ਐਕਸ਼ਨ ''ਚ ਜਲੰਧਰ ਦੇ ਮੇਅਰ: ਰੇਹੜੀਆਂ ਦੀ ਭੀੜ ਹਟਾਉਣ ’ਤੇ ਫੋਕਸ, ਲਾਇਆ ਜਾਵੇਗਾ ਕਿਊ. ਆਰ. ਕੋਡ

Wednesday, Feb 05, 2025 - 12:45 PM (IST)

ਐਕਸ਼ਨ ''ਚ ਜਲੰਧਰ ਦੇ ਮੇਅਰ: ਰੇਹੜੀਆਂ ਦੀ ਭੀੜ ਹਟਾਉਣ ’ਤੇ ਫੋਕਸ, ਲਾਇਆ ਜਾਵੇਗਾ ਕਿਊ. ਆਰ. ਕੋਡ

ਜਲੰਧਰ (ਪੁਨੀਤ)–ਦਿੱਲੀ ਚੋਣਾਂ ਤੋਂ ਵਾਪਸ ਮੁੜਦੇ ਹੀ ਮੇਅਰ ਵਿਨੀਤ ਧੀਰ ਐਕਸ਼ਨ ਮੋਡ ਵਿਚ ਨਜ਼ਰ ਆ ਰਹੇ ਹਨ। ਇਸੇ ਸਿਲਸਿਲੇ ਵਿਚ ਸ਼ਹਿਰ ਦੀ ਹਰੇਕ ਰੇਹੜੀ ’ਤੇ ਕਿਊ. ਆਰ. ਕੋਡ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ ਅਤੇ ਨਾਜਾਇਜ਼ ਅਸਥਾਈ ਕਬਜ਼ਿਆਂ ਖ਼ਿਲਾਫ਼ ਤਹਿਬਾਜ਼ਾਰੀ ਵਿਭਾਗ ਨੂੰ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਥੇ ਹੀ ਸ਼ਹਿਰ ਦੀਆਂ ਸੜਕਾਂ ਤੋਂ ਰੇਹੜੀਆਂ ਦੀ ਭੀੜ ਹਟਾਉਣ ਲਈ ਨਗਰ ਨਿਗਮ ਪਾਇਲਟ ਪ੍ਰਾਜੈਕਟ ਸ਼ੁਰੂ ਕਰ ਰਿਹਾ ਹੈ। ਇਸ ਲਈ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸ਼ੁਰੂਆਤ ਵਿਚ 5 ਥਾਵਾਂ ’ਤੇ ਸਟਰੀਟ ਵੈਂਡਿੰਗ ਜ਼ੋਨ ਬਣਾਏ ਜਾਣਗੇ।

ਮੇਅਰ ਵਿਨੀਤ ਧੀਰ ਵੱਲੋਂ ਤਹਿਬਾਜ਼ਾਰੀ ਵਿਭਾਗ ਨਾਲ ਅਹਿਮ ਮੀਟਿੰਗ ਰੱਖੀ ਗਈ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਜੁਆਇੰਟ ਕਮਿਸ਼ਨਰ ਮਨਦੀਪ ਕੌਰ, ਸੁਪਰਿੰਟੈਂਡੈਂਟ ਅਸ਼ਵਨੀ ਗਿੱਲ, ਐਡੀਸ਼ਨਲ ਕਮਿਸ਼ਨਰ ਰਾਕੇਸ਼ ਕੁਮਾਰ ਅਤੇ ਸੀਨੀਅਰ ਵਿਭਾਗੀ ਸਟਾਫ਼ ਹਾਜ਼ਰ ਰਿਹਾ। ਮੁੱਖ ਤੌਰ ’ਤੇ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਪ੍ਰਤੀ ਧਿਆਨ ਦੇਣ ਨੂੰ ਕਿਹਾ ਗਿਆ ਹੈ ਤਾਂਕਿ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ। ਉਥੇ ਹੀ ਬਾਜ਼ਾਰਾਂ ਵਿਚ ਹੋਏ ਅਸਥਾਈ ਕਬਜ਼ਿਆਂ ’ਤੇ ਵੀ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਵਿਚ ਤੁਰੰਤ ਪ੍ਰਭਾਵ ਨਾਲ ਚਲਾਨ ਕਰਨ ਨੂੰ ਕਿਹਾ ਗਿਆ ਹੈ ਤਾਂਕਿ ਨਿਗਮ ਦਾ ਰੈਵੇਨਿਊ ਵੀ ਵਧਾਇਆ ਜਾ ਸਕੇ ਅਤੇ ਕਬਜ਼ੇ ਵੀ ਹਟ ਸਕਣ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਪਵੇਗਾ ਮੀਂਹ, ਸੰਘਣੀ ਧੁੰਦ ਲਈ ਮੌਸਮ ਦਾ Yellow Alert ਜਾਰੀ

ਮੇਅਰ ਵਿਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਅਸਥਾਈ ਕਬਜ਼ਿਆਂ ਸਬੰਧੀ ਕੋਈ ਵੀ ਸ਼ਿਕਾਇਤ ਭਵਿੱਖ ਵਿਚ ਸੁਣਨ ਵਿਚ ਨਹੀਂ ਆਉਣੀ ਚਾਹੀਦੀ। ਇਨ੍ਹਾਂ ਅਸਥਾਈ ਕਬਜ਼ਿਆਂ ਵੱਲੋਂ ਸੜਕਾਂ ਨੂੰ ਤੰਗ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਟ੍ਰੈਫਿਕ ਜਾਮ ਦੀ ਸਥਿਤੀ ਬਣਦੀ ਹੈ। ਇਸੇ ਕਾਰਨ ਤਹਿਬਾਜ਼ਾਰੀ ਵਿਭਾਗ ਦੀਆਂ ਟੀਮਾਂ ਰੁਟੀਨ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਇਸ ਨਾਲ ਜਨਤਾ ਦਾ ਵੀ ਸਹਿਯੋਗ ਮਿਲੇਗਾ ਅਤੇ ਲੋਕਾਂ ਨੂੰ ਰਾਹਤ ਮਹਿਸੂਸ ਹੋਵੇਗੀ।

ਸਟਰੀਟ ਵੈਂਡਿੰਗ ਜ਼ੋਨ ਸ਼ੁਰੂ ਕਰਨ ਨੂੰ ਲੈ ਕੇ ਨਿਗਮ ਵੱਲੋਂ ਯੋਜਨਾ ਬਣਾਈ ਗਈ ਹੈ। ਇਸੇ ਤਹਿਤ ਨਿਗਮ ਵੱਲੋਂ 5-6 ਸਾਈਟਾਂ ’ਤੇ ਸ਼ੁਰੂਆਤੀ ਸਿਲਸਿਲੇ ਵਿਚ ਕੰਮ ਸ਼ੁਰੂ ਕਰਵਾਇਆ ਜਾਵੇਗਾ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਨਿਗਮ ਵੱਲੋਂ 34 ਸਾਈਟਾਂ ਦੀ ਚੋਣ ਕੀਤੀ ਗਈ ਸੀ। ਮੇਅਰ ਨੇ ਕਿਹਾ ਕਿ ਪਾਇਲਟ ਪ੍ਰਾਜੈਕਟ ਅਧੀਨ ਕੁਝ ਸਾਈਟਾਂ ਦੀ ਚੋਣ ਕਰ ਕੇ ਦੱਸੋ। ਸ਼ੁਰੂਆਤ ਅਜਿਹੀਆਂ ਸਾਈਟਾਂ ਤੋਂ ਹੋਵੇਗੀ, ਜਿੱਥੇ ਸ਼ੈੱਡ, ਬਾਥਰੂਮ, ਟਾਈਲ ਵਰਕ ਸਮੇਤ ਮੁੱਢਲੀਆਂ ਲੋੜਾਂ ਪੂਰੀਆਂ ਕਰਕੇ ਕੰਮ ਸ਼ੁਰੂ ਕਰਵਾਇਆ ਜਾ ਸਕੇ। ਇਨ੍ਹਾਂ ਸਾਈਟਾਂ ਦਾ ਮਤਾ ਹਾਊਸ ਦੀ ਮੀਟਿੰਗ ਵਿਚ ਪਾਇਆ ਜਾਵੇਗਾ ਅਤੇ 4-5 ਸਟਰੀਟ ਵੈਂਡਿੰਗ ਜ਼ੋਨ ਬਣਾ ਕੇ ਰੇਹੜੀਆਂ ਦੀ ਭੀੜ ਹਟਾਈ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਚੱਕਰਾਂ 'ਚ ਪਾ 'ਤੀ ਪੁਲਸ, ਤਲਾਸ਼ੀ ਲੈਣ ਗਏ ਤਾਂ ਰਹਿ ਗਏ ਹੈਰਾਨ

ਵੈਂਡਿੰਗ ਜ਼ੋਨ ਦਾ ਐਸਟੀਮੇਟ ਤੁਰੰਤ ਬਣੇਗਾ : ਵਿਨੀਤ ਧੀਰ
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਸਟਰੀਟ ਵੈਂਡਿੰਗ ਜ਼ੋਨ ਲਈ ਐਸਟੀਮੇਟ ਤੁਰੰਤ ਪ੍ਰਭਾਵ ਨਾਲ ਬਣਾਇਆ ਜਾਵੇ ਤਾਂ ਕਿ ਹਾਊਸ ਦੀ ਪਹਿਲੀ ਮੀਟਿੰਗ ਵਿਚ ਇਸ ਦਾ ਮਤਾ ਪਾਇਆ ਜਾ ਸਕੇ। ਨਿਗਮ 4-5 ਸਟਰੀਟ ਵੈਂਡਿੰਗ ਜ਼ੋਨ ਮਾਡਲ ਦੇ ਤੌਰ ’ਤੇ ਸ਼ੁਰੂ ਕਰੇਗਾ। ਵੈਂਡਿੰਗ ਜ਼ੋਨ ਦਾ ਉਦੇਸ਼ ਸੜਕ ’ਤੇ ਚੱਲਣ ਵਾਲੇ ਰੇਹੜੀ ਵਿਕ੍ਰੇਤਾਵਾਂ ਦੀਆਂ ਲੋੜਾਂ ਅਤੇ ਸ਼ਹਿਰੀ ਸਹੂਲਤਾਂ ਦੇ ਵਿਚਕਾਰ ਸੰਤੁਲਨ ਸਥਾਪਤ ਕਰਨਾ ਹੈ ਤਾਂ ਕਿ ਸ਼ਹਿਰ ਨੂੰ ਰੇਹੜੀਆਂ ਦੀ ਭੀੜ ਤੋਂ ਨਿਜਾਤ ਮਿਲ ਸਕੇ। ਇਸੇ ਦੇ ਆਧਾਰ ’ਤੇ ਬਾਕੀ ਥਾਵਾਂ ’ਤੇ ਵੀ ਕੰਮ ਸ਼ੁਰੂ ਕੀਤਾ ਜਾਵੇਗਾ।

1.50 ਕਰੋੜ ਕੁਲੈਕਸ਼ਨ, ਰੈਵੇਨਿਊ ’ਚ ਵਾਧੇ ਲਈ ਜਾਇਦਾਦਾਂ ਦਾ ਡਾਟਾ ਮੰਗਿਆ
ਨਿਗਮ ਨੂੰ ਆਪਣੀ ਆਮਦਨ ਦੇ ਸਾਧਨਾਂ ’ਤੇ ਵੀ ਫੋਕਸ ਕਰਨਾ ਹੋਵੇਗਾ ਤਾਂ ਕਿ ਫੰਡ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਸਿਲਸਿਲੇ ਵਿਚ ਨਿਗਮ ਦੀ ਜਿੰਨੀ ਵੀ ਪ੍ਰਾਪਰਟੀ ਹੈ, ਉਸ ਦੀ ਰਿਪੋਰਟ ਮੇਅਰ ਵੱਲੋਂ ਮੰਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਗਮ ਦੀਆਂ 256 ਪ੍ਰਾਪਰਟੀਆਂ ਹਨ, ਜਿਨ੍ਹਾਂ ਵਿਚੋਂ ਦੁਕਾਨਾਂ, ਪਲਾਟ, ਮਿਲਕ ਬਾਰ ਆਦਿ ਦਾ ਕਿਰਾਇਆ ਆਉਂਦਾ ਹੈ। ਨਿਗਮ ਨੂੰ ਇਸ ਸਮੇਂ ਤਕ ਡੇਢ ਕਰੋੜ ਦੇ ਲੱਗਭਗ ਤਹਿਬਾਜ਼ਾਰੀ ਫੀਸ ਅਤੇ ਕਿਰਾਇਆ ਮਿਲ ਚੁੱਕਾ ਹੈ। ਮੀਟਿੰਗ ਦੌਰਾਨ ਇਸ ਦੀ ਕੁਲੈਕਸ਼ਨ ਵਧਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

ਪਾਰਕਿੰਗ ਸਹੂਲਤ : 24 ’ਚੋਂ 15 ਥਾਵਾਂ ਦੇ ਲਾਏ ਗਏ ਟੈਂਡਰ
ਉਥੇ ਹੀ, ਸ਼ਹਿਰ ਵਿਚ ਨਿਗਮ ਅਧੀਨ ਪਾਰਕਿੰਗ ਸਪਾਟਸ (ਥਾਵਾਂ) ਨੂੰ ਲੈ ਕੇ ਰਿਪੋਰਟ ਮੰਗੀ ਗਈ। ਇਸ ’ਤੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਾਰਕਿੰਗ ਸਥਾਨਾਂ ਦੇ ਟੈਂਡਰ ਲਾਏ ਜਾ ਚੱੁੱਕੇ ਹਨ। 24 ਵਿਚੋਂ 15 ਥਾਵਾਂ ਦੇ ਟੈਂਡਰ ਆ ਚੁੱਕੇ ਹਨ। ਇਨ੍ਹਾਂ ਦੀ ਟੈਕਨੀਕਲ ਬੋਲੀ ਖੋਲ੍ਹੀ ਗਈ ਹੈ, ਜਦੋਂ ਕਿ ਫਾਈਨਾਂਸ਼ੀਅਲ ਬੋਲੀ ਵੀ ਜਲਦ ਖੋਲ੍ਹੀ ਜਾਵੇਗੀ। ਇਸ ’ਤੇ ਮੇਅਰ ਨੇ ਤੁਰੰਤ ਕੰਮ ਕਰਨ ਨੂੰ ਕਿਹਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਗੱਡੀਆਂ ਆਦਿ ਖੜ੍ਹੀਆਂ ਕਰਨ ਲਈ ਪਾਰਕਿੰਗ ਦੀ ਸਹੂਲਤ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਜਿਥੇ ਲੋੜ ਮਹਿਸੂਸ ਹੋ ਰਹੀ ਹੈ, ਉਥੇ ਵੀ ਪਾਰਕਿੰਗ ਦੀ ਸਹੂਲਤ ’ਤੇ ਯੋਜਨਾ ਬਣਾਈ ਜਾਵੇ।

ਵੱਖਰੇ ਰੰਗ ਦੀਆਂ ਪਲੇਟਾਂ ਤੋਂ ਹੋਵੇਗੀ ਰੇਹੜੀਆਂ ਦੀ ਪਛਾਣ, ਪੂਰਾ ਡਾਟਾ ਹੋਵੇਗਾ ਅਪਡੇਟ
ਨਿਗਮ ਵੱਲੋਂ ਇਸ ਸਮੇਂ ਅੰਦਾਜ਼ਨ 3000 ਰੇਹੜੀਆਂ ਦੀ ਪਰਚੀ ਕੱਟੀ ਜਾਂਦੀ ਹੈ, ਜਿਸ ਨਾਲ ਨਿਗਮ ਨੂੰ ਰੈਵੇਨਿਊ ਪ੍ਰਾਪਤ ਹੁੰਦਾ ਹੈ। ਉਥੇ ਹੀ, ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ 20 ਹਜ਼ਾਰ ਦੇ ਲੱਗਭਗ ਰੇਹੜੀਆਂ ਲੱਗ ਰਹੀਆਂ ਹਨ, ਜਿਸ ਦੀ ਫ਼ੀਸ ਨਿਗਮ ਨੂੰ ਵਸੂਲ ਨਹੀਂ ਹੋ ਪਾਉਂਦੀ। ਇਸੇ ਕਾਰਨ ਮੇਅਰ ਵੱਲੋਂ ਰੇਹੜੀਆਂ ਦਾ ਡਾਟਾ ਮੰਗਿਆ ਗਿਆ ਹੈ। ਇਸ ਯੋਜਨਾ ਤਹਿਤ ਸ਼ਹਿਰ ਵਿਚ ਨਜ਼ਰ ਆਉਣ ਵਾਲੀ ਹਰੇਕ ਰੇਹੜੀ ਨੂੰ ਨਿਗਮ ਆਪਣੇ ਰਿਕਾਰਡ ਵਿਚ ਲਿਆਵੇਗਾ, ਇਸ ਦੇ ਲਈ ਹਰੇਕ ਰੇਹੜੀ ’ਤੇ ਕਿਊ. ਆਰ. ਕੋਡ ਵਾਲੀ ਨੰਬਰ ਪਲੇਟ ਲਾਈ ਗਈ ਹੈ (ਜਿਹੋ-ਜਿਹੀ ਪਲੇਟ ਘਰਾਂ ਦੇ ਬਾਹਰ ਲੱਗੀ ਹੈ)।

ਰੇਹੜੀਆਂ ਨੂੰ ਵੱਖ-ਵੱਖ ਰੰਗਾਂ ਦੀਆਂ ਪਲੇਟਾਂ ਲਾਉਣ ਦੀ ਯੋਜਨਾ ਹੈ। ਸਬਜ਼ੀ ਵਾਲੀਆਂ ਰੇਹੜੀਆਂ ’ਤੇ ਹਰੀ, ਜਦਕਿ ਖਾਣ-ਪੀਣ ਵਾਲੀਆਂ ਰੇਹੜੀਆਂ ਦੀ ਵੱਖ ਪਛਾਣ ਹੋਵੇਗੀ। ਇਸ ਕਿਊ. ਆਰ. ਪਲੇਟ ਲਈ ਨਿਗਮ ਵੱਲੋਂ ਹਰੇਕ ਰੇਹੜੀ ਦੇ ਮਾਲਕ ਦਾ ਨਾਂ ਪਤਾ ਅਤੇ ਸਬੰਧਤ ਕੰਮ ਦਾ ਰਿਕਾਰਡ ਬਣਾਇਆ ਜਾਵੇਗਾ। ਰੇਹੜੀ ਦੇ ਖੜ੍ਹੇ ਹੋਣ ਜਾਂ ਫੇਰੀ ਲਾਉਣ ਵਾਲੇ ਸਥਾਨਾਂ ਨੂੰ ਵੀ ਰਿਕਾਰਡ ਵਿਚ ਦੇਣਾ ਹੋਵੇਗਾ। ਇਸ ਨਾਲ ਨਾਜਾਇਜ਼ ਰੇਹੜੀਆਂ ਦਾ ਕੰਮ ਬੰਦ ਹੋ ਜਾਵੇਗਾ ਅਤੇ ਹਰੇਕ ਰੇਹੜੀ ਦਾ ਡਾਟਾ ਅਪਡੇਟ ਹੋਵੇਗਾ। ਉਥੇ ਹੀ, ਘੁੰਮਣ ਵਾਲੀਆਂ ਰੇਹੜੀਆਂ ਸਬੰਧੀ ਵੀ ਪੂਰੀ ਰਿਪੋਰਟ ਮੰਗੀ ਗਈ ਹੈ। ਅਧਿਕਾਰੀਆਂ ਨੂੰ ਇਹ ਰਿਪੋਰਟ ਇਕ ਹਫ਼ਤੇ ਅੰਦਰ ਪੇਸ਼ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News