ਲਾਂਘੇ 'ਤੇ ਵਾਪਰੀਆਂ ਘਟਨਾਵਾਂ ਨੇ ਚੌਕਸ ਕੀਤੀਆਂ ਸੁਰੱਖਿਆ ਏਜੰਸੀਆਂ

12/15/2019 9:42:32 AM

ਜਲੰਧਰ (ਧਵਨ) : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਿਛਲੇ ਕੁਝ ਦਿਨਾਂ 'ਚ ਵਾਪਰੀਆਂ ਦੋ ਵਾਰਦਾਤਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਨੂੰ ਇਹ ਡਰ ਹੈ ਕਿ ਜੇਕਰ ਸੀਮਾ ਪਾਰ ਦੇ ਦੋ ਜੋੜਿਆਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ 'ਚ ਮੁਲਾਕਾਤ ਕੀਤੀ ਜਾ ਸਕਦੀ ਹੈ ਤਾਂ ਫੇਰ ਕੱਲ ਨੂੰ ਖਾਲਿਸਤਾਨੀ ਅਨਸਰ ਵੀ ਇਸਦਾ ਲਾਭ ਲੈ ਸਕਦੇ ਹਨ। ਸਮਝਿਆ ਜਾ ਰਿਹਾ ਹੈ ਕਿ ਜਿਹੜੇ ਜੋੜੇ ਪਿਛਲੇ ਦਿਨੀਂ ਮਿਲੇ ਹਨ ਉਨ੍ਹਾਂ ਦੀ ਫੋਨ 'ਤੇ ਪਹਿਲਾਂ ਇਕ -ਦੂਜੇ ਨਾਲ ਗੱਲਬਾਤ ਹੋ ਗਈ ਸੀ। ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਦਹਿਸ਼ਤਗਰਦਾਂ ਅਤੇ ਆਈ. ਐੱਸ. ਆਈ. ਅਧਿਕਾਰੀਆਂ ਨਾਲ ਰਲ ਕੇ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਸਾਜ਼ਿਸ਼ ਪੰਜਾਬ ਜਾਂ ਭਾਰਤ ਦੇ ਖਿਲਾਫ ਰਚੀ ਜਾ ਸਕਦੀ ਹੈ। ਇਸ ਕਾਰਨ ਸੁਰੱਖਿਆ ਏਜੰਸੀਆਂ ਕਾਫੀ ਚੌਕਸ ਹੋ ਗਈਆਂ ਹਨ।

ਖੁਫੀਆ ਏਜੰਸੀਆਂ ਦੀ ਇਹ ਰਾਏ ਹੈ ਕਿ ਜੇਕਰ ਇਕ-ਦੂਜੇ ਦੇਸ਼ ਦੇ ਲੋਕਾਂ ਨੇ ਮੁਲਾਕਾਤ ਕੀਤੀ ਹੈ ਤਾਂ ਇਹ ਅਸਲ 'ਚ ਇਕ ਗੰਭੀਰ ਮਸਲਾ ਹੈ। ਦੱਸਿਆ ਜਾਂਦਾ ਹੈ ਕਿ 23 ਨਵੰਬਰ ਨੂੰ ਹਰਿਆਣਾ ਦੀ ਇਕ ਲੜਕੀ ਨੇ ਆਪਣੇ ਫੇਸਬੁੱਕ ਦੋਸਤ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਮੁਲਾਕਾਤ ਕੀਤੀ। ਇਹ ਫੇਸਬੁੱਕ ਦੋਸਤ ਪਾਕਿਸਤਾਨ 'ਚ ਰਹਿੰਦਾ ਹੈ। ਇਸੇ ਤਰ੍ਹਾਂ 11 ਨਵੰਬਰ ਨੂੰ ਅੰਮ੍ਰਿਤਸਰ ਦੇ ਇਕ ਵਿਅਕਤੀ ਨੇ ਲਾਂਘੇ ਦੇ ਜ਼ਰੀਏ ਜਾਂਦੇ ਹੋਏ ਪਾਕਿਸਤਾਨ ਸਥਿਤ ਆਪਣੀ ਔਰਤ ਦੋਸਤ ਨਾਲ ਮੁਲਾਕਾਤ ਕੀਤੀ ਜਿਹੜੀ ਲਾਹੌਰ ਵਿਚਲੀ ਪੰਜਾਬ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੀ ਸੀ।

ਇਸ ਮਗਰੋਂ, ਉਨ੍ਹਾਂ ਨੇ ਆਪਣੀਆਂ ਸਾਂਝੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ, ਜਿਸਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਮਿਲੀ। ਇਸਦਾ ਅਰਥ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ 'ਚ ਰਹਿਣ ਵਾਲੇ ਲੋਕ, ਜਿਹੜੇ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨਾਲ ਜੁੜੇ ਹੋਏ ਹਨ, ਉਹ ਕਾਰੀਡੋਰ ਦੇ ਰਾਹੀਂ ਪਾਕਿਸਤਾਨ ਪਹੁੰਚ ਕੇ ਆਸਾਨੀ ਨਾਲ ਸੰਪਰਕ ਕਰ ਸਕਦੇ ਹਨ। ਇਸ ਗੱਲ ਬਾਰੇ ਸੁਰੱਖਿਆ ਏਜੰਸੀਆਂ ਕਾਫੀ ਚੌਕਸ ਨਜ਼ਰ ਆ ਰਹੀਆਂ ਹਨ। ਲੋਕਾਂ ਦੇ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਆਦਿ 'ਤੇ, ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਜਿਹੜਾ ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਨਾਰੋਵਾਲ ਜ਼ਿਲੇ ਨਾਲ ਜੋੜਦਾ ਹੈ, ਬਾਰੇ ਆਉਣ ਵਾਲੇ ਸਮਿਆਂ 'ਚ ਸੁਰੱਖਿਆ ਏਜੰਸੀਆਂ ਦੀ ਨਜ਼ਰ ਬਣੀ ਰਹੇਗੀ ।


Baljeet Kaur

Content Editor

Related News