ਜਲੰਧਰ: ਪੁਲਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਤੋਂ ਮੁਲਜ਼ਮ ਫਰਾਰ

Tuesday, Jul 02, 2019 - 06:03 PM (IST)

ਜਲੰਧਰ: ਪੁਲਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਤੋਂ ਮੁਲਜ਼ਮ ਫਰਾਰ

ਜਲੰਧਰ (ਵਿਕਰਮ, ਸੋਨੂੰ, ਮ੍ਰਿਦੁਲ)— ਸਨੈਚਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ 'ਚੋਂ ਅੱਜ ਫਰਾਰ ਹੋ ਗਿਆ। ਦਰਅਸਲ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਸ ਨੇ ਬੀਤੇ ਦਿਨ ਅੰਕੁਸ਼ ਨਾਂ ਦੇ ਨੌਜਵਾਨ ਨੂੰ ਸਨੈਚਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਅੱਜ ਪੁਲਸ ਨੂੰ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ। ਮੁਲਜ਼ਮ ਸਿਵਲ ਹਸਪਤਾਲ ਦੇ ਬਲੱਡ ਡਿਪਾਰਟਮੈਂਟ 'ਚ ਭੀੜ ਹੋਣ ਕਾਰਨ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜ ਗਿਆ। ਮਾਮਲੇ ਸਬੰਧੀ ਥਾਣਾ ਨੰਬਰ 4 ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesariਥਾਣਾ ਨੰਬਰ 6 ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ 29 ਜੂਨ ਨੂੰ ਉਨ੍ਹਾਂ ਦੇ ਥਾਣੇ 'ਚ ਤਾਇਨਾਤ ਏ. ਐੱਸ. ਆਈ. ਭਗਵੰਤ ਸਿੰਘ ਨੇ ਬਸਤੀ ਸ਼ੇਖ ਦੇ ਕੋਟ ਮੁਹੱਲੇ 'ਚ ਰਹਿੰਦੇ ਅੰਕੁਸ਼ ਕੁਮਾਰ ਅਤੇ ਸੁਮੇਸ਼ ਹੰਸ ਨੂੰ ਮਾਡਲ ਟਾਊਨ 'ਚ ਬਾਈਕ 'ਤੇ ਪੀੜਤ ਗੁਰਦੀਪ ਕੌਰ ਦਾ ਪਰਸ ਖੋਹਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ, ਜਿਸ ਵਿਚ ਲਗਭਗ 19 ਹਜ਼ਾਰ ਦਾ ਕੈਸ਼ ਅਤੇ ਐਪਲ ਦਾ ਆਈਫੋਨ ਸੀ। ਏ. ਐੱਸ. ਆਈ. ਭਗਵੰਤ ਸਿੰਘ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਮਾਮਲੇ ਨੂੰ ਲੈ ਕੇ ਦੋਵਾਂ ਮੁਲਜ਼ਮਾਂ ਨੂੰ ਜਦੋਂ ਕੋਰਟ ਵਿਚ ਪੇਸ਼ ਕੀਤਾ ਤਾਂ ਉਨ੍ਹਾਂ ਦਾ ਦੋ ਦਿਨਾਂ ਦਾ ਰਿਮਾਂਡ ਮਿਲਿਆ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਇਕ ਹੋਰ ਸਨੈਚਰ ਬਾਰੇ ਦੱਸਿਆ ਜੋ ਉਨ੍ਹਾਂ ਦੇ ਇਲਾਕੇ ਦਾ ਰਹਿਣ ਵਾਲਾ ਯੋਗੇਸ਼ ਸੀ ਅਤੇ ਜਿਸ ਦਾ ਇਕ ਦਿਨ ਦਾ ਰਿਮਾਂਡ ਮਿਲਿਆ ਸੀ। ਤਿੰਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਅੱਜ ਕੋਰਟ ਲੈ ਕੇ ਜਾਣਾ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਲਈ ਲੈ ਕੇ ਗਏ ਸੀ, ਜਿੱਥੇ ਉਹ ਬਲੱਡ ਲੈਬਾਰਟਰੀ 'ਚ ਜਦੋਂ ਚੈੱਕਅਪ ਕਰਵਾਉਣ ਲਈ ਲੈ ਕੇ ਗਏ ਤਾਂ ਉਥੇ ਕਾਫੀ ਭੀੜ ਸੀ, ਜਿਸ ਦੌਰਾਨ ਉਕਤ ਮੁਲਜ਼ਮ ਅੰਕੁਸ਼ ਏ. ਐੱਸ. ਆਈ. ਭਗਵੰਤ ਸਿੰਘ ਦੇ ਨਾਲ ਆਏ 4 ਹੈੱਡ ਕਾਂਸਟੇਬਲਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਧੱਕਾ ਦੇਣ ਤੋਂ ਬਾਅਦ ਮੁਲਜ਼ਮ ਪਹਿਲਾਂ ਜੱਚਾ-ਬੱਚਾ ਵਾਰਡ ਵੱਲ ਭੱਜਿਆ, ਜਿੱਥੋਂ ਪੁਲਸ ਨੂੰ ਚਕਮਾ ਦੇ ਕੇ ਮੁਲਜ਼ਮ ਕਾਰੀਡੋਰ ਵਿਚ ਪੈਂਦੀ ਸ਼ੈੱਡ ਤੋਂ ਛਾਲ ਮਾਰ ਕੇ ਸਿਵਲ ਹਸਪਤਾਲ ਦੇ ਪਿਛਲੇ ਗੇਟ ਤੋਂ ਫਰਾਰ ਹੋ ਗਿਆ। 

PunjabKesari

ਮਾਮਲੇ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਸਿਵਲ ਹਸਪਤਾਲ ਦੇ ਸਾਹਮਣੇ ਥਾਣਾ ਨੰਬਰ 4 ਦੀ ਪੁਲਸ ਸਣੇ ਏ. ਸੀ. ਪੀ. ਮਾਡਲ ਟਾਊਨ ਅਤੇ ਐੱਸ. ਐੱਚ. ਓ. 6 ਸੁਰਜੀਤ ਸਿੰਘ ਮੌਕੇ 'ਤੇ ਪਹੁੰਚੇ। ਥਾਣਾ ਨੰਬਰ 4 ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਬਾਰੇ ਤਿੰਨਾਂ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਲੈ ਕੇ ਆਏ ਏ. ਐੱਸ. ਆਈ. ਭਗਵੰਤ ਸਿੰਘ ਦੇ ਬਿਆਨਾਂ 'ਤੇ ਧਾਰਾ 224 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਸੁੱਚਾ ਸਿਘ ਕਰ ਰਹੇ ਹਨ।
6 ਮਹੀਨੇ ਪਹਿਲਾਂ ਹੀ ਪਰਤਿਆ ਸੀ ਫਰਾਰ ਮੁਲਜ਼ਮ ਅੰਕੁਸ਼
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤੋਂ ਫਰਾਰ ਹੋਣ ਵਾਲਾ ਮੁਲਜ਼ਮ 6 ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤਿਆ ਸੀ। ਉਥੇ ਉਸ ਦਾ ਪਤਨੀ ਨਾਲ ਕਿਸੇ ਕਾਰਨ ਝਗੜਾ ਹੋਇਆ, ਜਿਸ ਤੋਂ ਬਾਅਦ ਉਹ ਆਸਟਰੇਲੀਆ ਤੋਂ ਵਾਪਸ ਆ ਗਿਆ। ਇਥੇ ਪੈਸੇ ਖਤਮ ਹੋਣ ਤੋਂ ਬਾਅਦ ਆਪਣੇ ਦੋਸਤ ਸੁਮੇਸ਼ ਦੇ ਕਹਿਣ 'ਤੇ ਹੈਰੋਇਨ ਪੀਣ ਲੱਗਾ। ਚਿੱਟੇ ਦਾ ਆਦੀ ਹੋਣ ਤੋਂ ਬਾਅਦ ਉਹ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਲੱਗਾ। ਉਥੇ ਮਾਮਲੇ ਸਬੰਧੀ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਦੀ ਕਸਟਡੀ 'ਚੋਂ ਮੁਲਜ਼ਮ ਦੇ ਭੱਜਣ ਤੋਂ ਬਾਅਦ ਕੀ ਮੁਲਾਜ਼ਮਾਂ ਦੀ ਹੋਵੇਗੀ ਸਸਪੈਂਸਨ!
ਦੱਸਣਯੋਗ ਹੈ ਕਿ ਪੁਲਸ ਦੀ ਕਸਟਡੀ 'ਚੋਂ ਸਨੈਚਿੰਗ ਦਾ ਮੁਲਜ਼ਮ ਭੱਜਣ ਤੋਂ ਬਾਅਦ ਕੀ ਪੁਲਸ ਕਮਿਸ਼ਨਰ ਏ. ਐੱਸ. ਆਈ. ਜਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਡਿਪਾਰਟਮੈਂਟਲ ਇਨਕੁਆਰੀ ਖੋਲ੍ਹਣਗੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੈ।


author

shivani attri

Content Editor

Related News