ਜਿਮਖਾਨਾ ਕਲੱਬ ਦੀ ਮੈਨੇਜਮੈਂਟ ’ਤੇ ਕੇਸ ਦਰਜ ਕਰਨ ਵਾਲੀ ਜਲੰਧਰ ਪੁਲਸ ਨੇ ਕੁਝ ਹੀ ਘੰਟਿਆਂ ’ਚ ਲਿਆ ਯੂ-ਟਰਨ

Wednesday, Feb 15, 2023 - 12:12 PM (IST)

ਜਿਮਖਾਨਾ ਕਲੱਬ ਦੀ ਮੈਨੇਜਮੈਂਟ ’ਤੇ ਕੇਸ ਦਰਜ ਕਰਨ ਵਾਲੀ ਜਲੰਧਰ ਪੁਲਸ ਨੇ ਕੁਝ ਹੀ ਘੰਟਿਆਂ ’ਚ ਲਿਆ ਯੂ-ਟਰਨ

ਜਲੰਧਰ (ਖੁਰਾਣਾ)–ਜਲੰਧਰ ਦੇ ਪ੍ਰਸ਼ਾਸਨਿਕ ਖੇਤਰ ਵਿਚ ਬੀਤੇ ਦਿਨ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਜਲੰਧਰ ਪੁਲਸ ਨੇ ਜਲਦਬਾਜ਼ੀ ਜਾਂ ਦਬਾਅ ਵਿਚ ਆ ਕੇ ਪਹਿਲਾਂ ਤਾਂ ਸ਼ਹਿਰ ਦੇ ਜਲੰਧਰ ਜਿਮਖਾਨਾ ਕਲੱਬ ਦੀ ਮੈਨੇਜਮੈਂਟ ’ਤੇ ਕੇਸ ਦਰਜ ਕਰ ਲਿਆ ਪਰ ਕੁਝ ਹੀ ਘੰਟਿਆਂ ਬਾਅਦ ਪੁਲਸ ਨੂੰ ਯੂ-ਟਰਨ ਲੈਣਾ ਪਿਆ ਅਤੇ ਮੈਨੇਜਮੈਂਟ ਨੂੰ ਕਲੀਨ ਚਿੱਟ ਦੇਣੀ ਪਈ, ਜਿਸ ਤੋਂ ਬਾਅਦ ਲੇਡੀਜ਼ ਜਿਮਖਾਨਾ ਦੇ ਪ੍ਰੋਗਰਾਮ ’ਚ ਰਾਤ 11 ਵਜੇ ਤੱਕ ਸਾਊਂਡ ਵਜਾਉਣ ਵਾਲੇ ਜਸਪ੍ਰੀਤ ’ਤੇ ਮਾਮਲਾ ਦਰਜ ਕਰ ਲਿਆ ਗਿਆ। ਇਹ ਕੇਸ ਪੁਲਸ ਥਾਣਾ ਨੰਬਰ 4 ਵਿਚ ਸੋਮਵਾਰ ਰਾਤੀਂ 11.30 ਵਜੇ ਆਈ. ਪੀ. ਸੀ. ਦੀ ਧਾਰਾ 188, 3 ਆਵਾਜ਼ ਪ੍ਰਦੂਸ਼ਣ ਰੂਲਜ਼ 2000 ਤਹਿਤ ਦਰਜ ਕੀਤਾ ਗਿਆ। ਖ਼ਾਸ ਗੱਲ ਇਹ ਹੈ ਕਿ ਜਲੰਧਰ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਦੇ ਪ੍ਰਧਾਨ ਡਿਵੀਜ਼ਨਲ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਸਪਰਾ ਹਨ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨਿਭਾਅ ਰਹੇ ਹਨ।

ਮੈਨੇਜਮੈਂਟ ਵਿਚ ਇਨ੍ਹਾਂ ਤੋਂ ਇਲਾਵਾ 14 ਚੁਣੇ ਹੋਏ ਜਨ-ਪ੍ਰਤੀਨਿਧੀ ਹਨ, ਜਿਨ੍ਹਾਂ ਵਿਚ ਸੈਕਟਰੀ ਸੰਦੀਪ ਬਹਿਲ ਕੁੱਕੀ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਸੌਰਭ ਖੁੱਲਰ ਅਤੇ ਖਜ਼ਾਨਚੀ ਮੇਜਰ ਕੋਛੜ ਤੋਂ ਇਲਾਵਾ ਐਗਜ਼ੀਕਿਊਟਿਵ ਟੀਮ ਦੇ ਸ਼ਾਲੀਨ ਜੋਸ਼ੀ, ਨਿਤਿਨ ਬਹਿਲ, ਪ੍ਰੋ. ਵਿਪਨ ਝਾਂਜੀ, ਨਿਖਿਲ ਗੁਪਤਾ, ਰਾਜੂ ਸਿੱਧੂ, ਸੀ. ਏ. ਰਾਜੀਵ ਬਾਂਸਲ, ਐਡਵੋਕੇਟ ਗੁਨਦੀਪ ਸਿੰਘ ਸੋਢੀ, ਅਤੁਲ ਤਲਵਾੜ, ਮਹਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਸ਼ਾਮਲ ਹਨ। ਐਗਜ਼ੀਕਿਊਟਿਵ ਵਿਚ ਏ. ਡੀ. ਸੀ. ਪੀ. ਵਰਿੰਦਰ ਸਿੰਘ ਬਾਜਵਾ ਅਤੇ ਐੱਸ. ਡੀ. ਐੱਮ. ਬਲਬੀਰ ਰਾਜ ਵੀ ਸ਼ਾਮਲ ਹਨ। ਐੱਫ਼. ਆਈ. ਆਰ ਵਿਚ ਇੰਨੇ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਸ਼ਹਿਰ ਵਿਚ ਸਾਰਾ ਦਿਨ ਚਰਚਾਵਾਂ ਦਾ ਮਾਹੌਲ ਗਰਮ ਰਿਹਾ।

ਇਹ ਵੀ ਪੜ੍ਹੋ : ਨੌਜਵਾਨ ਕਰ ਰਿਹਾ ਸੀ ਵਿਦੇਸ਼ ਜਾਣ ਦੀ ਤਿਆਰੀ, ਕੋਰੀਅਰ ਕੰਪਨੀ ਦੀ ਇਕ ਗ਼ਲਤੀ ਨੇ ਤੋੜ ਦਿੱਤੇ ਸੁਫ਼ਨੇ

ਲੇਡੀਜ਼ ਜਿਮਖਾਨਾ ਕਲੱਬ ਨਾਲ ਜੁੜਿਆ ਹੈ ਮਾਮਲਾ
ਪਹਿਲਾਂ ਜਲੰਧਰ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਅਤੇ ਬਾਅਦ ਵਿਚ ਯੂ-ਟਰਨ ਲੈ ਕੇ ਸਾਊਂਡ ਮਾਲਕ ਦੇ ਉੱਪਰ ਜਲੰਧਰ ਕਮਿਸ਼ਨਰੇਟ ਪੁਲਸ ਨੇ ਜਿਹੜਾ ਕੇਸ ਦਰਜ ਕੀਤਾ, ਦਰਅਸਲ ਇਹ ਮਾਮਲਾ ਲੇਡੀਜ਼ ਜਿਮਖਾਨਾ ਕਲੱਬ ਨਾਲ ਜੁੜਿਆ ਹੋਇਆ ਹੈ, ਜਿਸ ਨੇ ਸੋਮਵਾਰ ਰਾਤ ਨੂੰ ਜਿਮਖਾਨਾ ਕਲੱਬ ਦੇ ਲਾਅਨ ਵਿਚ ਹਸਬੈਂਡਜ਼ ਈਵ ਨਾਂ ਦਾ ਪ੍ਰੋਗਰਾਮ ਕੀਤਾ ਸੀ। ਇਸ ਪ੍ਰੋਗਰਾਮ ਦੌਰਾਨ ਲੇਡੀਜ਼ ਜਿਮਖਾਨਾ ਕਲੱਬ ਦੇ ਮੈਂਬਰਾਨ ਅਤੇ ਉਨ੍ਹਾਂ ਦੇ ਪਤੀਆਂ ਤੋਂ ਇਲਾਵਾ ਕਲੱਬ ਮੈਂਬਰਾਂ ਨਾਲ ਸਬੰਧਤ ਪਰਿਵਾਰਾਂ ਨੇ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਸੱਦਾ-ਪੱਤਰ ’ਤੇ ਲੇਡੀਜ਼ ਜਿਮਖਾਨਾ ਕਲੱਬ ਦੀ ਪ੍ਰਧਾਨ ਗੁਰਪ੍ਰੀਤ ਕੌਰ ਸਪਰਾ (ਡਿਵੀਜ਼ਨਲ ਕਮਿਸ਼ਨਰ) ਤੋਂ ਇਲਾਵਾ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਧਰਮਪਤਨੀ ਕੰਵਰਦੀਪ ਕੌਰ (ਆਈ. ਪੀ. ਐੱਸ.) ਅਤੇ ਏ. ਡੀ. ਸੀ. ਬਾਜਵਾ ਦੀ ਧਰਮਪਤਨੀ ਮੈਡਮ ਪ੍ਰੀਤੀ ਬਾਜਵਾ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ।

ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੌਰਾਨ ਸੂਫੀ ਗਾਇਕ ਨਵੀ ਇਬਾਦਤ ਆਪਣੀ ਟੀਮ ਨਾਲ ਪ੍ਰੋਫਾਰਮ ਕਰ ਰਹੇ ਸਨ ਅਤੇ ਰਾਤ 11 ਵਜੇ ਤੋਂ ਕੁਝ ਮਿੰਟ ਪਹਿਲਾਂ ਕੁਝ ਪੁਲਸ ਕਰਮਚਾਰੀ ਪ੍ਰੋਗਰਾਮ ਬੰਦ ਕਰਵਾਉਣ ਪਹੁੰਚ ਗਏ। ਪੁਲਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਨਿਰਦੇਸ਼ ਆਏ ਹਨ ਕਿ ਦੇਰ ਰਾਤ ਡੀ. ਜੇ. ਵੱਜਣ ਨਾਲ ਇਲਾਕੇ ਵਿਚ ਆਵਾਜ਼ ਪ੍ਰਦੂਸ਼ਣ ਫੈਲ ਰਿਹਾ ਹੈ। ਪਤਾ ਲੱਗਾ ਹੈ ਕਿ ਡੀ. ਸੀ. ਆਫਿਸ ਅਤੇ ਜਲੰਧਰ ਪੁਲਸ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਮੈਨੇਜਮੈਂਟ ਨੇ ਪ੍ਰੋਗਰਾਮ ਰਾਤ 11 ਵਜੇ ਦੇ ਲਗਭਗ ਬੰਦ ਤਾਂ ਕਰਵਾ ਦਿੱਤਾ ਪਰ ਸੋਮਵਾਰ ਦੀ ਰਾਤ ਹੀ ਪੁਲਸ ਥਾਣਾ ਨੰਬਰ 4 ਵੱਲੋਂ ਮੈਨੇਜਮੈਂਟ ’ਤੇ ਐੱਫ਼. ਆਈ. ਆਰ. ਵੀ ਦਰਜ ਕਰ ਲਈ ਗਈ। ਜਦੋਂ ਸਵੇਰੇ ਕਲੱਬ ਅਹੁਦੇਦਾਰਾਂ ਨੂੰ ਉਨ੍ਹਾਂ ’ਤੇ ਦਰਜ ਹੋਈ ਐੱਫ਼. ਆਈ. ਆਰ. ਦੀ ਕਾਪੀ ਸੌਂਪੀ ਗਈ ਤਾਂ ਪ੍ਰਸ਼ਾਸਨਿਕ ਹਲਕਿਆਂ ਅਤੇ ਜਿਮਖਾਨਾ ਕਲੱਬ ਕੰਪਲੈਕਸ ’ਚ ਹੜਕੰਪ ਮਚ ਗਿਆ।

ਪੁਲਸ ਦੀ ਇਸ ਕਾਰਵਾਈ ਤੋਂ ਇਹ ਸੰਦੇਸ਼ ਗਿਆ ਕਿ ਸ਼ਹਿਰ ਦੇ ਸਰਵਉੱਚ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਪਰਚਾ ਦਰਜ ਹੋਇਆ ਹੈ। ਅਜਿਹੀ ਹਾਲਤ ਵਿਚ ਪੁਲਸ ਨੇ ਕਾਹਲੀ ਵਿਚ ਜਾਂਚ ਕਰ ਕੇ ਮੈਨੇਜਮੈਂਟ ਨੂੰ ਵੀ ਪਰਚੇ ਵਿਚ ਕਲੀਨ ਚਿੱਟ ਦੇ ਦਿੱਤੀ ਪਰ ਸਾਊਂਡ ਲਾਉਣ ਵਾਲੇ ਨੂੰ ਨਾਮਜ਼ਦ ਕਰ ਲਿਆ। ਸਾਊਂਡ ਵਾਲੇ ਦਾ ਇੰਤਜ਼ਾਮ ਲੇਡੀਜ਼ ਜਿਮਖਾਨਾ ਕਲੱਬ ਵੱਲੋਂ ਕੀਤਾ ਗਿਆ ਸੀ, ਜਿਸ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਲਈ ਬਕਾਇਦਾ ਇਜਾਜ਼ਤ ਲਈ ਗਈ ਸੀ ਅਤੇ ਅਜਿਹੇ ਪ੍ਰੋਗਰਾਮ ਕਲੱਬ ਵਿਚ ਅਕਸਰ ਹੁੰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News