ਜਲੰਧਰ ’ਚ ਸੜਕ ਹਾਦਸਿਆਂ ’ਤੇ ਲੱਗੇਗੀ ਬ੍ਰੇਕ: 56 ਬਲੈਕ ਸਪਾਟਸ ਦੀ ਹੋਈ ਪਛਾਣ
Friday, Oct 10, 2025 - 04:04 AM (IST)

ਜਲੰਧਰ (ਚੋਪੜਾ) – ਜ਼ਿਲਾ ਪ੍ਰਸ਼ਾਸਨ ਨੇ ਸੜਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜ਼ਿਲੇ ਵਿਚ ਹਾਦਸਿਆਂ ਦੇ 56 ਬਲੈਕ ਸਪਾਟਸ (ਥਾਵਾਂ) ਦੀ ਪਛਾਣ ਕੀਤੀ ਹੈ। ਇਨ੍ਹਾਂ ਥਾਵਾਂ ’ਤੇ ਤੁਰੰਤ ਸੁਧਾਰਾਤਮਕ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਜਦੋਂ ਤਕ ਇਨ੍ਹਾਂ ਥਾਵਾਂ ਦਾ ਸੁਧਾਰ ਕੰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤਕ ਰਾਹਗੀਰਾਂ ਨੂੰ ਚੌਕਸ ਕਰਨ ਲਈ ਸੰਕੇਤ ਬੋਰਡ ਲਾਏ ਜਾਣ।
ਡੀ. ਸੀ. ਨੇ ਦੱਸਿਆ ਕਿ ਪਛਾਣੀਆਂ ਥਾਵਾਂ ਵਿਚ ਜਲੰਧਰ-1 ਵਿਚ 24, ਜਲੰਧਰ-2 ਵਿਚ 11, ਸ਼ਾਹਕੋਟ ਵਿਚ 9, ਨਕੋਦਰ ਵਿਚ 8, ਫਿਲੌਰ ਵਿਚ 3 ਅਤੇ ਆਦਮਪੁਰ ਸਬ-ਡਵੀਜ਼ਨ ਵਿਚ ਇਕ ਬਲੈਕ ਸਪਾਟ ਸ਼ਾਮਲ ਹਨ। ਇਹ ਸੂਚੀ ਕਈ ਮਹੀਨਿਆਂ ਤਕ ਕੀਤੇ ਗਏ ਸਰਵੇਖਣ ਅਤੇ ਰਿਪੋਰਟਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਸ ਦੇ ਇਲਾਵਾ ਪ੍ਰਸ਼ਾਸਨ ਨੇ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ੍ਹ ਚੌਕ ਵਿਚ ਨਵੀਆਂ ਟ੍ਰੈਫਿਕ ਲਾਈਟਾਂ ਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਦੀ ਲਾਗਤ 12.86 ਲੱਖ ਰੁਪਏ ਹੋਵੇਗੀ। ਇਸ ਨਾਲ ਨਾ ਸਿਰਫ ਹਾਦਸਿਆਂ ’ਤੇ ਕੰਟਰੋਲ ਹੋਵੇਗਾ, ਸਗੋਂ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਤੋਂ ਵੀ ਰਾਹਤ ਮਿਲੇਗੀ।
ਡੀ. ਸੀ. ਨੇ ਭੋਗਪੁਰ, ਆਦਮਪੁਰ ਅਤੇ ਫੋਕਲ ਪੁਆਇੰਟ ਇਲਾਕਿਆਂ ਵਿਚ ਟ੍ਰੈਫਿਕ ਪ੍ਰਬੰਧਨ ਲਈ ਉਪਾਵਾਂ ਦੀ ਸਮੀਖਿਆ ਕਰਦੇ ਹੋਏ ਪੁਲਸ ਨੂੰ ਤਿਉਹਾਰਾਂ ਦੇ ਸੀਜ਼ਨ ਵਿਚ ਗਲਤ ਢੰਗ ਨਾਲ ਵਾਹਨਾਂ ਦੀ ਪਾਰਕਿੰਗ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਐੱਨ. ਐੱਚ. ਏ. ਆਈ. ਨੂੰ ਨਿਰਦੇਸ਼ ਦਿੱਤਾ ਕਿ ਸਰਵਿਸ ਲੇਨ ਦੇ ਮਿਲਾਨ ਬਿੰਦੂਆਂ ’ਤੇ ਬਲਿੰਕਰ ਅਤੇ ਰਿਫਲੈਕਟਰ ਲਾਏ ਜਾਣ। ਉਨ੍ਹਾਂ ਟ੍ਰੈਫਿਕ ਪੁਲਸ ਨੂੰ 27 ਅਕਤੂਬਰ ਤਕ ਸਾਰੀਆਂ ਕਾਰਜਸ਼ੀਲ ਟ੍ਰੈਫਿਕ ਲਾਈਟਾਂ ਦੀ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ।
ਮੀਟਿੰਗ ਵਿਚ ਏ. ਡੀ. ਸੀ. ਜਸਬੀਰ ਿਸੰਘ (ਅਰਬਨ ਡਿਵੈੱਲਪਮੈਂਟ), ਏ. ਡੀ. ਸੀ. (ਜਨਰਲ) ਅਮਨਿੰਦਰ ਕੌਰ ਬਰਾੜ, ਆਰ. ਟੀ. ਓ. ਅਮਨਪਾਲ ਸਿੰਘ, ਸਹਾਇਕ ਕਮਿਸ਼ਨਰ ਰੋਹਿਤ ਜਿੰਦਲ, ਏ. ਆਰ. ਟੀ. ਓ. ਵਿਸ਼ਾਲ ਗੋਇਲ ਅਤੇ ਕਮਲੇਸ਼ ਕੁਮਾਰੀ, ਰੋਡ ਸੇਫਟੀ ਕਮੇਟੀ ਦੇ ਸਟੇਟ ਮੈਂਬਰ ਵਿਨੋਦ ਅਗਰਵਾਲ, ਜ਼ਿਲਾ ਮੈਂਬਰ ਸੁਰਿੰਦਰ ਸੈਣੀ ਅਤੇ ਹੋਰ ਮੈਂਬਰ ਤੇ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।