਂਦਾ ਰਿਹਾ। ਇਹੋ ਨਹੀਂ ਉਨ੍ਹਾਂ ਸਮਿਆਂ 'ਚ ਕਣਕ 47 ਫੀਸਦ, ਕਪਾਹ 310 ਫੀਸਦੀ, ਖੰਡ 68 ਫੀਸਦੀ, ਅਨਾਜ 93 ਫੀਸਦੀ ਦੀ ਦਰ ਨਾਲ ਮਹਿੰਗੇ ਹੋ ਗਏ। ਸਨਅਤੀ ਖੇਤਰਾਂ 'ਚ ਘਾਟਾ ਇਕ ਪਾਸੇ ਪਰ ਪੰਜਾਬ ਦੇ ਪੇਂਡੂ ਖੇਤਰ ਕਰਜ਼ਿਆਂ ਦੀ ਮਾਰ ਥੱਲੇ ਸਨ। ਬੀਮਾਰੀਆਂ ਜਨਮ ਲੈ ਰਹੀਆਂ ਸਨ। 1918 ਦੀ ਪੱਤਝੜ ਤੱਕ 50 ਲੱਖ ਭਾਰਤ ਦੀ ਅਬਾਦੀ ਮੌਸਮੀ ਨਜ਼ਲਾ, ਬੁਖ਼ਾਰ ਤੇ ਅਜਿਹੀਆਂ ਮਹਾਮਾਰੀਆਂ ਦੀ ਗ੍ਰਿਫਤ 'ਚ ਸੀ ਅਤੇ ਇਨ੍ਹਾਂ 'ਚੋਂ 25 ਫੀਸਦੀ ਪੇਂਡੂ ਅਬਾਦੀ ਮੌਤ ਦੇ ਮੂੰਹ 'ਚ ਚਲੀ ਗਈ ਸੀ। ਉਨ੍ਹਾਂ ਸਮਿਆਂ 'ਚ ਬਰਬਾਦੀ 'ਤੇ ਕੁਰਤੀ ਕਹਿਰ ਵੀ ਸੀ। ਪਿਛਲੇ 47 ਸਾਲਾ 'ਚ ਪਹਿਲੀ ਵਾਰ ਮੁੱਸਲੇਧਾਰ ਮੀਂਹ ਜ਼ੋਰਾਂ 'ਤੇ ਸੀ ਅਤੇ ਬਰਬਾਦ ਫਸਲਾਂ ਨੇ ਕਿਸਾਨੀ ਕਰਜ਼ੇ ਹੇਠਾਂ ਕਰ ਦਿੱਤੀ ਸੀ। 

PunjabKesari

(ਹ) ਹੋਮ ਰੂਲ,ਖਿਲਾਫਤ ਅੰਦੋਲਨ
ਹੋਮ ਰੂਲ ਅੰਦੋਲਨ ਦੀ ਸਥਾਪਨਾ 1919 'ਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ, ਜਿਸ ਦਾ ਮੁੱਖ ਮਕਸਦ ਭਾਰਤ 'ਚ ਖੁਦ ਮੁਖਤਿਆਰੀ ਲੈ ਕੇ ਆਉਣਾ ਸੀ। ਇਸ ਤੋਂ ਇਲਾਵਾ ਇਸ ਔਦੋਲਨ 'ਚ ਵੱਡੇ ਅਤੇ ਖਾਸ ਆਗੂ ਐਨੀ ਬੇਸੇਂਟ, ਜੋਸੇਫ ਬਪਟਿਸਟਾ, ਐੱਨ.ਸੀ. ਕੇਲਕਰ ਤੋਂ ਇਲਾਵਾ ਮੁਹੰਮਦ ਅਲੀ ਜਿੱਨਾਹ ਨੇ ਖਾਸ ਭੂਮਿਕਾ ਨਿਭਾਈ। ਦੂਜੇ ਪਾਸੇ ਆਲਮੀ ਜੰਗ ਤੋਂ ਬਾਅਦ ਰਾਸ਼ਟਰੀ ਮੁਸਲਿਮ ਆਗੂਆਂ ਨੇ "ਖਿਲਾਫਤ ਅੰਦੋਲਨ" ਦੀ ਸ਼ੁਰੂਆਤ ਕੀਤੀ, ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਨੂੰ ਖਦੇੜਕੇ ਮੁਸਲਿਮ ਇੱਕਮੁੱਠਤਾ ਨੂੰ ਕਾਇਮ ਕਰਨਾ ਸੀ।

(ਕ) ਮਾਰਲੇ-ਮਿੰਟੋ ਸੁਧਾਰ
ਐਡਵਿਨ ਮੋਟੈਂਗਿਊ 1917-18 ਦੇ ਸਿਆਲਾਂ 'ਚ ਭਾਰਤ ਆਇਆ ਸੀ। ਇਸ ਤੋਂ ਪਹਿਲਾਂ 20 ਅਗਸਤ 1917 ਨੂੰ ਹਾਊਸ ਆਫ ਕਾਮਨ 'ਚ ਮੋਟੈਂਗਿਊ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਪ੍ਰਬੰਧਕੀ ਢਾਂਚੇ 'ਚ ਸਾਨੂੰ ਭਾਰਤੀਆਂ ਦੀ ਸ਼ਮੂਲੀਅਤ 'ਚ ਵਾਧਾ ਕਰਨ ਦੀ ਲੋੜ ਹੈ। ਬ੍ਰਿਟਿਸ਼ ਸਾਮਰਾਜ ਦੇ ਲਿਹਾਜ ਤੋਂ ਇਹ ਚੰਗਾ ਹੋਵੇਗਾ ਕਿ ਭਾਰਤ 'ਚ ਭਾਰਤੀਆਂ ਦੀ ਖੁਦਮੁਖਤਾਰੀ ਵਾਲਾ ਸ਼ਾਸ਼ਨ ਪ੍ਰਬੰਧ ਹੋਵੇ ਅਤੇ ਇਕ ਜ਼ਿੰਮੇਵਾਰ ਸਰਕਾਰ ਦਾ ਅਧਾਰ ਬੱਝੇ। ਇਹ ਸੰਬੋਧਨ ਭਾਰਤ ਅੰਦਰ ਉਦਾਰਵਾਦੀ ਭਾਵਨਾ ਵਾਲਾ ਸੀ। ਅਪ੍ਰੈਲ 1918 ਨੂੰ ਮੋਟੈਂਗਿਊ ਅਤੇ ਭਾਰਤ ਦੇ ਵਾਇਸਰਾਏ ਲੋਰਡ ਚੇਮਸਫੋਰਡ ਨੇ ਇਸ ਨੂੰ ਪੇਸ਼ ਕੀਤਾ। ਇਤਿਹਾਸ 'ਚ ਇਸ ਨੂੰ ਮਾਰਲੇ ਮਿੰਟੋ ਸੁਧਾਰ ਕਹਿੰਦੇ ਹਨ। ਇੰਨਾਂ ਸੁਧਾਰਾਂ 'ਚ ਸੱਤਾ ਪ੍ਰਬੰਧਨ ਨੂੰ ਨਵੇਂ ਢੰਗ ਨਾਲ ਉਲੀਕਣ ਦੀ ਗੱਲ ਸੀ। ਰਿਪੋਰਟ ਮੁਤਾਬਕ ਸਥਾਨਕ ਪ੍ਰਬੰਧ, ਸਿਹਤ ਅਤੇ ਸਿੱਖਿਆ 'ਚ ਭਾਰਤੀਆਂ ਦੀ ਹਿੱਸੇਦਾਰੀ 'ਚ ਵਾਧਾ ਕਰਨਾ ਸੀ ਅਤੇ 'ਸੁਰੱਖਿਆ ਅਤੇ ਪੁਲਸ' ਗਵਰਨਰ ਅਧੀਨ ਰੱਖਣ ਦੀ ਪੇਸ਼ਕਸ਼ ਸੀ। ਇਸ ਸੁਧਾਰ 'ਚ ਇੰਡੀਅਨ ਸਿਵਲ ਸਰਵਿਸ 'ਚ ਭਾਰਤੀਆਂ ਦੀ ਸ਼ਮੂਲੀਅਤ ਵਧਾਉਣ ਦੀ ਵੀ ਗੱਲ ਸੀ। ਇਸ ਸੁਧਾਰ ਦਾ ਵਿਰੋਧ ਬਰਤਾਨਵੀਆਂ 'ਚ ਵੀ ਸੀ ਅਤੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਇਸ ਸੁਧਾਰ ਦਾ ਤਿੱਖਾ ਵਿਰੋਧ ਕੀਤਾ ਸੀ।  

(ਖ) ਰੋਲਟ ਐਕਟ ਅਤੇ ਸੱਤਿਆਗ੍ਰਹਿ
ਇਕ ਪਾਸੇ ਖੁਦਮੁਖਤਾਰੀ ਦੀ ਭਾਵਨਾ ਵਾਲੀ ਹੋਮ ਰੂਲ ਲਹਿਰ ਸੀ। ਦੂਜੇ ਪਾਸੇ ਮਾਰਲੇ ਮਿੰਟੋ ਸੁਧਾਰ ਸੀ ਪਰ ਇਨ੍ਹਾਂ ਦੇ ਉਲਟ ਇਕ ਰੋਲਟ ਐਕਟ ਆਉਣ ਦੀ ਤਿਆਰੀ 'ਚ ਸੀ। ਇਸ ਐਕਟ ਨੇ ਮਾਰਲੇ ਮਿੰਟੋ ਸੁਧਾਰ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਯਾਦ ਰੱਖਿਆ ਜਾਵੇ ਕਿ (ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਇਨ ਇੰਡੀਆ, ਸਰ ਵਰਨੇ ਲੋਵੇਟ, ਲੰਡਨ ਜੋਨ ਮੁਰੇ 1921 ਮੁਤਾਬਕ) 22 ਮਈ 1919 ਨੂੰ ਇੰਗਲੈਂਡ ਪਾਰਲੀਮੈਂਟ 'ਚ ਖੁਦ ਉਧਾਰਵਾਦੀ ਵਿਚਾਰ ਰੱਖਣ ਵਾਲੇ ਮੋਂਟੈਗਿਊ ਨੇ ਇਸ ਦੀ ਹਮਾਇਤ ਕੀਤੀ ਸੀ ਕਿ ਜੇ ਰੋਲਟ ਐਕਟ ਦੀ ਲੋੜ ਹੈ ਤਾਂ ਸਾਨੂੰ ਬਿਨਾਂ ਦੇਰੀ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਮੋਟ ਫੋਰਡ ਸੁਧਾਰ ਦੀ ਭਾਵਨਾ ਭਾਰਤ ਦਾ ਵਿਕਾਸ ਨਹੀਂ ਸੀ ਸਗੋਂ ਬਰਤਾਨਵੀ ਹਿੱਤਾਂ ਦੀ ਰਾਖੀ ਕਰਨਾ ਹੀ ਸੀ।

ਜਸਟਿਸ ਸਿਡਨੀ ਆਰਥਰ ਟੇਲਰ ਰੋਲਟ ਨੇ ਭਾਰਤ 'ਚ ਸੁਰੱਖਿਆ ਦੇ ਖਤਰਿਆਂ ਨੂੰ ਲੈ ਕੇ ਪੁੰਨਛਾਣ ਕੀਤੀ ਅਤੇ ਰਿਪੋਰਟ ਤਿਆਰ ਕੀਤੀ। ਰੋਲਟ ਕਮਿਸ਼ਨ ਨੇ ਇਹ ਚਾਹਿਆ ਕਿ ਵਾਇਸਰਾਏ ਉਨ੍ਹਾਂ ਖੇਤਰਾਂ ਨੂੰ ਇਸ ਤੋਂ ਮੁਕਤ ਨਹੀਂ ਕਰ ਸਕਦੇ, ਜਿਹੜੇ ਬਰਤਾਨਵੀ ਸਾਮਰਾਜ ਲਈ ਅਤਿ ਦਾ ਖਤਰਾ ਹਨ। ਇੰਝ ਸੈਕਰੇਟਰੀ ਆਫ ਹੋਮ ਸਰ ਵਿਲੀਅਮ ਵਿਨਸੈਂਟ ਦੀ ਦੇਖਰੇਖ 'ਚ ਰੋਲਟ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਅਸੀਂ ਰੋਲਟ ਐਕਟ ਵਜੋਂ ਜਾਣਦੇ ਹਾਂ।

ਨਾ ਦਲੀਲ-ਨਾ ਵਕੀਲ-ਨਾ ਅਪੀਲ
ਇਸ ਐਕਟ ਦਾ ਵਿਰੋਧ ਪੂਰੇ ਭਾਰਤ 'ਚ ਵੱਡੇ ਪੱਧਰ 'ਤੇ ਹੋਇਆ। ਇਸ ਤਹਿਤ ਪੁਲਸ ਦੋ ਜਾਂ ਦੋ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੀ ਸੀ। ਇੰਝ ਸ਼ੱਕ ਦੇ ਬਿਨਾਹ 'ਤੇ ਬਿਨਾਂ ਕਿਸੇ ਚੇਤਾਵਨੀ, ਵਾਰੰਟ ਗ੍ਰਿਫਤਾਰੀ ਸੀ। ਇਹੋ ਨਹੀਂ ਵਿਆਹ ਸਮਾਗਮਾਂ ਅਤੇ ਸ਼ਮਸ਼ਾਨ ਘਾਟ 'ਚ ਸਸਕਾਰ ਵੇਲੇ 5 ਰੁਪਏ ਟੈਕਸ ਵੀ ਲਗਾਇਆ ਗਿਆ। ਇਹ ਕਾਨੂੰਨ ਕਿਸੇ ਨੂੰ ਵੀ ਬਰਤਾਨਵੀ ਸਾਮਰਾਜ 'ਤੇ ਖਤਰਾ ਦੱਸਦਿਆਂ ਕਤਲ ਕਰ ਸਕਦਾ ਸੀ। ਕਾਨੂੰਨ ਦੀ ਅਜਿਹੀ ਭਾਵਨਾ ਨੂੰ ਉਨ੍ਹਾਂ ਸਮਿਆਂ 'ਚ 'ਕਾਲਾ ਕਾਨੂੰਨ' ਕਿਹਾ ਗਿਆ।

ਇਸ ਕਾਨੂੰਨ ਖਿਲਾਫ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਸੰਗ ਸੱਤਿਆਗ੍ਰਹਿ ਦਾ ਸੱਦਾ ਦਿੱਤਾ ਗਿਆ। ਮਹਾਤਮਾ ਗਾਂਧੀ ਦੀ ਅਵਾਜ਼ 'ਤੇ ਲੋਕਾਂ ਨੇ ਇਸ ਹੜਤਾਲ ਨੂੰ ਭਰਵਾ ਹੁੰਗਾਰਾ ਦਿੱਤਾ। 30 ਮਾਰਚ ਦੇ ਇਸੇ ਸੱਦੇ ਨੂੰ 6 ਅਪ੍ਰੈਲ ਦੀ ਤਾਰੀਖ਼ 'ਚ ਬਦਲਿਆ ਗਿਆ। ਇਸ ਸੱਤਿਆਗ੍ਰਹਿ ਦੇ ਵਿਚਾਰ 'ਚ ਪੇਸ਼ ਕੀਤਾ ਗਿਆ ਸੀ ਕਿ 10 ਮਾਰਚ 1919 ਦੇ ਇਸ ਕਾਲੇ ਰੋਲਟ ਕਾਨੂੰਨ ਨੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕੋਝਾ ਮਜ਼ਾਕ ਉਡਾਇਆ ਹੈ ਅਤੇ ਇਹ ਕਾਨੂੰਨ ਬੁਨਿਆਦੀ ਅਧਿਕਾਰਾਂ ਦੇ ਤਹੱਈਏ ਨੂੰ ਉਜਾੜਦਾ ਹੈ। ਸੱਤਿਆਗ੍ਰਹਿ ਦੀ ਇਸ ਸਹੁੰ 'ਚ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਦਾ ਸੱਦਾ ਦਿੰਦੇ ਹੋਏ ਅਹਿੰਸਾਤਮਕ ਅੰਦੋਲਣ ਦੀ ਨੀਂਹ ਰੱਖੀ ਅਤੇ ਸੱਚ ਦੇ ਮਾਰਗ 'ਤੇ ਚਲਦਿਆਂ ਅਜ਼ਾਦੀ ਦਾ ਪਹਿਲਾਂ ਵੱਡਾ ਅਹਿੰਸਾ ਭਰਪੂਰ ਅੰਦੋਲਣ ਵਿੱਢਿਆ।

ਦਸਤਕ-ਮਹਾਤਮਾ ਗਾਂਧੀ ਅਤੇ ਜਨਰਲ ਰਿਜੀਨਾਲਡ ਡਾਇਰ
ਰੋਲਟ ਐਕਟ ਨੇ ਜਿਹੜੀ ਜ਼ਮੀਨ ਤਿਆਰ ਕੀਤੀ ਸੀ, ਇਹ ਭਾਰਤ ਦੇ ਅਜ਼ਾਦੀ ਸੰਘਰਸ਼ ਨੂੰ ਵੱਡੀ ਕ੍ਰਾਂਤੀ ਵੱਲ ਲੈਕੇ ਜਾ ਰਹੀ ਸੀ। ਪਹਿਲਾਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਿਲਕ ਲੈਟਰ ਕੋਂਸਪੀਰੇਸੀ ਵੇਲੇ ਡਾਇਰ ਅਫਗਾਨਿਸਤਾਨ ਦੇ ਸਰਹੱਦ 'ਚ ਸੀ। ਕਹਿੰਦੇ ਹਨ ਕਿ ਉਹ ਐਬਟਾਬਾਦ 'ਚ ਬਹੁਤੀ ਦੇਰ ਨਾ ਰਹਿ ਸਕਿਆ। 29 ਮਾਰਚ 1917 ਨੂੰ ਡਾਇਰ ਗਸ਼ਤ ਦੌਰਾਨ ਘੋੜੇ ਤੋਂ ਡਿੱਗਣ ਕਰਕੇ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਠੀਕ ਹੋਣ ਮਗਰੋਂ ਜਨਰਲ ਡਾਇਰ ਐਬਟਾਬਾਦ ਤੋਂ ਜਲੰਧਰ ਆ ਕੇ ਹਾਜ਼ਰ ਹੁੰਦਾ ਹੈ।

ਇਹ ਦੌਰ ਉਹ ਵੀ ਸੀ ਕਿ 1915 'ਚ ਦੱਖਣੀ ਅਫਰੀਕਾ ਤੋਂ ਮੋਹਨ ਦਾਸ ਕਰਮ ਚੰਦ ਗਾਂਧੀ ਭਾਰਤ ਆਉਂਦੇ ਹਨ। ਬਾਲ ਗੰਗਾਧਰ ਤਿਲਕ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ। ਉਨ੍ਹਾਂ ਦੀ ਸਲਾਹ ਨਾਲ ਉਹ ਪੂਰੇ ਭਾਰਤ 'ਚ ਘੁੰਮਦੇ ਹਨ। ਇਸ ਤੋਂ ਬਾਅਦ ਰੋਲਟ ਐਕਟ ਦੇ ਨਾਲੋਂ-ਨਾਲ ਇਸ ਕਾਨੂੰਨ ਦੇ ਵਿਰੋਧ 'ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ 1919 ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵੱਡੀ ਹਾਜ਼ਰੀ ਸੀ।

ਇਨ੍ਹਾਂ ਹਲਾਤ ਵਿਚ ਅਸੀਂ ਸਮਝ ਸਕਦੇ ਹਾਂ ਕਿ ਉਸ ਦੌਰ 'ਚ ਇਕ ਲੜਾਈ ਉਹ ਸੀ, ਜੋ ਅਜ਼ਾਦੀ ਲਈ ਮਘ ਰਹੀ ਸੀ। ਦੂਜਾ ਪੰਜਾਬੀ ਜੀਵਨ ਸੀ, ਜੋ ਆਪਣੀ ਬਰਬਾਦ ਆਰਥਿਕਤਾ ਅਤੇ ਕੁਦਰਤੀ ਕਰੋਪੀ ਨਾਲ ਜੂਝਦਾ ਅੰਦਰੋ ਅੰਦਰ ਸੁਲਗ ਰਿਹਾ ਸੀ। ਬਰਤਾਨਵੀ ਹਕੂਮਤ ਲਈ ਓਪਰੋਕਤ ਲਹਿਰਾਂ ਵੱਡੀ ਸਿਰਦਰਦੀ ਬਣੀਆਂ ਸਨ। ਪੰਜਾਬ ਉਨ੍ਹਾਂ ਲਈ ਉਹ ਜੁਝਾਰੂ ਧਰਤੀ ਸੀ, ਜੋ ਉਨ੍ਹਾਂ ਨੂੰ ਮੋੜ ਮੋੜ 'ਤੇ ਵੰਗਾਰਦੀ ਸੀ। ਇਹ ਆਮਦ ਰੋਲਟ ਐਕਟ ਦੀ ਵੀ ਸੀ ਅਤੇ 1915 'ਚ ਦੱਖਣੀ ਅਫਰੀਕਾ ਤੋਂ ਆਏ ਮਹਾਤਮਾ ਗਾਂਧੀ ਦੀ ਪਹਿਲੀ ਵੱਡੀ ਦਸਤਕ ਦੀ ਵੀ ਸੀ। ਅੰਮ੍ਰਿਤਸਰ 'ਚ ਉਨ੍ਹਾਂ 13 ਦਿਨਾਂ ਨੇ ਅੰਗਰੇਜ਼ ਸਰਕਾਰ ਨੂੰ ਵੱਡੇ ਖੌਫ ਨਾਲ ਭਰ ਦਿੱਤਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਕੋਈ ਵੱਡੀ ਕ੍ਰਾਂਤੀ ਜਨਮ ਲੈ ਰਹੀ ਹੈ, ਜੋ ਉਨ੍ਹਾਂ ਨੂੰ ਤਹਿਸ ਨਹਿਸ ਕਰ ਦੇਵੇਗੀ।

ਜਗਬਾਣੀ ਵਿਸ਼ੇਸ਼ : ਜਲ੍ਹਿਆਂਵਾਲਾ ਬਾਗ ਕਿਸ਼ਤ -2


rajwinder kaur

Content Editor

Related News