ਜਲੰਧਰ: ਨਿਜਾਤਮ ਨਗਰ ਦੀ ਕੋਰੋਨਾ ਪੀੜਤ ਔਰਤ ਦੇ ਪਰਿਵਾਰ ਦੀ ਰਿਪੋਰਟ ਆਈ ਨੈਗੇਟਿਵ

Monday, Mar 30, 2020 - 06:22 PM (IST)

ਜਲੰਧਰ: ਨਿਜਾਤਮ ਨਗਰ ਦੀ ਕੋਰੋਨਾ ਪੀੜਤ ਔਰਤ ਦੇ ਪਰਿਵਾਰ ਦੀ ਰਿਪੋਰਟ ਆਈ ਨੈਗੇਟਿਵ

ਜਲੰਧਰ (ਰੱਤਾ)— ਦੇਸ਼ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਇਸ ਸਮੇਂ ਜਿੱਥੇ ਦਹਿਸ਼ਤ ਫੈਲੀ ਹੋਈ ਹੈ, ਉਥੇ ਹੀ ਜਲੰਧਰ ਵਾਸੀਆਂ ਲਈ ਐਤਵਾਰ ਦਾ ਦਿਨ ਸ਼ੁਭ ਰਿਹਾ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਜਿਹੜੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ, ਉਨ੍ਹਾਂ 'ਚੋਂ ਐਤਵਾਰ ਨੂੰ 14 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਕੁਝ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਸੰਕਟ ਦਰਮਿਆਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ  

ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਨਵੇਂ ਦਾਖਲ ਹੋਏ ਕੋਰੋਨਾ ਵਾਇਰਸ ਦੇ ਸ਼ੱਕੀ 22 ਮਰੀਜ਼ਾਂ ਦੇ ਸੈਂਪਲ ਲੈਬਾਰਟਰੀ 'ਚ ਜਾਂਚ ਲਈ ਭੇਜੇ ਹਨ। ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਾਂ ਨਹੀਂ।

ਕੋਰੋਨਾ ਵਾਇਰਸ ਨਾਲ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ
ਬੀਤੇ ਦਿਨੀਂ ਨਿਜਾਤਮ ਨਗਰ ਵਾਸੀ ਜਿਸ ਔਰਤ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ, ਉਸ ਮਹਿਲਾ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਐਲਾਨ, ਕਰਫਿਊ ਦੇ ਚੱਲਦਿਆਂ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ    

ਸਿਵਲ 'ਚ ਦਾਖਲ ਹਨ 4 ਪਾਜ਼ੀਟਿਵ ਅਤੇ 42 ਸ਼ੱਕੀ ਮਰੀਜ਼
ਸਿਵਲ ਹਸਪਤਾਲ 'ਚ ਦਾਖਲ ਜਿਨ੍ਹਾਂ ਮਰੀਜ਼ਾਂ ਦੀ ਐਤਵਾਰ ਨੂੰ ਰਿਪੋਰਟ ਨੈਗੇਟਿਵ ਆਈ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਿਵਲ ਹਸਪਤਾਲ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ 4 ਪਾਜ਼ੀਟਿਵ ਅਤੇ 42 ਸ਼ੱਕੀ ਮਰੀਜ਼ ਦਾਖਲ ਹਨ ਅਤੇ ਪਾਜ਼ੀਟਿਵ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।

ਸੂਬੇ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ
ਦੱਸ ਦੇਈਏ ਕਿ ਪੰਜਾਬ 'ਚ ਸਭ ਤੋਂ ਪਹਿਲਾਂ ਨਵਾਂਸ਼ਹਿਰ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ, ਜਿਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ। ਬੀਤੀ ਰਾਤ ਵੀ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਹੋਈ ਹੈ, ਜਿਸ ਦੀ ਉਮਰ 60-65 ਸਾਲ ਦੇ ਕਰੀਬ ਦੀ ਸੀ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਰੋਨਾ ਵਾਇਰਸ ਦੇ 39 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪੰਜਾਬ 'ਚ ਕੋਰੋਨਾ ਪੀੜਤਾਂ ਦੇ ਜਿਹੜੇ ਮਾਮਲੇ ਪਾਏ ਗਏ ਹਨ, ਉਨ੍ਹਾਂ 'ਚ ਨਵਾਂਸ਼ਹਿਰ ਦੇ 19, ਮੋਹਾਲੀ ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5 ਅਤੇ ਇਕ-ਇਕ ਮਾਮਲਾ ਅੰਮ੍ਰਿਤਸਰ ਅਤੇ ਲੁਧਿਆਣਾ 'ਚ ਸਾਹਮਣੇ ਆਇਆ ਹੈ। ਇਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਕ ਨੂੰ ਦੂਜੀ ਜਾਂਚ ਦੀ ਰਿਪੋਰਟ ਠੀਕ ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


author

shivani attri

Content Editor

Related News