ਜਲਿਆਂਵਾਲਾ ਬਾਗ ਦੇ ਸਾਕੇ ਨੂੰ 100 ਸਾਲ ਹੋਣ ''ਤੇ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
Sunday, Apr 07, 2019 - 10:52 AM (IST)
ਲੁਧਿਆਣਾ (ਵਿੱਕੀ) - 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ 'ਚ ਪੰਜਾਬ ਦੇ ਤਤਕਾਲੀ ਗਵਰਨਰ ਜਨਰਲ ਸਰ ਮਾਈਕਲ ਓਡਵਾਇਰ ਦੇ ਹੁਕਮਾਂ 'ਤੇ ਇਕ ਸ਼ਾਂਤਮਈ ਸਭਾ ਦੌਰਾਨ ਇਕੱਠੇ ਹੋਏ ਸੈਂਕੜੇ ਹਿੰਦੋਸਤਾਨੀਆਂ 'ਤੇ ਗੋਲੀ ਚਲਾਉਂਦੇ ਹੋਏ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਪੰਜਾਬ ਸਰਕਾਰ ਵਲੋਂ ਇਸ ਗੋਲੀ ਕਾਂਡ ਦੇ 100 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ। ਇਸੇ ਲੜੀ 'ਚ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ. ਜੀ. ਐੱਸ. ਈ. ਮੁਹੰਮਦ ਤਾਇਬ ਦੀ ਅਗਵਾਈ 'ਚ ਪੰਜਾਬ ਦੇ ਸਾਰੇ ਸਕੂਲਾਂ 'ਚ ਖਾਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਐਜੂਸੇਟ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਿਆਂਵਾਲਾ ਬਾਗ ਗੋਲੀਕਾਂਡ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਵਿਭਾਗ ਵਲੋਂ ਕਈ ਪ੍ਰੋਗਰਾਮ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਐਜੂਸੈਟ ਰਾਹੀਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਜਲਿਆਂਵਾਲਾ ਬਾਗ ਗੋਲੀਕਾਂਡ ਦੇ ਨਾਲ-ਨਾਲ ਭਾਰਤ ਦੀ ਆਜ਼ਾਦੀ ਦੀ ਲੜਾਈ ਅਤੇ ਦੇਸ਼ ਦੇ ਬਹਾਦਰ ਸ਼ਹੀਦਾਂ ਦੇ ਸਬੰਧ 'ਚ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਡਿਪਟੀ ਐੱਸ. ਪੀ. ਡੀ. ਨੇ ਦੱਸਿਆ ਕਿ ਇਹ ਪ੍ਰੋਗਰਾਮ ਐਜੂਸੈਟ 'ਤੇ ਪੂਰਾ ਹਫਤਾ ਚੱਲਣਗੇ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਗੋਲੀਕਾਂਡ ਆਜ਼ਾਦੀ ਦੇ ਸੰਘਰਸ਼ ਦਾ ਇਕ ਵੱਡਾ ਅਧਿਆਏ ਹੈ ਅਤੇ ਇਸ ਨੇ ਆਜ਼ਾਦੀ ਸੰਘਰਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ ਸੀ। ਪੰਜਾਬ ਦੇ ਇਤਿਹਾਸ 'ਚ ਜਲਿਆਂਵਾਲਾ ਬਾਗ ਗੋਲੀਕਾਂਡ ਦਾ ਆਪਣਾ ਇਕ ਸਥਾਨ ਹੈ ਅਤੇ ਇਸ ਇਤਿਹਾਸ ਤੋਂ ਵਿਦਿਆਰਥੀਆਂ ਦਾ ਜਾਣੂ ਹੋਣਾ ਅਤਿ ਜ਼ਰੂਰੀ ਹੈ, ਜਿਸ ਦੇ ਲਈ ਸਿੱਖਿਆ ਵਿਭਾਗ ਨੇ ਇਹ ਵਿਸ਼ੇਸ਼ ਯਤਨ ਕੀਤਾ ਹੈ।
ਇਤਿਹਾਸ ਅਤੇ ਪਾਠਕ੍ਰਮ ਦੋਵਾਂ ਬਾਰੇ ਜਾਣਨਗੇ ਵਿਦਿਆਰਥੀ : ਸਿੱਖਿਆ ਸਕੱਤਰ
ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਲਿਆਂਵਾਲਾ ਬਾਗ ਗੋਲੀਕਾਂਡ ਦੇ ਸਬੰਧ 'ਚ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਵਲੋਂ ਕਈ ਪ੍ਰੋਗਰਾਮ ਨਿਰਧਾਰਤ ਕੀਤੇ ਗਏ ਹਨ। ਇਸ ਦੌਰਾਨ ਵਿਦਿਆਰਥੀਆਂ ਨੂੰ ਡਾਕੂਮੈਂਟਰੀ ਮਾਹਿਰਾਂ ਵਲੋਂ ਜਿੱਥੇ ਵਿਸ਼ੇਸ਼ ਲੈਕਚਰ ਦਿੱਤੇ ਜਾਣਗੇ, ਉਥੇ ਹੀ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੇ ਗੀਤਾਂ ਰਾਹੀਂ ਦੇਸ਼ ਸੇਵਾ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੌਰਾਨ ਇਕ ਵਿਸ਼ੇਸ਼ ਅਬਜ਼ੈਕਟਿਵ ਟਾਈਪ ਪ੍ਰਸ਼ਨੋਤਰੀ ਮੁਕਬਲਾ ਕਰਵਾਇਆ ਜਾਵੇਗਾ, ਜਿਸ 'ਚ ਵਿਦਿਆਰਥੀਆਂ ਤੋਂ ਆਜ਼ਾਦੀ ਅਤੇ ਬਹਾਦਰ ਸ਼ਹੀਦਾਂ ਸਬੰਧੀ ਸਵਾਲ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਪੂਰਾ ਹਫਤਾ ਚੱਲਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਸੁਨਹਿਰੀ ਇਤਿਹਾਸ ਨੂੰ ਜਾਣਨ ਦਾ ਵਿਸ਼ੇਸ਼ ਮੌਕਾ ਮਿਲੇਗਾ, ਨਾਲ ਹੀ ਉਨ੍ਹਾਂ ਨੂੰ ਆਪਣੇ ਪਾਠਕ੍ਰਮ ਨੂੰ ਸਮਝਣ 'ਚ ਆਸਾਨੀ ਹੋਵੇਗੀ ਅਤੇ ਉਹ ਆਜ਼ਾਦੀ ਦੇ ਸੰਘਰਸ਼ 'ਚ ਆਪਣੀ ਜਾਨ ਵਾਰਨ ਵਾਲੇ ਬਹਾਦਰ ਸ਼ਹੀਦਾਂ ਨੂੰ ਪ੍ਰਣਾਮ ਕਰ ਸਕਣਗੇ।ਜਲਿਆਂਵਾਲਾ ਬਾਗ ਗੋਲੀਕਾਂਡ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਇਤਿਹਾਸ ਅਤੇ ਆਜ਼ਾਦੀ ਸੰਘਰਸ਼ ਵਿਚ ਇਕ ਵੱਡਾ ਸਥਾਨ ਰੱਖਦਾ ਹੈ। ਸਿੱਖਿਆ ਵਿਭਾਗ ਦੇ ਇਸ ਯਤਨ ਨਾਲ ਵਿਦਿਆਰਥੀਆਂ ਨੂੰ ਆਪਣੇ ਸੁਨਹਿਰੀ ਇਤਿਹਾਸ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ, ਨਾਲ ਹੀ ਇਹ ਇਤਿਹਾਸ ਪਾਠਕ੍ਰਮ ਦਾ ਹਿੱਸਾ ਹੋਣ ਕਾਰਨ ਉਨ੍ਹਾਂ ਨੂੰ ਦੋਹਰਾ ਲਾਭ ਹੋਵੇਗਾ।