ਜਲੰਧਰ ਰੇਲਵੇ ਸਟੇਸ਼ਨ ਤੋਂ ਚੱਲੀਆਂ 3 ਟਰੇਨਾਂ, ਕਿਸੇ ’ਚ ਵੀ ਮੁਸਾਫਰ ਪੂਰੇ ਨਹੀਂ ਆਏ

Tuesday, Jun 02, 2020 - 09:26 AM (IST)

ਜਲੰਧਰ ਰੇਲਵੇ ਸਟੇਸ਼ਨ ਤੋਂ ਚੱਲੀਆਂ 3 ਟਰੇਨਾਂ, ਕਿਸੇ ’ਚ ਵੀ ਮੁਸਾਫਰ ਪੂਰੇ ਨਹੀਂ ਆਏ

ਜਲੰਧਰ (ਗੁਲਸ਼ਨ) : ਤਾਲਾਬੰਦੀ ਤੋਂ ਬਾਅਦ ਸੋਮਵਾਰ ਨੂੰ ਟਰੇਨਾਂ ਦਾ ਆਵਾਜਾਈ ਸ਼ੁਰੂ ਹੋ ਗਈ। ਰੇਲਵੇ ਵਿਭਾਗ ਵੱਲੋਂ ਪਹਿਲੇ ਪੜਾਅ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 100 ਜੋੜੀ ਟਰੇਨਾਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ ਅੰਮ੍ਰਿਤਸਰ ਤੋਂ ਵੀ 7 ਟਰੇਨਾਂ ਚੱਲਣਗੀਆਂ। ਪਹਿਲੇ ਦਿਨ ਅੰਮ੍ਰਿਤਸਰ ਤੋਂ 2 ਟਰੇਨਾਂ ਚੱਲੀਆਂ, ਜਿਨ੍ਹਾਂ 'ਚੋਂ ਹਰਿਦੁਆਰ ਨੂੰ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਅਤੇ ਬਿਹਾਰ ਨੂੰ ਜਾਣ ਵਾਲੀ ਸ਼ਹੀਦ ਐਕਸਪ੍ਰੈੱਸ ਸ਼ਾਮਲ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਸਿਟੀ ਰੇਲਵੇ ਸਟੇਸ਼ਨ ਤੋਂ ਉਕਤ ਟਰੇਨਾਂ 'ਚੋਂ ਇਕ 'ਚ ਵੀ ਪੂਰੇ ਮੁਸਾਫਰ ਨਹੀਂ ਸ਼ਾਮਲ ਹੋਏ। ਹਾਲਾਂਕਿ ਲੋਕਾਂ ਕੋਲ ਕਨਫਰਮ ਸੀਟਾਂ ਸਨ। ਜਾਣਕਾਰੀ ਅਨੁਸਾਰ ਹਰਿਦੁਆਰ ਜਾਣ ਵਾਲੀ ਟਰੇਨ 'ਚ ਜਲੰਧਰ ਸਿਟੀ ਤੋਂ 133 ਮੁਸਾਫਰਾਂ ਦੀ ਬੁਕਿੰਗ ਸੀ ਪਰ ਸਿਰਫ 94 ਮੁਸਾਫਰ ਹੀ ਸਟੇਸ਼ਨ ’ਤੇ ਪਹੁੰਚੇ। ਬਿਹਾਰ ਵੱਲ ਜਾਣ ਵਾਲੀ ਸ਼ਹੀਦ ਐਕਸਪ੍ਰੈੱਸ 'ਚ ਜਲੰਧਰ ਤੋਂ 64 ਮੁਸਾਫਰਾਂ ਨੇ ਬੁਕਿੰਗ ਕਰਵਾਈ ਸੀ ਪਰ ਸਿਰਫ 46 ਯਾਤਰੀ ਹੀ ਸਫਰ ਕਰਨ ਲਈ ਰਵਾਨਾ ਹੋਏ। ਇਸੇ ਤਰ੍ਹਾਂ ਵੈਸਟ ਬੰਗਾਲ ਦੀ ਨਿਊ ਜਲਪਾਈ ਗੁੜੀ ਵੱਲ ਜਾਣ ਵਾਲੀ ਸਪੈਸ਼ਲ ਟਰੇਨ ਸਿਟੀ ਸਟੇਸ਼ਨ ’ਤੋਂ ਦੁਪਹਿਰ 12 ਵਜੇ ਜਾਣੀ ਸੀ। ਇਸ ਟਰੇਨ 'ਚ ਜਾਣ ਵਾਲੇ 1440 ਮੁਸਾਫਰਾਂ ਲਈ ਟਿਕਟਾਂ ਬਣਵਾਈਆਂ ਗਈਆਂ ਸਨ ਪਰ ਸਿਰਫ 470 ਯਾਤਰੀ ਹੀ ਰਵਾਨਾ ਹੋਏ। ਟਰੇਨਾਂ ਦੇ ਚੱਲਣ ਤੋਂ ਡੇਢ ਘੰਟਾ ਪਹਿਲਾਂ ਪਹੁੰਚੇ ਮੁਸਾਫਰਾਂ ਦੀ ਪਹਿਲਾਂ ਥਰਮਲ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਸਟੇਸ਼ਨ 'ਚ ਐਂਟਰ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪੁਲਸ ਅਧਿਕਾਰੀ ਏ. ਡੀ. ਸੀ. ਪੀ.-1 ਵਤਸਲਾ ਗੁਪਤਾ ਅਤੇ ਏ. ਸੀ. ਪੀ. ਸਤਿੰਦਰ ਚੱਢਾ ਵੀ ਸਟੇਸ਼ਨ ’ਤੇ ਮੌਜੂਦ ਰਹੇ। ਉਨ੍ਹਾਂ ਦੀ ਵੀ ਥਰਮਲ ਸਕਰੀਨਿੰਗ ਹੋਈ।


author

Babita

Content Editor

Related News